Sunday, 29 November 2026
BREAKING
• ਮੁਹਾਲੀ ਦੇ ਤਿੰਨ ਪਿੰਡਾਂ ਵਿੱਚ 651 ਪ੍ਰਾਪਰਟੀ ਕਾਰਡ ਵੰਡੇ ਗਏ — ਵਿਧਾਇਕ ਕੁਲਵੰਤ ਸਿੰਘ • ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ, ‘ਆਪ’ ਨੇ ਦੋ ਸੂਚੀਆਂ ਵਿੱਚ 17 ਉਮੀਦਵਾਰ ਐਲਾਨੇ • ਰਾਏਕੋਟ ਦੇ ਕਈ ਇਲਾਕਿਆਂ ਵਿੱਚ 27 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ • ਡਾਕ ਸੇਵਾਵਾਂ ਲਈ 1,141 ਕਰੋੜ ਅਤੇ ਡਾਕ ਵਿਭਾਗ ਦੀਆਂ ਇਮਾਰਤਾਂ ਲਈ 1,491 ਕਰੋੜ ਰੁਪਏ ਮਨਜ਼ੂਰ • ਭਾਰਤ ਵਿੱਚ ਉਸਾਰੀ ਮਸ਼ੀਨਰੀ ਬਣਾਉਣ ਲਈ 11,000 ਕਰੋੜ ਰੁਪਏ ਦੀ ਯੋਜਨਾ ਮਨਜ਼ੂਰ • ਜਨਕਪੁਰ ਧਾਮ ਤੋਂ ਅਯੁੱਧਿਆ ਲਈ ਰੇਲਗੱਡੀ ਨੂੰ ਹਰੀ ਝੰਡੀ, ਹਫ਼ਤਾਵਾਰੀ ਸੇਵਾ 28 ਨਵੰਬਰ ਤੋਂ • ਭਾਰਤ ਵਿੱਚ ਐੱਚਪੀਵੀ ਟੀਕੇ ਦੀਆਂ ਇੱਕ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ • ਜੇਈਈ ਮੇਨ 2027 ਲਈ ਲੇਟ ਫ਼ੀਸ ਨਾਲ ਅਰਜ਼ੀਆਂ ਸ਼ੁਰੂ, 26 ਨਵੰਬਰ ਤੱਕ ਮੌਕਾ • ਪੰਜਾਬ ਪੁਲਿਸ ਵੱਲੋਂ 581 ਥਾਵਾਂ ’ਤੇ ਛਾਪੇ, 243 ਗ੍ਰਿਫ਼ਤਾਰੀਆਂ ਤੇ ਪੰਜ ਹਥਿਆਰ ਬਰਾਮਦ • ਖੰਨਾ ਵਿੱਚ ਦੋ ਏਟੀਐੱਮ ਨਿਸ਼ਾਨਾ ਬਣੇ, ਸਮਰਾਲਾ ਰੋਡ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ

Article

ਛੋਟੀਆਂ-ਛੋਟੀਆਂ ਖੁਸ਼ੀਆਂ ਨਾਲ ਹੀ ਬਣਦੀ ਹੈ ਜ਼ਿੰਦਗੀ ਦੀ ਵੱਡੀ ਦੀਵਾਲੀ

ਗੁਰਭਿੰਦਰ ਗੁਰੀ | Updated on Saturday, November 07, 2026 22:48 PM IST

ਜ਼ਿੰਦਗੀ ਦੀ ਅਸਲ ਖ਼ੂਬਸੂਰਤੀ ਮਹਿੰਗੇ ਤੋਹਫ਼ਿਆਂ ਅਤੇ ਵੱਡੀਆਂ ਪ੍ਰਾਪਤੀਆਂ ਵਿੱਚ ਨਹੀਂ, ਸਗੋਂ ਦਿਲ ਨੂੰ ਸਕੂਨ ਦੇਣ ਵਾਲੇ ਨਿੱਕੇ-ਨਿੱਕੇ ਪਲਾਂ ਵਿੱਚ ਲੁਕੀ ਹੁੰਦੀ ਹੈ

ਇੱਕ ਮੁਸਕਾਨ, ਪਿਆਰ ਦੇ ਦੋ ਬੋਲ, ਕਿਸੇ ਦੀ ਮਦਦ ਲਈ ਵਧਿਆ ਹੋਇਆ ਹੱਥ ਅਤੇ ਕਿਸੇ ਆਪਣੇ ਨਾਲ ਬੈਠ ਕੇ ਪੀਤੀ ਚਾਹ ਦੀ ਇੱਕ ਪਿਆਲੀ—ਇਹ ਉਹ ਨਿੱਕੀਆਂ-ਨਿੱਕੀਆਂ ਖੁਸ਼ੀਆਂ ਹਨ, ਜਿਨ੍ਹਾਂ ਨਾਲ ਜ਼ਿੰਦਗੀ ਦਾ ਵਿਹੜਾ ਮਹਿਕ ਉੱਠਦਾ ਹੈ।

ਇਨਸਾਨ ਦੀ ਜ਼ਿੰਦਗੀ ਵੀ ਦੀਵਾਲੀ ਦੇ ਤਿਉਹਾਰ ਵਰਗੀ ਹੈ। ਜਿਵੇਂ ਇੱਕ ਦੀਵੇ ਤੋਂ ਦੂਜਾ ਦੀਵਾ ਜਗਦਾ ਹੈ ਅਤੇ ਹੌਲੀ-ਹੌਲੀ ਸਾਰਾ ਘਰ ਰੌਸ਼ਨੀ ਨਾਲ ਭਰ ਜਾਂਦਾ ਹੈ, ਉਸੇ ਤਰ੍ਹਾਂ ਜ਼ਿੰਦਗੀ ਵਿੱਚ ਮਿਲਣ ਵਾਲੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਇਕੱਠੀਆਂ ਹੋ ਕੇ ਖੁਸ਼ੀਆਂ ਦਾ ਵੱਡਾ ਸੰਸਾਰ ਸਿਰਜ ਦਿੰਦੀਆਂ ਹਨ। ਅਸੀਂ ਅਕਸਰ ਵੱਡੀਆਂ ਖੁਸ਼ੀਆਂ ਦੀ ਉਡੀਕ ਕਰਦੇ ਰਹਿੰਦੇ ਹਾਂ, ਪਰ ਇਸ ਉਡੀਕ ਵਿੱਚ ਉਹ ਨਿੱਕੇ-ਨਿੱਕੇ ਪਲ ਗੁਆ ਬੈਠਦੇ ਹਾਂ, ਜਿਹੜੇ ਅਸਲ ਵਿੱਚ ਸਾਡੀ ਜ਼ਿੰਦਗੀ ਨੂੰ ਜਿਊਣ ਯੋਗ ਬਣਾਉਂਦੇ ਹਨ।

ਕਦੇ ਸੋਚ ਕੇ ਦੇਖੋ, ਕਿਸੇ ਅਣਜਾਣੇ ਇਨਸਾਨ ਨੂੰ ਮੁਸਕਰਾ ਕੇ ਮਿਲਣਾ, ਕਿਸੇ ਉਦਾਸ ਚਿਹਰੇ ਨੂੰ ਹਸਾ ਦੇਣਾ, ਕਿਸੇ ਪਰੇਸ਼ਾਨ ਵਿਅਕਤੀ ਦੀ ਗੱਲ ਧਿਆਨ ਨਾਲ ਸੁਣ ਲੈਣਾ, ਕਿਸੇ ਬਜ਼ੁਰਗ ਦਾ ਹਾਲ-ਚਾਲ ਪੁੱਛ ਲੈਣਾ ਜਾਂ ਕਿਸੇ ਲੋੜਵੰਦ ਦੇ ਹੱਥ ਵਿੱਚ ਸਹਾਇਤਾ ਦਾ ਨਿੱਕਾ ਜਿਹਾ ਤੋਹਫ਼ਾ ਰੱਖ ਦੇਣਾ—ਇਹ ਕੰਮ ਕਰਨ ਲਈ ਨਾ ਕਿਸੇ ਵੱਡੀ ਦੌਲਤ ਦੀ ਲੋੜ ਹੁੰਦੀ ਹੈ ਅਤੇ ਨਾ ਹੀ ਕਿਸੇ ਵੱਡੇ ਅਹੁਦੇ ਦੀ। ਇਸ ਲਈ ਸਿਰਫ਼ ਇੱਕ ਚੰਗੇ ਦਿਲ ਦੀ ਲੋੜ ਹੁੰਦੀ ਹੈ।

ਕਈ ਵਾਰ ਕਿਸੇ ਆਪਣੇ ਨਾਲ ਬੈਠ ਕੇ ਪੀਤੀ ਚਾਹ ਦੀ ਇੱਕ ਪਿਆਲੀ ਵੀ ਮਹਿੰਗੇ ਰੈਸਟੋਰੈਂਟਾਂ ਦੀਆਂ ਦਾਅਵਤਾਂ ਨਾਲੋਂ ਵੱਧ ਸਕੂਨ ਦੇ ਜਾਂਦੀ ਹੈ। ਮਾਂ ਦੇ ਹੱਥ ਦੀ ਰੋਟੀ, ਪਿਤਾ ਦੀ ਪਿਆਰ ਭਰੀ ਸਲਾਹ, ਬੱਚਿਆਂ ਦੀ ਮਾਸੂਮ ਹਾਸੀ, ਪੁਰਾਣੇ ਦੋਸਤ ਦਾ ਅਚਾਨਕ ਫ਼ੋਨ ਅਤੇ ਕਿਸੇ ਆਪਣੇ ਵੱਲੋਂ ਪੁੱਛਿਆ ਗਿਆ ਇਹ ਸਵਾਲ ਕਿ 'ਤੂੰ ਠੀਕ ਤਾਂ ਹੈਂ?'—ਇਹ ਅਜਿਹੀਆਂ ਦੌਲਤਾਂ ਹਨ, ਜਿਨ੍ਹਾਂ ਦੀ ਕੀਮਤ ਕਿਸੇ ਬਾਜ਼ਾਰ ਵਿੱਚ ਨਹੀਂ ਲੱਗ ਸਕਦੀ।

ਜ਼ਿੰਦਗੀ ਦੀ ਸਭ ਤੋਂ ਵੱਡੀ ਵਿਡੰਬਨਾ ਇਹ ਹੈ ਕਿ ਇਨਸਾਨ ਵੱਡਾ ਬਣਨ ਦੀ ਦੌੜ ਵਿੱਚ ਕਈ ਵਾਰ ਛੋਟੀਆਂ ਖੁਸ਼ੀਆਂ ਨੂੰ ਪਿੱਛੇ ਛੱਡ ਦਿੰਦਾ ਹੈ। ਉਹ ਵੱਡੇ ਘਰ, ਮਹਿੰਗੀ ਗੱਡੀ, ਬੈਂਕ ਬੈਲੈਂਸ ਅਤੇ ਸਮਾਜ ਵਿੱਚ ਆਪਣੀ ਪਛਾਣ ਬਣਾਉਣ ਲਈ ਦਿਨ-ਰਾਤ ਮਿਹਨਤ ਕਰਦਾ ਹੈ, ਪਰ ਕਈ ਵਾਰ ਉਸ ਕੋਲ ਆਪਣੇ ਪਰਿਵਾਰ ਨਾਲ ਬੈਠ ਕੇ ਦੋ ਪਲ ਹੱਸਣ ਦਾ ਸਮਾਂ ਵੀ ਨਹੀਂ ਹੁੰਦਾ। ਜਦੋਂ ਉਹ ਪਿੱਛੇ ਮੁੜ ਕੇ ਦੇਖਦਾ ਹੈ ਤਾਂ ਸਮਝ ਆਉਂਦੀ ਹੈ ਕਿ ਜ਼ਿੰਦਗੀ ਦੇ ਸਭ ਤੋਂ ਸੋਹਣੇ ਪਲ ਤਾਂ ਉਹ ਸਨ, ਜਿਨ੍ਹਾਂ ਨੂੰ ਉਸ ਨੇ ਕਦੇ ਮਹੱਤਵ ਹੀ ਨਹੀਂ ਦਿੱਤਾ।

ਦੀਵਾਲੀ ਦਾ ਅਸਲ ਸੰਦੇਸ਼ ਵੀ ਇਹੀ ਹੈ

ਦੀਵਾਲੀ ਸਿਰਫ਼ ਘਰਾਂ ਦੀਆਂ ਛੱਤਾਂ, ਦਰਵਾਜ਼ਿਆਂ ਅਤੇ ਵਿਹੜਿਆਂ ਵਿੱਚ ਦੀਵੇ ਜਗਾਉਣ ਦਾ ਤਿਉਹਾਰ ਨਹੀਂ ਹੈ। ਇਹ ਦਿਲਾਂ ਵਿੱਚ ਰੌਸ਼ਨੀ ਪੈਦਾ ਕਰਨ, ਆਪਸੀ ਪਿਆਰ ਵਧਾਉਣ ਅਤੇ ਦੂਜਿਆਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਵੰਡਣ ਦਾ ਮੌਕਾ ਵੀ ਹੈ।

ਜਿਵੇਂ ਦੀਵਿਆਂ ਦੀ ਇੱਕ ਛੋਟੀ ਜਿਹੀ ਲੌ ਹਨੇਰੇ ਨਾਲ ਲੜਦੀ ਹੈ, ਉਸੇ ਤਰ੍ਹਾਂ ਇਨਸਾਨ ਦਾ ਇੱਕ ਚੰਗਾ ਕੰਮ ਕਿਸੇ ਦੂਜੇ ਦੀ ਜ਼ਿੰਦਗੀ ਵਿੱਚ ਉਮੀਦ ਦੀ ਕਿਰਨ ਬਣ ਸਕਦਾ ਹੈ। ਜੇਕਰ ਅਸੀਂ ਇਸ ਦੀਵਾਲੀ 'ਤੇ ਕਿਸੇ ਗਰੀਬ ਪਰਿਵਾਰ ਦੇ ਘਰ ਮਠਿਆਈ ਦਾ ਡੱਬਾ ਪਹੁੰਚਾ ਦੇਈਏ, ਕਿਸੇ ਇਕੱਲੇ ਬਜ਼ੁਰਗ ਨਾਲ ਕੁਝ ਸਮਾਂ ਬਿਤਾ ਲਈਏ, ਕਿਸੇ ਲੋੜਵੰਦ ਬੱਚੇ ਦੀ ਪੜ੍ਹਾਈ ਵਿੱਚ ਮਦਦ ਕਰ ਦੇਈਏ ਜਾਂ ਕਿਸੇ ਨਾਰਾਜ਼ ਆਪਣੇ ਨੂੰ ਪਿਆਰ ਨਾਲ ਗਲ ਲਾ ਲਈਏ ਤਾਂ ਸ਼ਾਇਦ ਇਹ ਸਾਡੀ ਸਭ ਤੋਂ ਖੂਬਸੂਰਤ ਦੀਵਾਲੀ ਹੋਵੇਗੀ।

ਕਿਉਂਕਿ ਤਿਉਹਾਰਾਂ ਦੀ ਅਸਲ ਖੁਸ਼ੀ ਆਪਣੇ ਲਈ ਖਰੀਦਦਾਰੀ ਕਰਨ ਵਿੱਚ ਹੀ ਨਹੀਂ, ਸਗੋਂ ਦੂਜਿਆਂ ਦੇ ਚਿਹਰਿਆਂ ਉੱਤੇ ਮੁਸਕਾਨ ਲਿਆਉਣ ਵਿੱਚ ਵੀ ਹੈ।

ਰਿਸ਼ਤਿਆਂ ਦੀ ਰੌਸ਼ਨੀ ਕਦੇ ਮੱਧਮ ਨਾ ਹੋਣ ਦਿਓ

ਅੱਜ ਦੇ ਤੇਜ਼ ਰਫ਼ਤਾਰ ਦੌਰ ਵਿੱਚ ਮੋਬਾਈਲ ਫ਼ੋਨਾਂ ਨੇ ਦੁਨੀਆ ਨੂੰ ਨੇੜੇ ਤਾਂ ਕਰ ਦਿੱਤਾ ਹੈ, ਪਰ ਕਈ ਵਾਰ ਦਿਲਾਂ ਦੀਆਂ ਦੂਰੀਆਂ ਵਧਾ ਦਿੱਤੀਆਂ ਹਨ। ਇੱਕੋ ਘਰ ਵਿੱਚ ਬੈਠੇ ਪਰਿਵਾਰਕ ਮੈਂਬਰ ਵੀ ਆਪਣੇ-ਆਪਣੇ ਫ਼ੋਨਾਂ ਵਿੱਚ ਰੁੱਝੇ ਰਹਿੰਦੇ ਹਨ। ਪਹਿਲਾਂ ਲੋਕ ਸ਼ਾਮ ਨੂੰ ਇਕੱਠੇ ਬੈਠ ਕੇ ਦਿਨ ਭਰ ਦੀਆਂ ਗੱਲਾਂ ਸਾਂਝੀਆਂ ਕਰਦੇ ਸਨ, ਹਾਸੇ-ਮਜ਼ਾਕ ਹੁੰਦਾ ਸੀ ਅਤੇ ਦੁੱਖ-ਸੁੱਖ ਵੰਡੇ ਜਾਂਦੇ ਸਨ। ਅੱਜ ਉਹ ਪਲ ਹੌਲੀ-ਹੌਲੀ ਘੱਟਦੇ ਜਾ ਰਹੇ ਹਨ।

ਸਾਨੂੰ ਮੁੜ ਉਨ੍ਹਾਂ ਛੋਟੀਆਂ ਖੁਸ਼ੀਆਂ ਵੱਲ ਪਰਤਣ ਦੀ ਲੋੜ ਹੈ। ਆਪਣੇ ਮਾਪਿਆਂ ਕੋਲ ਬੈਠੀਏ, ਬੱਚਿਆਂ ਨਾਲ ਖੇਡੀਏ, ਦੋਸਤਾਂ ਨੂੰ ਸਮਾਂ ਦੇਈਏ ਅਤੇ ਰਿਸ਼ਤਿਆਂ ਵਿੱਚ ਪਿਆਰ ਦੀ ਗਰਮਾਹਟ ਬਣਾਈ ਰੱਖੀਏ। ਕਿਉਂਕਿ ਜਦੋਂ ਰਿਸ਼ਤੇ ਜਿਊਂਦੇ ਰਹਿੰਦੇ ਹਨ ਤਾਂ ਜ਼ਿੰਦਗੀ ਦੀ ਰੌਣਕ ਵੀ ਕਾਇਮ ਰਹਿੰਦੀ ਹੈ।

ਖੁਸ਼ੀਆਂ ਵੰਡਣ ਨਾਲ ਘਟਦੀਆਂ ਨਹੀਂ, ਸਗੋਂ ਵਧਦੀਆਂ ਹਨ

ਇੱਕ ਖ਼ੂਬਸੂਰਤ ਗੱਲ ਇਹ ਵੀ ਹੈ ਕਿ ਖੁਸ਼ੀਆਂ ਅਜਿਹੀ ਦੌਲਤ ਹਨ, ਜਿਹੜੀਆਂ ਵੰਡਣ ਨਾਲ ਘਟਦੀਆਂ ਨਹੀਂ, ਸਗੋਂ ਹੋਰ ਵਧਦੀਆਂ ਹਨ। ਕਿਸੇ ਦੀ ਸਫ਼ਲਤਾ 'ਤੇ ਦਿਲੋਂ ਵਧਾਈ ਦੇਣਾ, ਕਿਸੇ ਦੀ ਤਰੱਕੀ ਦੇਖ ਕੇ ਖੁਸ਼ ਹੋਣਾ ਅਤੇ ਕਿਸੇ ਦੀ ਮੁਸ਼ਕਲ ਵਿੱਚ ਉਸ ਦੇ ਨਾਲ ਖੜ੍ਹਨਾ ਇਨਸਾਨੀਅਤ ਦੀਆਂ ਉਹ ਖੂਬੀਆਂ ਹਨ, ਜਿਹੜੀਆਂ ਸਮਾਜ ਨੂੰ ਸੋਹਣਾ ਬਣਾਉਂਦੀਆਂ ਹਨ।

ਸਾਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਅਸੀਂ ਕਿਸੇ ਲਈ ਕਿੰਨਾ ਵੱਡਾ ਕੰਮ ਕਰ ਸਕਦੇ ਹਾਂ, ਸਗੋਂ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਅੱਜ ਕਿਸੇ ਦੀ ਜ਼ਿੰਦਗੀ ਵਿੱਚ ਖੁਸ਼ੀ ਦਾ ਇੱਕ ਨਿੱਕਾ ਜਿਹਾ ਪਲ ਕਿਵੇਂ ਜੋੜ ਸਕਦੇ ਹਾਂ।

ਕਈ ਵਾਰ ਇੱਕ ਚੰਗਾ ਬੋਲ ਕਿਸੇ ਟੁੱਟੇ ਹੋਏ ਹੌਸਲੇ ਨੂੰ ਮੁੜ ਖੜ੍ਹਾ ਕਰ ਦਿੰਦਾ ਹੈ। ਇੱਕ ਸੱਚੀ ਮੁਸਕਾਨ ਕਿਸੇ ਦੀ ਉਦਾਸੀ ਦੂਰ ਕਰ ਦਿੰਦੀ ਹੈ ਅਤੇ ਇੱਕ ਨਿੱਕੀ ਜਿਹੀ ਮਦਦ ਕਿਸੇ ਪਰਿਵਾਰ ਲਈ ਵੱਡਾ ਸਹਾਰਾ ਬਣ ਜਾਂਦੀ ਹੈ।

ਜ਼ਿੰਦਗੀ ਬਹੁਤ ਛੋਟੀ ਹੈ। ਇਸ ਨੂੰ ਗਿਲੇ-ਸ਼ਿਕਵਿਆਂ, ਈਰਖਾ, ਨਫ਼ਰਤ ਅਤੇ ਦਿਖਾਵੇ ਵਿੱਚ ਬਰਬਾਦ ਕਰਨ ਦੀ ਬਜਾਏ ਪਿਆਰ, ਮੁਸਕਾਨ ਅਤੇ ਸਾਂਝੀਵਾਲਤਾ ਨਾਲ ਜੀਣਾ ਸਿੱਖਣਾ ਚਾਹੀਦਾ ਹੈ। ਹਰ ਦਿਨ ਨੂੰ ਇੱਕ ਨਵੀਂ ਸ਼ੁਰੂਆਤ ਸਮਝੋ। ਕਿਸੇ ਨੂੰ ਖੁਸ਼ ਕਰਨ ਲਈ ਕਿਸੇ ਖ਼ਾਸ ਦਿਨ ਦੀ ਉਡੀਕ ਨਾ ਕਰੋ। ਕਿਉਂਕਿ ਖੁਸ਼ੀਆਂ ਮਨਾਉਣ ਲਈ ਨਾ ਕੋਈ ਵੱਡਾ ਮੌਕਾ ਚਾਹੀਦਾ ਹੈ ਅਤੇ ਨਾ ਹੀ ਕਿਸੇ ਵੱਡੀ ਪ੍ਰਾਪਤੀ ਦੀ ਲੋੜ ਹੁੰਦੀ ਹੈ।

ਯਾਦ ਰੱਖੋ, ਇੱਕ-ਇੱਕ ਦੀਵਾ ਜਗਦਾ ਹੈ ਤਾਂ ਦੀਵਾਲੀ ਬਣਦੀ ਹੈ ਅਤੇ ਇੱਕ-ਇੱਕ ਖੁਸ਼ੀ ਜੁੜਦੀ ਹੈ ਤਾਂ ਜ਼ਿੰਦਗੀ ਖੂਬਸੂਰਤ ਬਣਦੀ ਹੈ।

ਆਓ, ਇਸ ਦੀਵਾਲੀ 'ਤੇ ਆਪਣੇ ਘਰਾਂ ਦੇ ਨਾਲ-ਨਾਲ ਆਪਣੇ ਦਿਲਾਂ ਵਿੱਚ ਵੀ ਦੀਵੇ ਜਗਾਈਏ। ਕਿਸੇ ਦੀ ਜ਼ਿੰਦਗੀ ਵਿੱਚ ਮੁਸਕਾਨ ਬਣੀਏ, ਕਿਸੇ ਦੇ ਦੁੱਖ ਦਾ ਸਹਾਰਾ ਬਣੀਏ ਅਤੇ ਕਿਸੇ ਦੀ ਖੁਸ਼ੀ ਦਾ ਕਾਰਨ ਬਣੀਏ।

ਕਿਉਂਕਿ ਅਸਲ ਦੀਵਾਲੀ ਉਹ ਨਹੀਂ ਜੋ ਸਿਰਫ਼ ਇੱਕ ਰਾਤ ਨੂੰ ਰੌਸ਼ਨ ਕਰੇ, ਅਸਲ ਦੀਵਾਲੀ ਤਾਂ ਉਹ ਹੈ ਜੋ ਕਿਸੇ ਦੇ ਦਿਲ ਵਿੱਚ ਸਾਰੀ ਉਮਰ ਲਈ ਚਾਨਣ ਕਰ ਜਾਵੇ।

ਛੋਟੀਆਂ-ਛੋਟੀਆਂ ਖੁਸ਼ੀਆਂ ਨੂੰ ਸੰਭਾਲ ਕੇ ਰੱਖੋ, ਕਿਉਂਕਿ ਇਨ੍ਹਾਂ ਨਾਲ ਹੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਬਣਦੀ ਹੈ।

ਗੁਰਭਿੰਦਰ ਗੁਰੀ

Have something to say? Post your comment
X