ਗਿਆਨ ਦੀ ਕਿਆਰੀ ਵਿੱਚ ਖਿੜਿਆ ਇੱਕ ਫੁੱਲ ਪਿਆਰਾ ਰੱਬੀ ਨੂਰ ਦੀ ਲੋਅ ਨਾਲ ਚਮਕੇ ਅਕਸ਼ਰਾ ਨਾਮ ਉਜਿਆਰਾ।
ਉਸਦੇ ਸੁਫ਼ਨਿਆਂ ਦੀ ਪਟਾਰੀ ਅੰਬਰ ਜਿੰਨੀ ਵਿਸ਼ਾਲ ਹੌਸਲਿਆਂ ਦੀ ਉਡਾਰੀ ਹੋਰਾਂ ਲਈ ਬਣੇ ਮਿਸਾਲ।।
ਰੰਗਾਂ ਦੀ ਉਹ ਰਾਣੀ ਬਣ ਸੁਫ਼ਨੇ ਕੈਨਵਸ ’ਤੇ ਸਜਾਵੇ ਖਾਲੀ ਪੰਨਿਆਂ ਦੀ ਹਿੱਕ ਉੱਤੇ ਜਾਦੂਮਈ ਚਿੱਤਰ ਬਣਾਵੇ।
ਕੂਚੀ ਦੀ ਹਰ ਛੋਹ ਵਿੱਚ ਕਲਪਨਾ ਦੇ ਰੰਗ ਨਿਰਾਲੇ ਚਿੱਤਰਾਂ ਵਿੱਚੋਂ ਬੋਲਣ ਲੱਗਣ ਅਹਿਸਾਸ ਪਿਆਰੇ।।
ਉਸਦੀ ਕਲਾ ਦੀ ਹਰ ਇੱਕ ਲਕੀਰ ਦਿਲ ਦੀ ਬਾਤ ਸੁਣਾਵੇ ਰੰਗਾਂ ਦੇ ਮੋਤੀਆਂ ਨਾਲ ਉਹ ਸੁਫ਼ਨਿਆਂ ਦੇ ਹਾਰ ਬਣਾਵੇ।
ਜਿੱਥੇ ਸ਼ਬਦ ਵੀ ਚੁੱਪ ਹੋ ਜਾਂਦੇ ਉਸ ਦੇ ਚਿੱਤਰ ਬੋਲਦੇ ਅਕਸ਼ਰਾ ਦੇ ਮਨ ਅੰਦਰ ਕੁਦਰਤ ਦੇ ਭੇਤ ਖੋਲਦੇ।।
ਜਦੋਂ ਮੰਚ ’ਤੇ ਆ ਉਹ ਕਲਾ ਦੀਆਂ ਰਿਸ਼ਮਾਂ ਜਗਾਵੇ ਸਰੋਤਿਆਂ ਦੇ ਦਿਲਾਂ ਅੰਦਰ ਰੂਹ ਫੂਕਦੀ ਜਾਵੇ।
ਉਹ ਬੋਲਾਂ ਦੀ ਸਰਦਾਰ ਅਤੇ ਬੁਲੰਦ ਜਜ਼ਬੇ ਦੀ ਅਸਵਾਰ ਹਰ ਮਹਿਫ਼ਲ ਨੂੰ ਰੌਸ਼ਨ ਕਰਦੀ ਬਣ ਕੇ ਚਾਨਣ-ਧਾਰ।।
ਉਸਦੇ ਸ਼ਬਦਾਂ ਵਿੱਚ ਜਜ਼ਬਾ ਰਹਿੰਦੀ ਕਲਾ ਵਿੱਚ ਮਗਨ ਸੁਣਨ ਵਾਲਿਆਂ ਦੇ ਮਨ ਅੰਦਰ ਉਠਾਵੇ ਪ੍ਰੇਰਨਾ ਦੀ ਲਗਨ।
ਨਾ ਕੋਈ ਹੱਦ ਉਸਦੇ ਸੁਫ਼ਨਿਆਂ ਦੀ ਨਾ ਕੋਈ ਰੋਕ ਉਡਾਰੀ ਹਰ ਚੁਣੌਤੀ ਨੂੰ ਜਿੱਤਣ ਵਾਲੀ ਹਿੰਮਤ ਦੀ ਉਹ ਪੁਜਾਰੀ।।
ਵੱਖਰੀ ਸੋਚ, ਵੱਖਰੀ ਪਹਿਚਾਣ, ਵੱਖਰਾ ਉਸਦਾ ਸੰਸਾਰ ਅਕਸ਼ਰਾ ਦੇ ਨਾਮ ਨਾਲ ਰੌਸ਼ਨ ਹੋਵੇ ਸਿੱਖਿਆ ਦਾ ਦਰਬਾਰ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਨਾਲਾ(ਕੁ) ਅੱਠਵੀਂ ਵਿੱਚ ਪੜ੍ਹਦੀ ਕਲਾ ਦੇ ਅੰਬਰ ਵਿੱਚ ਹਜ਼ਾਰਾਂ ਖੁਆਬ ਨਿੱਤ ਬੁਣਦੀ।।
ਤੂੰ ਸਿਰਫ਼ ਇੱਕ ਨਾਮ ਨਹੀਂ ਤੂੰ ਹੈ ਰੰਗਾਂ ਦੀ ਕਹਾਣੀ ਤੂੰ ਹੌਸਲੇ ਦੀ ਆਵਾਜ਼ ਅਤੇ ਤੂੰ ਸੁਫ਼ਨਿਆਂ ਦੀ ਰਾਣੀ।
ਤੇਰੇ ਅੰਦਰ ਰੱਬ ਨੇ ਸਜਾਈ ਪ੍ਰਤਿਭਾ ਦੀ ਫੁਲਕਾਰੀ ਅਕਸ਼ਰਾ, ਤੇਰੀ ਚਮਕ ਰਹੇ ਸਦਾ, ਜਗ ਤੋਂ ਵੀ ਨਿਆਰੀ ।।