ਪੰਚਾਂ ਸਰਪੰਚਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ- ਐਸ ਡੀ ਐਮ ਕਪਿਲ ਜਿੰਦਲ
ਰਾਏਕੋਟ, 27 ਨਵੰਬਰ (ਗੁਰਭਿੰਦਰ ਗੁਰੀ) — ਸਬ-ਡਵੀਜ਼ਨ ਰਾਏਕੋਟ ਵਿਖੇ ਨਵੇਂ ਆਏ ਐਸ.ਡੀ.ਐਮ. ਕਪਿਲ ਜਿੰਦਲ ਦਾ ਪੰਚਾਇਤ ਯੂਨੀਅਨ ਬਲਾਕ ਰਾਏਕੋਟ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਪੰਚਾਇਤ ਯੂਨੀਅਨ ਦੇ ਪ੍ਰਧਾਨ ਅਤੇ ਸਰਪੰਚ ਗੁਰਪ੍ਰੀਤ ਸਿੰਘ ਰਾਏ ਚੱਕ ਭਾਈਕਾ ਦੀ ਅਗਵਾਈ ਹੇਠ ਬਲਾਕ ਦੇ ਪੰਚਾਂ-ਸਰਪੰਚਾਂ ਨੇ ਐਸ.ਡੀ.ਐਮ. ਕਪਿਲ ਜਿੰਦਲ ਨੂੰ ਗੁਲਦਸਤਾ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਐਸ.ਡੀ.ਐਮ. ਕਪਿਲ ਜਿੰਦਲ ਨੇ ਕਿਹਾ ਕਿ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਪੰਚਾਇਤਾਂ ਦੀ ਭੂਮਿਕਾ ਅਹਿਮ ਹੈ ਅਤੇ ਪੰਚਾਂ-ਸਰਪੰਚਾਂ ਦਾ ਸਹਿਯੋਗ ਪ੍ਰਸ਼ਾਸਨ ਲਈ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਚਾਇਤੀ ਨੁਮਾਇੰਦਿਆਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਯਤਨ ਕੀਤੇ ਜਾਣਗੇ। ਐਸ.ਡੀ.ਐਮ. ਨੇ ਪੰਚਾਂ-ਸਰਪੰਚਾਂ ਨੂੰ ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਵਿਕਾਸ ਕਾਰਜ ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਵਿਭਾਗਾਂ ਨਾਲ ਸਬੰਧਤ ਕੰਮਾਂ ਨੂੰ ਕਰਵਾਉਣ ਸਮੇਂ ਸਰਪੰਚਾਂ ਨੂੰ ਕਿਸੇ ਕਿਸਮ ਦੀ ਬੇਲੋੜੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਪੰਚਾਇਤ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰਾਏ ਚੱਕ ਭਾਈਕਾ ਨੇ ਐਸ.ਡੀ.ਐਮ. ਕਪਿਲ ਜਿੰਦਲ ਨੂੰ ਭਰੋਸਾ ਦਿਵਾਇਆ ਕਿ ਯੂਨੀਅਨ ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਗਤੀ ਦੇਣ ਅਤੇ ਪੰਚਾਇਤਾਂ ਨਾਲ ਸਬੰਧਤ ਕੰਮਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਪੰਚਾਇਤ ਯੂਨੀਅਨ ਦੇ ਜਨਰਲ ਸਕੱਤਰ ਸਰਪੰਚ ਜਸਵਿੰਦਰ ਸਿੰਘ ਨੱਥੋਵਾਲ, ਖਜ਼ਾਨਚੀ ਸਰਪੰਚ ਪ੍ਰਿਤਪਾਲ ਸਿੰਘ ਪੂਨੀਆਂ ਜਲਾਲਦੀਵਾਲ, ਸਰਕਲ ਪ੍ਰਧਾਨ ਜਸਵਿੰਦਰ ਕੌਰ ਨੱਥੋਵਾਲ, ਸਰਪੰਚ ਕੁਲਦੀਪ ਸਿੰਘ ਕੱਦੂ ਜੌਹਲਾ, ਹਰਨੇਕ ਸਿੰਘ ਬਰਮੀ, ਗੁਰਦੇਵ ਸਿੰਘ ਕਾਲਸਾਂ, ਗੁਰਸੇਵਲ ਸਿੰਘ ਬਿੰਜਲ, ਸਰਬਜੀਤ ਸਿੰਘ ਬੁਰਜ ਹਕੀਮਾਂ, ਸੁਖਵਿੰਦਰ ਸਿੰਘ ਰਾਜਗੜ੍ਹ, ਜਗਜੀਤ ਸਿੰਘ ਗੋਬਿੰਦਗੜ੍ਹ, ਸਰਬਜੀਤ ਕੌਰ ਭੈਣੀ ਬੜਿੰਗਾ, ਪੰਚ ਬਲਜਿੰਦਰ ਸਿੰਘ ਬੁਰਜ ਹਕੀਮਾਂ, ਨੈਬ ਸਿੰਘ ਬੋਪਾਰਾਏ, ਬਲਵਿੰਦਰ ਕੌਰ ਬੁਰਜ ਹਰੀ ਸਿੰਘ, ਸਾਬਕਾ ਪੰਚ ਇਕਬਾਲ ਸਿੰਘ ਭੈਣੀ ਬੜਿੰਗਾ, ਸੁਰਿੰਦਰ ਸਿੰਘ ਸੋਨੀ, ਗੁਰਪ੍ਰੀਤ ਸਿੰਘ ਝੋਰੜਾਂ, ਸਤਪਾਲ ਸਿੰਘ ਸਾਹਜਹਾਨਪੁਰ, ਸੁਖਵਿੰਦਰ ਸਿੰਘ ਬੱਸੀਆਂ, ਗੁਰਜੰਟ ਸਿੰਘ ਬੁਰਜ ਨਕਲੀਆਂ, ਪੰਚ ਭਰਪੂਰ ਸਿੰਘ ਬੁਰਜ ਹਰੀ ਸਿੰਘ ਸਮੇਤ ਹੋਰ ਪੰਚ-ਸਰਪੰਚ ਹਾਜ਼ਰ ਸਨ।