ਚੰਡੀਗੜ੍ਹ/ਨਿਊਯਾਰਕ, 9 ਨਵੰਬਰ (ਮੰਗਤ ਸਿੰਘ ਸੈਦਪੁਰ)। ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ, ਰਿਚਮੰਡ ਹਿੱਲ, ਨਿਊਯਾਰਕ ਵਿਖੇ ਐਤਵਾਰ, 8 ਨਵੰਬਰ ਨੂੰ ਬੰਦੀ ਛੋੜ ਦਿਵਸ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ। ਪ੍ਰਬੰਧਕ ਕਮੇਟੀ ਅਤੇ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਹੋਏ ਸਮਾਗਮ ਦੌਰਾਨ ਸਵੇਰੇ 9:30 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਇਸ ਉਪਰੰਤ ਦੀਵਾਨਾਂ ਵਿੱਚ ਗੁਰਬਾਣੀ ਕੀਰਤਨ, ਕਥਾ ਅਤੇ ਗੁਰਮਤਿ ਵਿਚਾਰ ਹੋਏ। ਮੁੱਖ ਗ੍ਰੰਥੀ ਗਿਆਨੀ ਧਰਮਵੀਰ ਸਿੰਘ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਬੰਦੀ ਛੋੜ ਦਿਵਸ ਦੇ ਇਤਿਹਾਸ ਬਾਰੇ ਸੰਗਤ ਨਾਲ ਵਿਚਾਰ ਸਾਂਝੇ ਕੀਤੇ।
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਤਿੰਦਰ ਸਿੰਘ ਬੋਪਾਰਾਏ ਨੇ ਸੰਗਤ ਨੂੰ ਵਧਾਈ ਦਿੱਤੀ ਅਤੇ ਸਮਾਜਿਕ ਤੇ ਧਾਰਮਿਕ ਕਾਰਜਾਂ ਵਿੱਚ ਸਹਿਯੋਗ ਦੀ ਗੱਲ ਕੀਤੀ। ਬੂਟਾ ਸਿੰਘ ਖੜੌਦ ਸਮੇਤ ਵੱਖ-ਵੱਖ ਬੁਲਾਰਿਆਂ ਨੇ ਨਵੰਬਰ 1984 ਦੀ ਸਿੱਖ ਵਿਰੋਧੀ ਹਿੰਸਾ, ਇਤਿਹਾਸਕ ਘਟਨਾਵਾਂ ਅਤੇ ਸਿੱਖਾਂ ਦੇ ਸਿਆਸੀ ਹੱਕਾਂ ਬਾਰੇ ਆਪਣੇ ਵਿਚਾਰ ਰੱਖੇ।
ਪ੍ਰਬੰਧਕਾਂ ਵੱਲੋਂ ਸਾਂਝੀ ਜਾਣਕਾਰੀ ਅਨੁਸਾਰ ਸਮਾਗਮ ਦੌਰਾਨ ਪਰਵਿੰਦਰ ਸਿੰਘ ਖਾਲਸਾ (ਝੋਟਾ) ਦੀ ਤਸਵੀਰ ਗੈਲਰੀ ਵਿੱਚ ਲਗਾਈ ਗਈ। ਕੁਝ ਬੁਲਾਰਿਆਂ ਨੇ ਪੰਜਾਬ ਦੇ ਸਿਆਸੀ ਭਵਿੱਖ ਅਤੇ ਰੈਫਰੈਂਡਮ ਮੁਹਿੰਮ ਬਾਰੇ ਵੀ ਗੱਲ ਕੀਤੀ।
ਸਮਾਗਮ ਵਿੱਚ ਕੋਆਰਡੀਨੇਟਰ ਹਿੰਮਤ ਸਿੰਘ, ਸੁਰਜੀਤ ਸਿੰਘ ਕੁਲਾਰ, ਗੁਰਦੇਵ ਸਿੰਘ ਕੰਗ, ਹਰਬੰਸ ਸਿੰਘ ਢਿੱਲੋਂ, ਟਹਿਲ ਸਿੰਘ, ਭਗਤ ਸਿੰਘ ਡੇਕਵਾਲਾ, ਰਜਿੰਦਰ ਸਿੰਘ, ਜਿੰਦਰ ਸਿੰਘ, ਲਖਵਿੰਦਰ ਸਿੰਘ, ਜੋਗਾ ਸਿੰਘ, ਕਲਵੰਤ ਸਿੰਘ ਮਿਆਣੀ, ਬੂਟਾ ਸਿੰਘ ਚੀਮਾ ਅਤੇ ਹੋਰ ਨੁਮਾਇੰਦੇ ਹਾਜ਼ਰ ਰਹੇ। ਮਾਲਵਾ ਬ੍ਰਦਰਜ਼, ਗੁਰੂ ਰਾਮਦਾਸ ਵੈਲਫੇਅਰ ਸੁਸਾਇਟੀ, ਸੰਤ ਪ੍ਰੇਮ ਸਿੰਘ ਸੁਸਾਇਟੀ ਅਤੇ ਹੋਰ ਸੰਸਥਾਵਾਂ ਦੇ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ।
ਅੰਤ ਵਿੱਚ ਪ੍ਰਬੰਧਕਾਂ ਨੇ ਸੰਗਤ ਅਤੇ ਸਹਿਯੋਗੀ ਜਥੇਬੰਦੀਆਂ ਦਾ ਧੰਨਵਾਦ ਕੀਤਾ।