ਚੰਡੀਗੜ੍ਹ (ਗੁਰਭਿੰਦਰ ਗੁਰੀ)
ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਹਰ ਪਾਸੇ ਦੀਵਾਲੀ ਦੀਆਂ ਤਿਆਰੀਆਂ ਦੀ ਰੌਣਕ ਦਿਖਾਈ ਦੇਣੀ ਚਾਹੀਦੀ ਹੈ, ਪਰ ਇਸ ਵਾਰ ਬੇਲਗਾਮ ਮਹਿੰਗਾਈ ਨੇ ਆਮ ਲੋਕਾਂ ਖ਼ਾਸ ਕਰਕੇ ਗ਼ਰੀਬ ਅਤੇ ਮੱਧਵਰਗੀ ਪਰਿਵਾਰਾਂ ਦੀਆਂ ਖ਼ੁਸ਼ੀਆਂ ਨੂੰ ਫਿੱਕਾ ਕਰਕੇ ਰੱਖ ਦਿੱਤਾ ਹੈ। ਰਸੋਈ ਵਿੱਚ ਰੋਜ਼ਾਨਾ ਵਰਤੋਂ ਆਉਣ ਵਾਲੀਆਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਹੋਏ ਭਾਰੀ ਵਾਧੇ ਨੇ ਲੋਕਾਂ ਦਾ ਘਰੇਲੂ ਬਜਟ ਪੂਰੀ ਤਰ੍ਹਾਂ ਵਿਗਾੜ ਦਿੱਤਾ ਹੈ। ਹਾਲਾਤ ਇਹ ਬਣ ਗਏ ਹਨ ਕਿ ਗ਼ਰੀਬ ਪਰਿਵਾਰਾਂ ਲਈ ਨਾ ਤਾਂ ਦੀਵਾਲੀ ਮੌਕੇ ਮਠਿਆਈ ਖ਼ਰੀਦਣਾ ਆਸਾਨ ਰਹਿ ਗਿਆ ਹੈ ਅਤੇ ਨਾ ਹੀ ਰਸੋਈ ਦਾ ਚੁੱਲ੍ਹਾ ਤਪਾਉਣਾ।
ਇਸ ਸਬੰਧੀ ਉੱਘੀ ਲੇਖਿਕਾ ਅਤੇ ਸਮਾਜ ਸੇਵਕਾ ਵੀਰਪਾਲ ਕੌਰ ਭੱਠਲ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਤਿਉਹਾਰਾਂ ਦੇ ਦਿਨਾਂ ਵਿੱਚ ਰਸੋਈ ਦੇ ਜ਼ਰੂਰੀ ਸਾਮਾਨ ਦੀਆਂ ਕੀਮਤਾਂ ਵਿੱਚ ਹੋ ਰਿਹਾ ਵਾਧਾ ਆਮ ਜਨਤਾ ਲਈ ਵੱਡੀ ਆਰਥਿਕ ਮੁਸੀਬਤ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਸਰ੍ਹੋਂ ਦੇ ਤੇਲ, ਰਿਫਾਇੰਡ, ਚੀਨੀ ਅਤੇ ਹੋਰ ਰਾਸ਼ਨ ਸਮੱਗਰੀ ਦੇ ਭਾਅ ਲਗਾਤਾਰ ਵਧਣ ਕਾਰਨ ਗ਼ਰੀਬ ਪਰਿਵਾਰਾਂ ਲਈ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਕਰਨਾ ਵੀ ਔਖਾ ਹੁੰਦਾ ਜਾ ਰਿਹਾ ਹੈ।
ਵੀਰਪਾਲ ਕੌਰ ਭੱਠਲ ਨੇ ਕਿਹਾ ਕਿ ਦੀਵਾਲੀ ਵਰਗੇ ਖ਼ੁਸ਼ੀਆਂ ਦੇ ਤਿਉਹਾਰ ’ਤੇ ਹਰ ਪਰਿਵਾਰ ਦੀ ਇੱਛਾ ਹੁੰਦੀ ਹੈ ਕਿ ਉਹ ਆਪਣੇ ਬੱਚਿਆਂ ਲਈ ਮਠਿਆਈਆਂ ਲੈ ਕੇ ਆਵੇ, ਘਰ ਵਿੱਚ ਕੁਝ ਖ਼ਾਸ ਪਕਵਾਨ ਬਣਾਏ ਅਤੇ ਪਰਿਵਾਰ ਨਾਲ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕਰੇ। ਪਰ ਮਹਿੰਗਾਈ ਨੇ ਗ਼ਰੀਬ ਪਰਿਵਾਰਾਂ ਦੀਆਂ ਇਹ ਨਿੱਕੀਆਂ-ਨਿੱਕੀਆਂ ਖ਼ੁਸ਼ੀਆਂ ਵੀ ਖੋਹ ਲਈਆਂ ਹਨ। ਕਈ ਪਰਿਵਾਰ ਅਜਿਹੇ ਹਨ, ਜੋ ਵਧਦੀਆਂ ਕੀਮਤਾਂ ਕਾਰਨ ਮਠਿਆਈ ਖ਼ਰੀਦਣ ਤੋਂ ਵੀ ਅਸਮਰੱਥ ਹਨ ਅਤੇ ਰੋਜ਼ਾਨਾ ਦੇ ਰਾਸ਼ਨ ਦਾ ਖ਼ਰਚਾ ਪੂਰਾ ਕਰਨ ਲਈ ਸੰਘਰਸ਼ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਜਦੋਂ ਇੱਕ ਪਾਸੇ ਸਰਕਾਰਾਂ ਵੱਲੋਂ ਤਿਉਹਾਰਾਂ ਦੀਆਂ ਖ਼ੁਸ਼ੀਆਂ ਅਤੇ ਲੋਕ ਭਲਾਈ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਤਾਂ ਦੂਜੇ ਪਾਸੇ ਆਮ ਆਦਮੀ ਮਹਿੰਗਾਈ ਦੀ ਚੱਕੀ ਵਿੱਚ ਪਿਸ ਰਿਹਾ ਹੈ। ਸਰਕਾਰ ਦੀਆਂ ਨੀਤੀਆਂ ਦਾ ਅਸਲ ਮੁਲਾਂਕਣ ਇਸ ਗੱਲ ਤੋਂ ਹੋਣਾ ਚਾਹੀਦਾ ਹੈ ਕਿ ਇੱਕ ਗ਼ਰੀਬ ਪਰਿਵਾਰ ਆਪਣੇ ਘਰ ਦਾ ਗੁਜ਼ਾਰਾ ਕਿੰਨੀ ਆਸਾਨੀ ਨਾਲ ਕਰ ਸਕਦਾ ਹੈ, ਨਾ ਕਿ ਸਿਰਫ਼ ਇਸ਼ਤਿਹਾਰਾਂ ਅਤੇ ਬਿਆਨਾਂ ਰਾਹੀਂ।
ਉਨ੍ਹਾਂ ਅੱਗੇ ਕਿਹਾ ਕਿ ਮਹਿੰਗਾਈ ਦਾ ਅਸਰ ਸਿਰਫ਼ ਘਰੇਲੂ ਰਸੋਈ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਸ ਕਾਰਨ ਬਾਜ਼ਾਰਾਂ ਵਿੱਚ ਵੀ ਖ਼ਰੀਦਦਾਰੀ ਦੀ ਰਫ਼ਤਾਰ ਘਟ ਰਹੀ ਹੈ। ਤਿਉਹਾਰਾਂ ਦੇ ਸੀਜ਼ਨ ਦੇ ਬਾਵਜੂਦ ਕਈ ਬਾਜ਼ਾਰਾਂ ਵਿੱਚ ਉਮੀਦ ਮੁਤਾਬਕ ਰੌਣਕ ਨਹੀਂ ਦਿਖਾਈ ਦੇ ਰਹੀ। ਲੋਕ ਲੋੜੀਂਦਾ ਸਾਮਾਨ ਖ਼ਰੀਦਣ ਤੋਂ ਪਹਿਲਾਂ ਕਈ ਵਾਰ ਸੋਚਣ ਲਈ ਮਜਬੂਰ ਹਨ, ਜਿਸ ਦਾ ਮਾੜਾ ਅਸਰ ਛੋਟੇ ਦੁਕਾਨਦਾਰਾਂ ਅਤੇ ਵਪਾਰੀਆਂ ਦੇ ਕਾਰੋਬਾਰ ’ਤੇ ਵੀ ਪੈ ਰਿਹਾ ਹੈ।
ਵੀਰਪਾਲ ਕੌਰ ਭੱਠਲ ਨੇ ਕੇਂਦਰ ਅਤੇ ਪੰਜਾਬ ਸਰਕਾਰ ਸਮੇਤ ਸਬੰਧਤ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਰੋਜ਼ਾਨਾ ਵਰਤੋਂ ਵਾਲੀਆਂ ਜ਼ਰੂਰੀ ਵਸਤਾਂ, ਖਾਣ ਵਾਲੇ ਤੇਲ, ਚੀਨੀ ਅਤੇ ਰਾਸ਼ਨ ਸਮੱਗਰੀ ਦੀਆਂ ਕੀਮਤਾਂ ’ਤੇ ਕਾਬੂ ਪਾਉਣ ਲਈ ਤੁਰੰਤ ਠੋਸ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਦੀਵਾਲੀ ਸਿਰਫ਼ ਅਮੀਰਾਂ ਦੇ ਘਰਾਂ ਵਿੱਚ ਹੀ ਨਹੀਂ, ਸਗੋਂ ਗ਼ਰੀਬ ਦੇ ਘਰ ਵਿੱਚ ਵੀ ਖ਼ੁਸ਼ੀਆਂ ਦੇ ਦੀਵੇ ਜਗਾਉਣ ਦਾ ਤਿਉਹਾਰ ਹੈ। ਸਰਕਾਰ ਨੂੰ ਅਜਿਹੇ ਪ੍ਰਬੰਧ ਕਰਨੇ ਚਾਹੀਦੇ ਹਨ ਕਿ ਕੋਈ ਵੀ ਪਰਿਵਾਰ ਮਹਿੰਗਾਈ ਕਾਰਨ ਤਿਉਹਾਰ ਦੀਆਂ ਖ਼ੁਸ਼ੀਆਂ ਤੋਂ ਵਾਂਝਾ ਨਾ ਰਹੇ।