ਚੰਡੀਗੜ੍ਹ (ਗੁਰਭਿੰਦਰ ਗੁਰੀ) – ਤਿਉਹਾਰਾਂ ਦਾ ਮੌਸਮ ਆਉਂਦਿਆਂ ਹੀ ਹਰ ਘਰ ਵਿੱਚ ਖ਼ੁਸ਼ੀਆਂ, ਉਤਸ਼ਾਹ ਅਤੇ ਚਾਅ ਦਾ ਮਾਹੌਲ ਬਣ ਜਾਂਦਾ ਹੈ। ਖ਼ਾਸ ਕਰਕੇ ਦੀਵਾਲੀ ਦਾ ਤਿਉਹਾਰ ਭਾਰਤੀ ਸੱਭਿਆਚਾਰ ਵਿੱਚ ਖ਼ੁਸ਼ੀਆਂ, ਰੌਸ਼ਨੀ, ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਪਰ ਇਸ ਵਾਰ ਵਧਦੀ ਮਹਿੰਗਾਈ ਨੇ ਗ਼ਰੀਬ ਅਤੇ ਮੱਧਵਰਗੀ ਪਰਿਵਾਰਾਂ ਦੀਆਂ ਤਿਉਹਾਰੀ ਖ਼ੁਸ਼ੀਆਂ ਨੂੰ ਕਾਫ਼ੀ ਹੱਦ ਤੱਕ ਪ੍ਰਭਾਵਿਤ ਕੀਤਾ ਹੈ। ਹਾਲਾਤ ਇਹ ਬਣ ਗਏ ਹਨ ਕਿ ਆਮ ਪਰਿਵਾਰਾਂ ਲਈ ਦੀਵਾਲੀ ਮਨਾਉਣੀ ਵੀ ਇੱਕ ਵੱਡੀ ਆਰਥਿਕ ਚੁਣੌਤੀ ਬਣਦੀ ਜਾ ਰਹੀ ਹੈ। ਇੱਕ ਪਾਸੇ ਰਸੋਈ ਦੇ ਜ਼ਰੂਰੀ ਸਾਮਾਨ ਦੀਆਂ ਕੀਮਤਾਂ ਲਗਾਤਾਰ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ, ਦੂਜੇ ਪਾਸੇ ਮਠਿਆਈਆਂ, ਫਲਾਂ, ਸੁੱਕੇ ਮੇਵਿਆਂ ਅਤੇ ਹੋਰ ਤਿਉਹਾਰੀ ਵਸਤਾਂ ਦੀਆਂ ਕੀਮਤਾਂ ਨੇ ਘਰੇਲੂ ਬਜਟ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਇਸ ਸਬੰਧੀ ਉੱਘੀ ਲੇਖਿਕਾ ਅਤੇ ਸਮਾਜ ਸੇਵਕਾ ਸਿਮਰਨਜੀਤ ਕੌਰ ਨੇ ਕਿਹਾ ਕਿ ਮਹਿੰਗਾਈ ਦਾ ਸਭ ਤੋਂ ਵੱਧ ਬੋਝ ਹਮੇਸ਼ਾ ਗ਼ਰੀਬ ਅਤੇ ਮਿਹਨਤਕਸ਼ ਵਰਗ ਨੂੰ ਸਹਿਣਾ ਪੈਂਦਾ ਹੈ। ਜਿਹੜੇ ਪਰਿਵਾਰ ਆਪਣੀ ਰੋਜ਼ਾਨਾ ਦੀ ਕਮਾਈ ਨਾਲ ਘਰ ਦਾ ਗੁਜ਼ਾਰਾ ਚਲਾਉਂਦੇ ਹਨ, ਉਨ੍ਹਾਂ ਲਈ ਤਿਉਹਾਰਾਂ ਦੇ ਦਿਨਾਂ ਵਿੱਚ ਵਧੇ ਹੋਏ ਖ਼ਰਚੇ ਪੂਰੇ ਕਰਨੇ ਬੇਹੱਦ ਮੁਸ਼ਕਲ ਹੋ ਜਾਂਦੇ ਹਨ। ਕਈ ਘਰਾਂ ਵਿੱਚ ਹਾਲਾਤ ਇਹ ਹਨ ਕਿ ਬੱਚਿਆਂ ਦੀਆਂ ਛੋਟੀਆਂ-ਛੋਟੀਆਂ ਖ਼ੁਸ਼ੀਆਂ ਪੂਰੀਆਂ ਕਰਨ ਤੋਂ ਪਹਿਲਾਂ ਹੀ ਪਰਿਵਾਰ ਦੇ ਮੁਖੀ ਨੂੰ ਰੋਟੀ, ਦਾਲ, ਸਬਜ਼ੀ, ਤੇਲ, ਆਟਾ ਅਤੇ ਹੋਰ ਬੁਨਿਆਦੀ ਲੋੜਾਂ ਦੇ ਖ਼ਰਚਿਆਂ ਦੀ ਚਿੰਤਾ ਸਤਾਉਣ ਲੱਗਦੀ ਹੈ।
ਉਨ੍ਹਾਂ ਕਿਹਾ ਕਿ ਦੀਵਾਲੀ ਵਰਗੇ ਖ਼ੁਸ਼ੀਆਂ ਭਰੇ ਤਿਉਹਾਰ ਮੌਕੇ ਹਰ ਮਾਪੇ ਦੀ ਇੱਛਾ ਹੁੰਦੀ ਹੈ ਕਿ ਉਹ ਆਪਣੇ ਬੱਚਿਆਂ ਲਈ ਮਠਿਆਈਆਂ, ਨਵੇਂ ਕੱਪੜੇ ਅਤੇ ਘਰ ਲਈ ਕੁਝ ਖ਼ਾਸ ਸਾਮਾਨ ਖ਼ਰੀਦ ਸਕੇ, ਪਰ ਮਹਿੰਗਾਈ ਕਾਰਨ ਕਈ ਪਰਿਵਾਰ ਆਪਣੀਆਂ ਇੱਛਾਵਾਂ ਨੂੰ ਮਨ ਵਿੱਚ ਹੀ ਦਬਾਉਣ ਲਈ ਮਜਬੂਰ ਹਨ। ਤਿਉਹਾਰਾਂ ਦੀ ਰੌਣਕ ਬਾਜ਼ਾਰਾਂ ਵਿੱਚ ਤਾਂ ਨਜ਼ਰ ਆਉਂਦੀ ਹੈ, ਪਰ ਗ਼ਰੀਬ ਪਰਿਵਾਰਾਂ ਦੇ ਘਰਾਂ ਵਿੱਚ ਆਰਥਿਕ ਤੰਗੀ ਕਾਰਨ ਉਹੀ ਰੌਣਕ ਫਿੱਕੀ ਪੈਂਦੀ ਦਿਖਾਈ ਦਿੰਦੀ ਹੈ।
ਸਿਮਰਨਜੀਤ ਕੌਰ ਨੇ ਕਿਹਾ ਕਿ ਰਸੋਈ ਦਾ ਬਜਟ ਕਿਸੇ ਵੀ ਪਰਿਵਾਰ ਦੀ ਆਰਥਿਕ ਸਥਿਤੀ ਦਾ ਅਹਿਮ ਹਿੱਸਾ ਹੁੰਦਾ ਹੈ। ਜਦੋਂ ਆਟਾ, ਦਾਲਾਂ, ਖਾਣ ਵਾਲਾ ਤੇਲ, ਸਬਜ਼ੀਆਂ, ਦੁੱਧ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਧਦੀਆਂ ਹਨ ਤਾਂ ਇਸ ਦਾ ਸਿੱਧਾ ਅਸਰ ਆਮ ਪਰਿਵਾਰਾਂ ਦੀ ਜੀਵਨਸ਼ੈਲੀ ’ਤੇ ਪੈਂਦਾ ਹੈ। ਘਰੇਲੂ ਔਰਤਾਂ ਲਈ ਸੀਮਤ ਆਮਦਨ ਵਿੱਚ ਘਰ ਦਾ ਖ਼ਰਚਾ ਚਲਾਉਣਾ ਦਿਨੋਂ-ਦਿਨ ਔਖਾ ਹੁੰਦਾ ਜਾ ਰਿਹਾ ਹੈ। ਕਈ ਵਾਰ ਪਰਿਵਾਰਾਂ ਨੂੰ ਆਪਣੀਆਂ ਹੋਰ ਜ਼ਰੂਰਤਾਂ ਵਿੱਚ ਕਟੌਤੀ ਕਰਕੇ ਰਸੋਈ ਦਾ ਖ਼ਰਚਾ ਪੂਰਾ ਕਰਨਾ ਪੈਂਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਕਿਸੇ ਵੀ ਦੇਸ਼ ਦੀ ਤਰੱਕੀ ਦਾ ਅਸਲ ਮਾਪਦੰਡ ਸਿਰਫ਼ ਵੱਡੀਆਂ ਇਮਾਰਤਾਂ, ਸੜਕਾਂ ਜਾਂ ਵਿਕਾਸ ਦੇ ਦਾਅਵੇ ਨਹੀਂ ਹੁੰਦੇ, ਸਗੋਂ ਇਹ ਵੀ ਹੁੰਦਾ ਹੈ ਕਿ ਉਸ ਦੇਸ਼ ਦਾ ਆਮ ਨਾਗਰਿਕ ਕਿੰਨਾ ਸੁਖੀ ਹੈ ਅਤੇ ਉਸ ਨੂੰ ਆਪਣੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਕਿੰਨਾ ਸੰਘਰਸ਼ ਕਰਨਾ ਪੈਂਦਾ ਹੈ। ਜੇਕਰ ਇੱਕ ਮਿਹਨਤਕਸ਼ ਪਰਿਵਾਰ ਨੂੰ ਦੋ ਵਕਤ ਦੀ ਰੋਟੀ ਅਤੇ ਬੱਚਿਆਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਲਈ ਵੀ ਜੱਦੋ-ਜਹਿਦ ਕਰਨੀ ਪਵੇ ਤਾਂ ਇਹ ਸਮਾਜ ਅਤੇ ਪ੍ਰਬੰਧ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਮਹਿੰਗਾਈ ਨੂੰ ਸਿਰਫ਼ ਅੰਕੜਿਆਂ ਤੱਕ ਸੀਮਤ ਰੱਖਣ ਦੀ ਬਜਾਏ ਜ਼ਮੀਨੀ ਪੱਧਰ ’ਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਿਆ ਜਾਵੇ। ਜ਼ਰੂਰੀ ਖਾਧ ਪਦਾਰਥਾਂ ਦੀਆਂ ਕੀਮਤਾਂ ’ਤੇ ਨਿਗਰਾਨੀ ਰੱਖੀ ਜਾਵੇ, ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਆਮ ਲੋਕਾਂ ਨੂੰ ਰਾਹਤ ਦੇਣ ਲਈ ਪ੍ਰਭਾਵਸ਼ਾਲੀ ਨੀਤੀਆਂ ਲਾਗੂ ਕੀਤੀਆਂ ਜਾਣ।
ਸਿਮਰਨਜੀਤ ਕੌਰ ਨੇ ਕਿਹਾ ਕਿ ਤਿਉਹਾਰਾਂ ਦਾ ਅਸਲ ਮਕਸਦ ਸਿਰਫ਼ ਖ਼ਰੀਦਦਾਰੀ, ਮਹਿੰਗੇ ਤੋਹਫ਼ੇ ਅਤੇ ਦਿਖਾਵਾ ਨਹੀਂ, ਸਗੋਂ ਹਰ ਵਰਗ ਨਾਲ ਖ਼ੁਸ਼ੀਆਂ ਸਾਂਝੀਆਂ ਕਰਨਾ ਹੈ। ਦੀਵਾਲੀ ਦੀ ਅਸਲ ਰੌਸ਼ਨੀ ਉਸ ਸਮੇਂ ਹੀ ਸਾਰਥਕ ਹੋ ਸਕਦੀ ਹੈ, ਜਦੋਂ ਸਮਾਜ ਦਾ ਗ਼ਰੀਬ ਤੋਂ ਗ਼ਰੀਬ ਵਿਅਕਤੀ ਵੀ ਬਿਨਾਂ ਆਰਥਿਕ ਚਿੰਤਾ ਦੇ ਆਪਣੇ ਪਰਿਵਾਰ ਨਾਲ ਤਿਉਹਾਰ ਮਨਾ ਸਕੇ।
ਉਨ੍ਹਾਂ ਅੰਤ ਵਿੱਚ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਮਹਿੰਗਾਈ ’ਤੇ ਲਗਾਮ ਲਗਾਉਣ ਲਈ ਤੁਰੰਤ ਠੋਸ ਕਦਮ ਚੁੱਕਣ ਤਾਂ ਜੋ ਆਮ ਆਦਮੀ ਨੂੰ ਰਾਹਤ ਮਿਲ ਸਕੇ। ਤਿਉਹਾਰ ਹਰ ਕਿਸੇ ਲਈ ਖ਼ੁਸ਼ੀਆਂ ਲੈ ਕੇ ਆਉਣੇ ਚਾਹੀਦੇ ਹਨ, ਨਾ ਕਿ ਕਿਸੇ ਗ਼ਰੀਬ ਪਰਿਵਾਰ ਲਈ ਵਾਧੂ ਆਰਥਿਕ ਬੋਝ ਅਤੇ ਚਿੰਤਾ ਦਾ ਕਾਰਨ ਬਣਨ।