ਰਾਏਕੋਟ, 1 ਨਵੰਬਰ (ਗੁਰਭਿੰਦਰ ਗੁਰੀ)
ਕਰੀਬੀ ਪਿੰਡ ਫੇਰੂਰਾਈ ਦੇ ਗੁਰਦੁਆਰਾ ਰਾਏ ਪੱਤੀ ਦੀ ਪ੍ਰਬੰਧਕੀ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਅੱਖਾਂ ਦੀਆਂ ਬਿਮਾਰੀਆਂ ਸਬੰਧੀ ਮੁਫ਼ਤ ਮੈਡੀਕਲ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਸ਼ੁਰੂਆਤ ਸਮਾਜ ਸੇਵੀ ਇਕਬਾਲ ਸਿੰਘ ਗੁਲਾਬ ਵੱਲੋਂ ਕਰਵਾਈ ਗਈ। ਇਸ ਮੌਕੇ ਇਕਬਾਲ ਸਿੰਘ ਗੁਲਾਬ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਹੀ ਇਨਸਾਨੀਅਤ ਦੀ ਸੱਚੀ ਭਗਤੀ ਹੈ। ਲੋੜਵੰਦਾਂ ਦੀ ਮਦਦ ਕਰਨਾ ਸਭ ਤੋਂ ਉੱਤਮ ਕਾਰਜ ਹੈ। ਉਨ੍ਹਾਂ ਲੋਕਾਂ ਨੂੰ ਅਜਿਹੇ ਸਿਹਤ ਜਾਂਚ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ। ਕੈਂਪ ਦੌਰਾਨ ਬਾਠ ਚੈਰੀਟੇਬਲ ਹਸਪਤਾਲ, ਜਲਾਲਦੀਵਾਲ ਦੇ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਗੁਰਨੈਬ ਸਿੰਘ ਭਾਈਰੂਪਾ ਅਤੇ ਬਲਤੇਜ ਸਿੰਘ ਅਲਬੇਲਾ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਵੱਲੋਂ ਕੁੱਲ 65 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਜਾਂਚ ਉਪਰੰਤ 7 ਮਰੀਜ਼ਾਂ ਨੂੰ ਲੈਂਜ਼ ਪਵਾਉਣ ਲਈ ਚੁਣਿਆ ਗਿਆ। ਇਸ ਤੋਂ ਇਲਾਵਾ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ। ਇਸ ਮੌਕੇ ਹਰਦੀਪ ਸਿੰਘ ਰਾਏ, ਬੇਅੰਤ ਸਿੰਘ, ਹਰਦੇਵ ਸਿੰਘ, ਜੱਗਾ ਸਿੰਘ, ਮੇਜਰ ਸਿੰਘ, ਨਾਜਰ ਸਿੰਘ, ਤਰਲੋਕ ਸਿੰਘ ਅਤੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਰਾਏ ਸਮੇਤ ਹੋਰ ਪਤਵੰਤੇ ਹਾਜ਼ਰ ਸਨ।