ਸੁਰਿੰਦਰਪਾਲ ਸਿੰਘ, ਸ੍ਰੀ ਅੰਮ੍ਰਿਤਸਰ ਸਾਹਿਬ | Updated on Friday, November 13, 2026 13:28 PM IST
ਨਿੱਕੇ ਜਿਹੇ ਹੱਥਾਂ ਵਿੱਚ ਵੱਡੇ ਵੱਡੇ ਸੁਫ਼ਨੇ ਪਾਲਦੀ
ਅੱਖਾਂ ਵਿੱਚ ਚਮਕ ਗਿਆਨ ਦੀ ਨਵੀਆਂ ਪੁਲਾਂਘਾਂ ਭਾਲਦੀ।
ਹੌਸਲੇ ਦੀ ਉਂਗਲ ਫੜ ਕੇ ਮੰਜ਼ਿਲ ਵੱਲ ਜਾਵੇ ਚੜ੍ਹਦੀ
ਅਕਸ਼ਰਾ ਜੋ ਸਰਕਾਰੀ ਕੰਨਿਆ ਸਕੂਲ ਅਜਨਾਲੇ ਹੈ ਪੜ੍ਹਦੀ।।
ਪ੍ਰਸ਼ਨਾਂ ਦੇ ਚੰਗਿਆੜਿਆਂ ਵਿੱਚੋਂ ਨਵੇਂ ਵਿਚਾਰ ਜਗਾਏ
ਖੋਜਾਂ ਦੇ ਅੰਬਰ ਉੱਤੇ ਆਪਣੇ ਨਾਂ ਦੀ ਤਖ਼ਤੀ ਖੁਣਦੀ ਜਾਏ।
ਵਿਗਿਆਨ ਦੀ ਰੌਸ਼ਨੀ ਲੈ ਕੇ ਅਣਜਾਣੇ ਪੰਧ ਨਿਹਾਰੇ
ਮਿਹਨਤ ਤੇ ਦ੍ਰਿੜ੍ਹ ਇਰਾਦੇ ਬਣ ਗਏ ਉਸ ਦੇ ਸਹਾਰੇ।।
ਜ਼ਿਲ੍ਹੇ ਦੇ ਵਿਗਿਆਨ ਮੇਲੇ ਵਿੱਚ ਪ੍ਰਤਿਭਾ ਰੰਗ ਲਿਆਈ
ਤੀਜਾ ਸਥਾਨ ਹਾਸਲ ਕਰਕੇ ਮਾਪਿਆਂ ਦੀ ਸ਼ਾਨ ਵਧਾਈ।
ਚਮਕ ਉੱਠਿਆ ਨਾਂ ਅਕਸ਼ਰਾ ਦਾ ਸਕੂਲ ਦਾ ਮਾਣ ਵਧਾਇਆ
ਇਹ ਸਨਮਾਨ ਪ੍ਰਤੱਖ ਹੈ ਮਿਹਨਤ ਨੇ ਮੁੱਲ ਪਾਇਆ।।
ਪਰ ਮੈਡਲਾਂ ਦੀ ਚਮਕ ਤੋਂ ਵੱਡੀ ਸੋਚ ਦੀ ਰੌਸ਼ਨਾਈ
ਹਰ ਨਵੇਂ ਸਵਾਲ ਦੇ ਅੰਦਰ ਇੱਕ ਨਵੀਂ ਖੋਜ ਸਮਾਈ।
ਜਿਹੜੇ ਮਨ ਵਿੱਚ ਤਾਂਘ ਹੋਵੇ ਉਹ ਕਦੇ ਨਾ ਦੁੱਖ ਮਨਾਉਂਦੇ
ਔਖੇ ਤੋਂ ਔਖੇ ਰਾਹਾਂ ਉੱਤੇ ਨਵੀਆਂ ਮੰਜ਼ਿਲਾਂ ਪਾਉਂਦੇ।।
ਨੀ ਅਕਸ਼ਰਾ! ਤੂੰ ਖੰਭ ਖਿਲਾਰ ਅੰਬਰ ਉਡਾਰੀਆਂ ਮਾਰ
ਗਿਆਨ ਦੀ ਜੋਤ ਜਗਾ ਕੇ ਰੌਸ਼ਨ ਕਰ ਸੰਸਾਰ।
ਨਾ ਔਕੜ ਤੋਂ ਡਰੀਂ ਕਦੇ ਤੂੰ ਨਾ ਹਾਰ ਤੋਂ ਘਬਰਾਈਂ
ਹੌਸਲੇ ਦੀ ਕਲਮ ਨਾਲ ਆਪਣੀ ਤਕਦੀਰ ਲਿਖ ਜਾਈਂ।।
ਅੱਜ ਮਿਲਿਆ ਜੋ ਮਾਣ ਹੈ ਤੁਹਾਨੂੰ ਕੱਲ੍ਹ ਦੀ ਨੀਂਹ ਬੁਣੇਗਾ
ਅੱਜ ਦਾ ਇਹ ਨਿੱਕਾ ਕਦਮ ਕੱਲ੍ਹ ਨੂੰ ਇਤਿਹਾਸ ਖੁਣੇਗਾ।
ਗਿਆਨ ਤੁਹਾਡੀ ਤਾਕਤ ਬਣੇ ਅਤੇ ਵਿਗਿਆਨ ਉਡਾਣ
ਹਰ ਦਿਨ ਨਵੀਂ ਪ੍ਰਾਪਤੀ ਹੋਵੇ ਹਰ ਪਲ ਮਿਲੇ ਨਵੀਂ ਪਛਾਣ।।
ਸਲਾਮ ਤੇਰੇ ਹੌਸਲੇ ਨੂੰ ਅਤੇ ਸਲਾਮ ਤੁਹਾਡੀ ਉਡਾਰੀ
ਤੁਸੀਂ ਸਿਰਫ਼ ਜੇਤੂ ਧੀ ਨਹੀਂ ਤੁਸੀਂ ਹੋ ਆਸਾਂ ਦੀ ਫੁਲਕਾਰੀ।
ਅੱਜ ਤੀਜਾ ਸਥਾਨ ਮਾਣਿਆ ਕੱਲ੍ਹ ਹੋਰ ਬੁਲੰਦੀਆਂ ਨਾਪਣਾ
ਅਕਸ਼ਰਾ! ਤੁਸੀਂ ਤਾਰਿਆਂ ਤੋਂ ਵੀ ਅੱਗੇ ਆਪਣਾ ਨਾਂ ਛਾਪਣਾ।।