ਔਕਲੈਂਡ, 21 ਨਵੰਬਰ (ਹਰਜਿੰਦਰ ਸਿੰਘ ਬਸਿਆਲਾ) — ਨਿਊਜ਼ੀਲੈਂਡ ਵਿੱਚ 12 ਨਵੰਬਰ ਨੂੰ ਐੱਨਸੀਈਏ ਲੈਵਲ 2 ਅੰਗਰੇਜ਼ੀ ਦੀ ਡਿਜੀਟਲ ਪ੍ਰੀਖਿਆ ਦੌਰਾਨ ਆਈ ਤਕਨੀਕੀ ਖ਼ਰਾਬੀ ਮਗਰੋਂ ਵਿਦਿਆਰਥੀਆਂ ਨੂੰ ਪੇਪਰ ਦੁਬਾਰਾ ਦੇਣ ਦਾ ਮੌਕਾ ਮਿਲੇਗਾ। ਨਿਊਜ਼ੀਲੈਂਡ ਕੁਆਲੀਫਿਕੇਸ਼ਨਜ਼ ਅਥਾਰਟੀ ਨੇ ਸ਼ੁੱਕਰਵਾਰ, 4 ਦਸੰਬਰ ਦੀ ਸਵੇਰ ਲਈ ਕਾਗਜ਼ ਉੱਤੇ ਪ੍ਰੀਖਿਆ ਦਾ ਪ੍ਰਬੰਧ ਕੀਤਾ ਹੈ।
ਪਹਿਲੀ ਪ੍ਰੀਖਿਆ ਦੌਰਾਨ ਡਿਜੀਟਲ ਪ੍ਰਣਾਲੀ ਹੌਲੀ ਪੈਣ ਜਾਂ ਕੁਨੈਕਸ਼ਨ ਟੁੱਟਣ ਕਾਰਨ ਕਈ ਵਿਦਿਆਰਥੀਆਂ ਦੇ ਜਵਾਬ ਪ੍ਰਭਾਵਿਤ ਹੋਏ ਸਨ। ਸਿੱਖਿਆ ਮੰਤਰੀ ਐਰਿਕਾ ਸਟੈਨਫੋਰਡ ਨੇ ਦੂਜਾ ਮੌਕਾ ਦੇਣ ਦੇ ਫ਼ੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਵੱਸ ਤੋਂ ਬਾਹਰ ਦੀ ਤਕਨੀਕੀ ਖ਼ਰਾਬੀ ਕਾਰਨ ਨੁਕਸਾਨ ਨਹੀਂ ਹੋਣਾ ਚਾਹੀਦਾ।
ਦੁਬਾਰਾ ਪ੍ਰੀਖਿਆ ਦੇਣਾ ਲਾਜ਼ਮੀ ਨਹੀਂ ਹੈ। ਜਿਹੜੇ ਵਿਦਿਆਰਥੀ ਪਹਿਲੇ ਪੇਪਰ ਵਿੱਚ ਆਪਣੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਹਨ ਜਾਂ ਜਿਨ੍ਹਾਂ ਲਈ ਸਕੂਲ ਦੇ ਮੁਲਾਂਕਣ ਦੇ ਆਧਾਰ ’ਤੇ ਗ੍ਰੇਡ ਬਣਦਾ ਹੈ, ਉਹ ਨਵਾਂ ਪੇਪਰ ਨਾ ਦੇਣ ਦਾ ਫ਼ੈਸਲਾ ਕਰ ਸਕਦੇ ਹਨ।