ਪ੍ਰੋ. ਸਰਚਾਂਦ ਸਿੰਘ ਖਿਆਲਾ | Updated on Sunday, November 01, 2026 17:03 PM IST
ਆਜ਼ਾਦੀ ਮਿਲਣਾ ਇੱਕ ਗੱਲ ਸੀ, ਪਰ ਆਜ਼ਾਦ ਭਾਰਤ ਨੂੰ ਇੱਕਜੁੱਟ ਰੱਖਣਾ ਇਸ ਤੋਂ ਕਿਤੇ ਵੱਡੀ ਚੁਣੌਤੀ ਸੀ। 1947 ਵਿੱਚ ਅੰਗਰੇਜ਼ੀ ਸ਼ਾਸਨ ਦੇ ਅੰਤ ਨਾਲ ਭਾਰਤ ਸਾਹਮਣੇ 560 ਤੋਂ ਵੱਧ ਰਿਆਸਤਾਂ ਨੂੰ ਇੱਕ ਕੌਮੀ ਢਾਂਚੇ ਵਿੱਚ ਜੋੜਨ ਅਤੇ ਦੇਸ਼ ਦੀ ਭੂਗੋਲਿਕ ਤੇ ਸਿਆਸੀ ਅਖੰਡਤਾ ਕਾਇਮ ਕਰਨ ਦਾ ਔਖਾ ਕਾਰਜ ਖੜ੍ਹਾ ਸੀ। ਜੇ ਉਸ ਸਮੇਂ ਦੂਰਦਰਸ਼ੀ ਅਗਵਾਈ, ਦ੍ਰਿੜ੍ਹ ਇੱਛਾ-ਸ਼ਕਤੀ ਅਤੇ ਅਸਾਧਾਰਨ ਰਾਜਨੀਤਕ ਸੂਝ-ਬੂਝ ਦਾ ਪ੍ਰਦਰਸ਼ਨ ਨਾ ਕੀਤਾ ਜਾਂਦਾ, ਤਾਂ ਅੱਜ ਦਾ ਭਾਰਤ ਸ਼ਾਇਦ ਇਸ ਰੂਪ ਵਿੱਚ ਸਾਡੇ ਸਾਹਮਣੇ ਨਾ ਹੁੰਦਾ। ਇਸ ਇਤਿਹਾਸਕ ਕਾਰਜ ਦੇ ਕੇਂਦਰ ਵਿੱਚ ਸਨ ਭਾਰਤ ਦੇ ਲੋਹ ਪੁਰਸ਼ ਸਰਦਾਰ ਵੱਲਭਭਾਈ ਪਟੇਲ, ਜਿਨ੍ਹਾਂ ਨੇ ਆਪਣੀ ਅਗਵਾਈ ਨਾਲ ਰਿਆਸਤਾਂ ਨੂੰ ਜੋੜ ਕੇ ਆਧੁਨਿਕ ਭਾਰਤ ਦੀ ਏਕਤਾ ਦੀ ਮਜ਼ਬੂਤ ਨੀਂਹ ਰੱਖੀ। ਉਨ੍ਹਾਂ ਦੀ ਵਿਰਾਸਤ ਨੂੰ ਸਮਰਪਿਤ ਏਕਤਾ ਨਗਰ ਅਤੇ ਸਟੈਚੂ ਆਫ਼ ਯੂਨਿਟੀ ਅੱਜ ਵੀ ਉਸੇ ਕੌਮੀ ਸੰਕਲਪ ਦੀ ਯਾਦ ਦਿਵਾਉਂਦੇ ਹਨ।
ਭਾਰਤ ਵਿੱਚ ਹਰ ਸਾਲ 31 ਅਕਤੂਬਰ ਨੂੰ ਸਰਦਾਰ ਵੱਲਭਭਾਈ ਪਟੇਲ ਦੇ ਜਨਮ ਦਿਵਸ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਉਸ ਮਹਾਨ ਸ਼ਖ਼ਸੀਅਤ ਨੂੰ ਯਾਦ ਕਰਨ ਦਾ ਮੌਕਾ ਹੈ, ਜਿਸ ਨੇ ਆਜ਼ਾਦੀ ਮਗਰੋਂ ਦੇਸ਼ ਦੀਆਂ 560 ਤੋਂ ਵੱਧ ਰਿਆਸਤਾਂ ਨੂੰ ਭਾਰਤੀ ਸੰਘ ਨਾਲ ਜੋੜਨ ਵਿੱਚ ਨਿਰਣਾਇਕ ਭੂਮਿਕਾ ਨਿਭਾਈ। ਉਨ੍ਹਾਂ ਦੀ ਰਾਸ਼ਟਰਵਾਦੀ ਸੋਚ, ਫ਼ੈਸਲਾਕੁਨ ਅਗਵਾਈ, ਮਜ਼ਬੂਤ ਪ੍ਰਸ਼ਾਸਕੀ ਦ੍ਰਿਸ਼ਟੀ ਅਤੇ ਕੌਮੀ ਏਕਤਾ ਪ੍ਰਤੀ ਅਟੁੱਟ ਵਚਨਬੱਧਤਾ ਅੱਜ ਵੀ ਭਾਰਤੀ ਰਾਜਨੀਤੀ ਅਤੇ ਸ਼ਾਸਨ ਵਿਵਸਥਾ ਲਈ ਪ੍ਰੇਰਨਾ ਦਾ ਸਰੋਤ ਹੈ।
ਸਰਦਾਰ ਪਟੇਲ ਦੀ ਵਿਰਾਸਤ ਨੂੰ ਵਿਸ਼ੇਸ਼ ਮਹੱਤਵ ਦੇਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਿੱਸੇ ਆਇਆ। ਸਾਲ 2014 ਤੋਂ ਰਾਸ਼ਟਰੀ ਏਕਤਾ ਦਿਵਸ ਦੇ ਸਮਾਗਮਾਂ ਨੂੰ ਵਿਆਪਕ ਰੂਪ ਦੇਣ, ‘ਰਨ ਫ਼ਾਰ ਯੂਨਿਟੀ’ ਦੀ ਸ਼ੁਰੂਆਤ, ਸਟੈਚੂ ਆਫ਼ ਯੂਨਿਟੀ ਦੀ ਉਸਾਰੀ ਅਤੇ ਏਕਤਾ ਨਗਰ ਦੇ ਵਿਕਾਸ ਰਾਹੀਂ ਉਨ੍ਹਾਂ ਦੇ ਯੋਗਦਾਨ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਯਤਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਈ ਮੌਕਿਆਂ ’ਤੇ ਸਰਦਾਰ ਪਟੇਲ ਨੂੰ ਆਧੁਨਿਕ ਭਾਰਤ ਦੀ ਏਕਤਾ ਦਾ ਸ਼ਿਲਪਕਾਰ ਦੱਸਦਿਆਂ ਉਨ੍ਹਾਂ ਦੀ ਦੂਰਅੰਦੇਸ਼ੀ ਅਤੇ ਦ੍ਰਿੜ੍ਹ ਇੱਛਾ-ਸ਼ਕਤੀ ਨੂੰ ਰਾਸ਼ਟਰ ਨਿਰਮਾਣ ਦਾ ਆਦਰਸ਼ ਮੰਨਿਆ ਹੈ। ਭਾਵੇਂ ਪਟੇਲ ਦੀ ਵਿਰਾਸਤ ਸਮੁੱਚੇ ਦੇਸ਼ ਦੀ ਸਾਂਝੀ ਧਰੋਹਰ ਹੈ, ਪਰ ਇਸ ਨੂੰ ਜਨਤਕ ਚੇਤਨਾ ਵਿੱਚ ਮੁੜ ਪ੍ਰਮੁੱਖ ਸਥਾਨ ਦਿਵਾਉਣ ਦੇ ਯਤਨਾਂ ਨੇ ਅੱਜ ਦੇ ਭਾਰਤ ਵਿੱਚ ਉਨ੍ਹਾਂ ਦੀ ਪ੍ਰਸੰਗਿਕਤਾ ਨੂੰ ਹੋਰ ਉਜਾਗਰ ਕੀਤਾ ਹੈ।
ਗੁਜਰਾਤ ਦੇ ਨਡਿਆਦ ਵਿਖੇ 31 ਅਕਤੂਬਰ 1875 ਨੂੰ ਜਨਮੇ ਸਰਦਾਰ ਵੱਲਭਭਾਈ ਪਟੇਲ ਨੇ ਵਕਾਲਤ ਦੇ ਖੇਤਰ ਵਿੱਚ ਆਪਣੀ ਪਛਾਣ ਬਣਾਉਣ ਮਗਰੋਂ ਆਜ਼ਾਦੀ ਦੀ ਲਹਿਰ ਵਿੱਚ ਸਰਗਰਮ ਭੂਮਿਕਾ ਨਿਭਾਈ। ਮਹਾਤਮਾ ਗਾਂਧੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਉਹ ਜਨਤਕ ਜੀਵਨ ਅਤੇ ਆਜ਼ਾਦੀ ਦੇ ਸੰਘਰਸ਼ ਨੂੰ ਸਮਰਪਿਤ ਹੋ ਗਏ। 1918 ਦੇ ਖੇੜਾ ਸਤਿਆਗ੍ਰਹਿ ਅਤੇ ਅਹਿਮਦਾਬਾਦ ਮਜ਼ਦੂਰ ਅੰਦੋਲਨ ਵਿੱਚ ਉਨ੍ਹਾਂ ਦੀ ਅਗਵਾਈ ਨੇ ਉਨ੍ਹਾਂ ਨੂੰ ਲੋਕਾਂ ਵਿੱਚ ਮਕਬੂਲ ਕੀਤਾ। ਪਰ 1928 ਦਾ ਬਾਰਡੋਲੀ ਸਤਿਆਗ੍ਰਹਿ ਉਨ੍ਹਾਂ ਦੇ ਜੀਵਨ ਦਾ ਨਿਰਣਾਇਕ ਮੋੜ ਸਾਬਤ ਹੋਇਆ। ਕਿਸਾਨਾਂ ਦੇ ਹੱਕ ਵਿੱਚ ਉਨ੍ਹਾਂ ਦੀ ਦ੍ਰਿੜ੍ਹ ਅਤੇ ਸਫਲ ਅਗਵਾਈ ਤੋਂ ਪ੍ਰਭਾਵਿਤ ਹੋ ਕੇ ਲੋਕਾਂ ਨੇ ਉਨ੍ਹਾਂ ਨੂੰ ‘ਸਰਦਾਰ’ ਦੀ ਉਪਾਧੀ ਦਿੱਤੀ, ਜੋ ਅੱਗੇ ਚੱਲ ਕੇ ਉਨ੍ਹਾਂ ਦੀ ਪਛਾਣ ਬਣ ਗਈ।
ਆਜ਼ਾਦੀ ਮਗਰੋਂ ਦੇਸ਼ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਵਜੋਂ ਉਨ੍ਹਾਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਰਿਆਸਤਾਂ ਦਾ ਭਾਰਤੀ ਸੰਘ ਵਿੱਚ ਏਕੀਕਰਨ ਸੀ। ਉਸ ਸਮੇਂ ਹਰ ਰਿਆਸਤ ਦੇ ਆਪਣੇ ਸ਼ਾਸਕ, ਹਿੱਤ ਅਤੇ ਵੱਖਰੀਆਂ ਸਿਆਸੀ ਸਥਿਤੀਆਂ ਸਨ। ਸਰਦਾਰ ਪਟੇਲ ਨੇ ਰਿਆਸਤਾਂ ਦੇ ਵਿਭਾਗ ਦੀ ਜ਼ਿੰਮੇਵਾਰੀ ਸੰਭਾਲਦਿਆਂ ਆਪਣੇ ਸਕੱਤਰ ਵੀ.ਪੀ. ਮੈਨਨ ਨਾਲ ਮਿਲ ਕੇ ਇਸ ਗੁੰਝਲਦਾਰ ਕਾਰਜ ਨੂੰ ਅੱਗੇ ਵਧਾਇਆ। ਕੂਟਨੀਤਕ ਗੱਲਬਾਤ, ਸਮਝੌਤਿਆਂ ਅਤੇ ਲੋੜ ਪੈਣ ’ਤੇ ਸਖ਼ਤ ਫ਼ੈਸਲੇ ਲੈਣ ਦੀ ਸਮਰੱਥਾ ਨਾਲ ਉਨ੍ਹਾਂ ਨੇ ਵੱਖ-ਵੱਖ ਰਿਆਸਤਾਂ ਨੂੰ ਭਾਰਤੀ ਸੰਘ ਨਾਲ ਜੋੜਿਆ।
ਜੂਨਾਗੜ੍ਹ ਦੀ ਰਿਆਸਤ ਦੇ ਭਾਰਤ ਵਿੱਚ ਰਲੇਵੇਂ ਦਾ ਮਸਲਾ ਹੋਵੇ ਜਾਂ ਹੈਦਰਾਬਾਦ ਦੇ ਨਿਜ਼ਾਮ ਵੱਲੋਂ ਭਾਰਤੀ ਸੰਘ ਵਿੱਚ ਸ਼ਾਮਲ ਹੋਣ ਤੋਂ ਇਨਕਾਰ, ਸਰਦਾਰ ਪਟੇਲ ਨੇ ਕੌਮੀ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਿਆ। ਸਤੰਬਰ 1948 ਵਿੱਚ ਹੈਦਰਾਬਾਦ ਵਿੱਚ ਚਲਾਈ ਗਈ ‘ਕਾਰਵਾਈ’ ਰਾਹੀਂ ਇਸ ਰਿਆਸਤ ਦਾ ਭਾਰਤ ਵਿੱਚ ਏਕੀਕਰਨ ਸੰਭਵ ਹੋਇਆ। ਜੂਨਾਗੜ੍ਹ ਵਿੱਚ ਵੀ ਲੋਕਮਤ ਨੇ ਭਾਰਤ ਨਾਲ ਰਲੇਵੇਂ ਦੇ ਹੱਕ ਵਿੱਚ ਫ਼ੈਸਲਾ ਦਿੱਤਾ। ਇਹ ਘਟਨਾਵਾਂ ਉਨ੍ਹਾਂ ਦੀ ਦ੍ਰਿੜ੍ਹਤਾ ਅਤੇ ਫ਼ੈਸਲਾਕੁਨ ਅਗਵਾਈ ਦੀਆਂ ਅਹਿਮ ਮਿਸਾਲਾਂ ਹਨ।
ਉਨ੍ਹਾਂ ਦੀ ਦੂਰਦਰਸ਼ਤਾ ਸਿਰਫ਼ ਰਿਆਸਤਾਂ ਦੇ ਰਲੇਵੇਂ ਤੱਕ ਸੀਮਤ ਨਹੀਂ ਸੀ। ਉਹ ਜਾਣਦੇ ਸਨ ਕਿ ਇੱਕ ਨਵੇਂ ਆਜ਼ਾਦ ਦੇਸ਼ ਨੂੰ ਮਜ਼ਬੂਤ ਪ੍ਰਸ਼ਾਸਕੀ ਢਾਂਚੇ ਦੀ ਵੀ ਲੋੜ ਹੈ। ਇਸੇ ਲਈ ਉਨ੍ਹਾਂ ਨੇ ਅਖਿਲ ਭਾਰਤੀ ਸੇਵਾਵਾਂ ਨੂੰ ਮਜ਼ਬੂਤ ਕਰਨ ਦੀ ਵਕਾਲਤ ਕੀਤੀ ਅਤੇ ਉਨ੍ਹਾਂ ਨੂੰ ਦੇਸ਼ ਦੀ ਏਕਤਾ ਤੇ ਪ੍ਰਸ਼ਾਸਕੀ ਸਥਿਰਤਾ ਦਾ ਅਹਿਮ ਆਧਾਰ ਮੰਨਿਆ। ਉਨ੍ਹਾਂ ਲਈ ਆਜ਼ਾਦੀ ਦਾ ਅਸਲ ਅਰਥ ਸਿਰਫ਼ ਵਿਦੇਸ਼ੀ ਸ਼ਾਸਨ ਤੋਂ ਮੁਕਤੀ ਨਹੀਂ, ਸਗੋਂ ਮਜ਼ਬੂਤ ਪ੍ਰਭੂਸੱਤਾ, ਸਮਰੱਥ ਪ੍ਰਸ਼ਾਸਨ ਅਤੇ ਅਖੰਡ ਰਾਸ਼ਟਰ ਦੀ ਸਥਾਪਨਾ ਸੀ।
ਇਸੇ ਮਹਾਨ ਯੋਗਦਾਨ ਨੂੰ ਸਮਰਪਿਤ ਸਟੈਚੂ ਆਫ਼ ਯੂਨਿਟੀ ਦਾ ਉਦਘਾਟਨ 31 ਅਕਤੂਬਰ 2018 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ। ਗੁਜਰਾਤ ਵਿੱਚ ਨਰਮਦਾ ਨਦੀ ਦੇ ਕੰਢੇ ਸਥਿਤ 182 ਮੀਟਰ ਉੱਚਾ ਇਹ ਬੁੱਤ ਦੁਨੀਆ ਦਾ ਸਭ ਤੋਂ ਉੱਚਾ ਬੁੱਤ ਹੈ ਅਤੇ ਆਧੁਨਿਕ ਇੰਜੀਨੀਅਰਿੰਗ ਦੀ ਸਮਰੱਥਾ ਦਾ ਵੀ ਪ੍ਰਮਾਣ ਹੈ। ਪਰ ਇਸ ਦੀ ਅਸਲ ਮਹੱਤਤਾ ਸਿਰਫ਼ ਇਸ ਦੀ ਵਿਸ਼ਾਲਤਾ ਵਿੱਚ ਨਹੀਂ, ਸਗੋਂ ਉਸ ਇਤਿਹਾਸਕ ਸੰਦੇਸ਼ ਵਿੱਚ ਹੈ, ਜੋ ਮਜ਼ਬੂਤ ਰਾਸ਼ਟਰ ਦੀ ਉਸਾਰੀ ਲਈ ਦੂਰਦਰਸ਼ਤਾ, ਦ੍ਰਿੜ੍ਹ ਇੱਛਾ-ਸ਼ਕਤੀ ਅਤੇ ਸਾਂਝੇ ਕੌਮੀ ਹਿੱਤਾਂ ਪ੍ਰਤੀ ਸਮਰਪਣ ਦੀ ਲੋੜ ਨੂੰ ਉਜਾਗਰ ਕਰਦਾ ਹੈ।
ਗੁਜਰਾਤ ਦੇ ਕੇਵੜੀਆ ਖੇਤਰ ਦਾ ਏਕਤਾ ਨਗਰ ਵਜੋਂ ਵਿਕਾਸ ਇਸੇ ਕੌਮੀ ਚੇਤਨਾ ਅਤੇ ਬਦਲਦੇ ਵਿਕਾਸ ਮਾਡਲ ਦੀ ਮਿਸਾਲ ਹੈ। ਇਹ ਸਥਾਨ ਹੁਣ ਸਿਰਫ਼ ਸਰਦਾਰ ਪਟੇਲ ਦੀ ਯਾਦਗਾਰ ਤੱਕ ਸੀਮਤ ਨਹੀਂ ਰਿਹਾ, ਸਗੋਂ ਇਤਿਹਾਸ, ਸੱਭਿਆਚਾਰ, ਸਿੱਖਿਆ, ਕੁਦਰਤ, ਸੈਰ-ਸਪਾਟੇ ਅਤੇ ਸਥਾਨਕ ਆਰਥਿਕਤਾ ਨੂੰ ਜੋੜਨ ਵਾਲੇ ਬਹੁਪੱਖੀ ਕੇਂਦਰ ਵਜੋਂ ਉੱਭਰਿਆ ਹੈ। ਏਕਤਾ ਨਗਰ ਦਾ ਨਾਮ ਆਪਣੇ ਆਪ ਵਿੱਚ ਇਹ ਸੰਦੇਸ਼ ਦਿੰਦਾ ਹੈ ਕਿ ਵੱਖ-ਵੱਖ ਸੂਬਿਆਂ, ਭਾਸ਼ਾਵਾਂ, ਧਰਮਾਂ ਅਤੇ ਸੱਭਿਆਚਾਰਾਂ ਦੇ ਬਾਵਜੂਦ ਭਾਰਤ ਦੀ ਅਸਲ ਪਛਾਣ ਅਨੇਕਤਾਵਾਂ ਦੇ ਸੁੰਦਰ ਸੰਗਮ ਅਤੇ ਸਾਂਝੀ ਕੌਮੀ ਵਿਰਾਸਤ ਵਿੱਚ ਵੱਸਦੀ ਹੈ।
ਇੱਥੋਂ ਦੇ ਅਜਾਇਬ ਘਰ ਅਤੇ ਪ੍ਰਦਰਸ਼ਨੀ ਕੇਂਦਰ ਸਰਦਾਰ ਪਟੇਲ ਦੇ ਜੀਵਨ, ਆਜ਼ਾਦੀ ਦੀ ਲਹਿਰ ਅਤੇ ਰਿਆਸਤਾਂ ਦੇ ਏਕੀਕਰਨ ਦੀ ਇਤਿਹਾਸਕ ਪ੍ਰਕਿਰਿਆ ਨਾਲ ਜਾਣੂ ਕਰਵਾਉਂਦੇ ਹਨ। ਖ਼ਾਸ ਕਰਕੇ ਨੌਜਵਾਨ ਪੀੜ੍ਹੀ ਲਈ ਇਹ ਸਥਾਨ ਇਤਿਹਾਸ ਨੂੰ ਨੇੜਿਓਂ ਸਮਝਣ ਦਾ ਮੌਕਾ ਪ੍ਰਦਾਨ ਕਰਦਾ ਹੈ। ਇਸ ਤਰ੍ਹਾਂ ਸੈਰ-ਸਪਾਟਾ ਮਨੋਰੰਜਨ ਦੇ ਨਾਲ-ਨਾਲ ਇਤਿਹਾਸਕ ਚੇਤਨਾ, ਦੇਸ਼ ਭਗਤੀ ਅਤੇ ਨਾਗਰਿਕ ਜ਼ਿੰਮੇਵਾਰੀ ਦੀ ਸਿੱਖਿਆ ਦਾ ਮਾਧਿਅਮ ਵੀ ਬਣਦਾ ਹੈ।
ਏਕਤਾ ਨਗਰ ਦੀ ਇੱਕ ਹੋਰ ਵਿਸ਼ੇਸ਼ਤਾ ਇਸ ਦੇ ਆਲੇ-ਦੁਆਲੇ ਵਿਕਸਿਤ ਕੀਤੇ ਕੁਦਰਤ ਅਤੇ ਵਾਤਾਵਰਨ ਨਾਲ ਜੁੜੇ ਆਕਰਸ਼ਣ ਹਨ। ਵੈਲੀ ਆਫ਼ ਫਲਾਵਰਜ਼, ਜੰਗਲ ਸਫ਼ਾਰੀ, ਆਰੋਗਿਆ ਵਨ, ਵਿਸ਼ਵ ਵਨ ਅਤੇ ਏਕਤਾ ਨਰਸਰੀ ਵਰਗੇ ਸਥਾਨ ਸੈਲਾਨੀਆਂ ਨੂੰ ਕੁਦਰਤੀ ਸੁੰਦਰਤਾ ਨਾਲ ਜੋੜਨ ਦੇ ਨਾਲ-ਨਾਲ ਜੈਵ-ਵਿਭਿੰਨਤਾ, ਬਨਸਪਤੀ ਅਤੇ ਵਾਤਾਵਰਨ ਸੰਭਾਲ ਪ੍ਰਤੀ ਜਾਗਰੂਕਤਾ ਵੀ ਪੈਦਾ ਕਰਦੇ ਹਨ। ਇਸ ਤਰ੍ਹਾਂ ਏਕਤਾ ਨਗਰ ਇੱਕ ਸਮਾਰਕ ਤੋਂ ਅੱਗੇ ਵਧ ਕੇ ਕੌਮੀ ਮਾਣ, ਵਾਤਾਵਰਨ ਸੰਭਾਲ, ਸੈਰ-ਸਪਾਟੇ ਅਤੇ ਖੇਤਰੀ ਵਿਕਾਸ ਦੇ ਬਹੁਪੱਖੀ ਕੇਂਦਰ ਵਜੋਂ ਆਪਣੀ ਪਛਾਣ ਸਥਾਪਤ ਕਰ ਰਿਹਾ ਹੈ।
ਨਰਮਦਾ ਨਦੀ ਦਾ ਕੁਦਰਤੀ ਵਾਤਾਵਰਨ ਅਤੇ ਸਰਦਾਰ ਸਰੋਵਰ ਡੈਮ ਵੀ ਇਸ ਸਮੁੱਚੇ ਖੇਤਰ ਦੀ ਮਹੱਤਤਾ ਨੂੰ ਹੋਰ ਵਧਾਉਂਦੇ ਹਨ। ਇੱਥੇ ਕੁਦਰਤੀ ਸਰੋਤਾਂ, ਜਲ ਪ੍ਰਬੰਧਨ, ਬੁਨਿਆਦੀ ਢਾਂਚੇ ਅਤੇ ਆਰਥਿਕ ਵਿਕਾਸ ਦਾ ਆਪਸੀ ਤਾਲਮੇਲ ਦੇਖਣ ਨੂੰ ਮਿਲਦਾ ਹੈ। ਇਹ ਭਾਰਤ ਦੀ ਉਸ ਵਿਕਾਸਮੁਖੀ ਸੋਚ ਨੂੰ ਦਰਸਾਉਂਦਾ ਹੈ, ਜਿਸ ਵਿੱਚ ਇਤਿਹਾਸਕ ਵਿਰਾਸਤ ਅਤੇ ਕੁਦਰਤੀ ਸਰੋਤਾਂ ਨੂੰ ਆਧੁਨਿਕ ਵਿਕਾਸ ਨਾਲ ਜੋੜਿਆ ਜਾ ਰਿਹਾ ਹੈ।
ਇਸ ਵਿਕਾਸ ਦਾ ਇੱਕ ਅਹਿਮ ਪੱਖ ਸਥਾਨਕ ਆਰਥਿਕਤਾ ਨਾਲ ਜੁੜਿਆ ਹੋਇਆ ਹੈ। ਸੈਰ-ਸਪਾਟੇ ਦੇ ਵਿਸਥਾਰ ਨਾਲ ਹੋਟਲਾਂ, ਆਵਾਜਾਈ, ਖਾਣ-ਪੀਣ, ਸਥਾਨਕ ਉਤਪਾਦਾਂ ਅਤੇ ਹੋਰ ਸੇਵਾਵਾਂ ਦੇ ਖੇਤਰਾਂ ਵਿੱਚ ਨਵੇਂ ਮੌਕੇ ਪੈਦਾ ਹੋਏ ਹਨ। ਇਸ ਨਾਲ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੀਆਂ ਸੰਭਾਵਨਾਵਾਂ ਵਧੀਆਂ ਹਨ। ਖ਼ਾਸ ਕਰਕੇ ਆਲੇ-ਦੁਆਲੇ ਦੇ ਪੇਂਡੂ ਅਤੇ ਆਦਿਵਾਸੀ ਭਾਈਚਾਰਿਆਂ ਦੀ ਭਾਗੀਦਾਰੀ ਇਸ ਵਿਕਾਸ ਨੂੰ ਸਮਾਜਿਕ ਪੱਖੋਂ ਵੀ ਮਹੱਤਵਪੂਰਨ ਬਣਾਉਂਦੀ ਹੈ।
ਹਾਲਾਂਕਿ, ਕਿਸੇ ਵੀ ਵਿਕਾਸ ਮਾਡਲ ਦੀ ਸਫ਼ਲਤਾ ਸਿਰਫ਼ ਸੈਲਾਨੀਆਂ ਦੀ ਗਿਣਤੀ ਜਾਂ ਬੁਨਿਆਦੀ ਢਾਂਚੇ ਦੀ ਵਿਸ਼ਾਲਤਾ ਨਾਲ ਨਹੀਂ ਮਾਪੀ ਜਾ ਸਕਦੀ। ਇਸ ਦੀ ਅਸਲ ਕਸੌਟੀ ਸਥਾਨਕ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ, ਉਨ੍ਹਾਂ ਲਈ ਰੁਜ਼ਗਾਰ ਦੇ ਸਥਾਈ ਮੌਕਿਆਂ ਦੀ ਸਿਰਜਣਾ ਅਤੇ ਵਾਤਾਵਰਨ ਦੀ ਪ੍ਰਭਾਵਸ਼ਾਲੀ ਸੰਭਾਲ ਹੈ। ਏਕਤਾ ਨਗਰ ਦੇ ਲੰਮੇ ਸਮੇਂ ਦੇ ਵਿਕਾਸ ਲਈ ਇਨ੍ਹਾਂ ਤਿੰਨਾਂ ਪਹਿਲੂਆਂ ਵਿਚਕਾਰ ਸੰਤੁਲਨ ਬਣਾਈ ਰੱਖਣਾ ਲਾਜ਼ਮੀ ਹੈ।
ਰਾਸ਼ਟਰੀ ਏਕਤਾ ਦਿਵਸ ਦਾ ਸੰਦੇਸ਼ ਕਿਸੇ ਇੱਕ ਦਿਨ ਦੇ ਸਮਾਗਮ ਜਾਂ ਰਸਮੀ ਸ਼ਰਧਾਂਜਲੀ ਤੱਕ ਸੀਮਤ ਨਹੀਂ ਹੋਣਾ ਚਾਹੀਦਾ। ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣਾ ਹਰ ਪੀੜ੍ਹੀ ਦੀ ਸਾਂਝੀ ਜ਼ਿੰਮੇਵਾਰੀ ਹੈ। ਭਾਰਤ ਦੀ ਸਭ ਤੋਂ ਵੱਡੀ ਤਾਕਤ ਇਸ ਦੀ ਵਿਭਿੰਨਤਾ ਹੈ। ਵੱਖ-ਵੱਖ ਧਰਮਾਂ, ਭਾਸ਼ਾਵਾਂ, ਜਾਤਾਂ ਅਤੇ ਸੱਭਿਆਚਾਰਾਂ ਦੇ ਬਾਵਜੂਦ ਸਾਂਝੀ ਕੌਮੀ ਪਛਾਣ, ਸੰਵਿਧਾਨਕ ਮਰਿਆਦਾਵਾਂ ਅਤੇ ਆਪਸੀ ਸਤਿਕਾਰ ਦੀ ਭਾਵਨਾ ਹੀ ਸਾਨੂੰ ਇੱਕ ਰਾਸ਼ਟਰ ਵਜੋਂ ਜੋੜਦੀ ਹੈ। ਸਮਾਜਿਕ ਸਦਭਾਵਨਾ, ਸੰਸਥਾਵਾਂ ਵਿੱਚ ਭਰੋਸਾ ਅਤੇ ਕੌਮੀ ਹਿੱਤਾਂ ਨੂੰ ਪਹਿਲ ਦੇਣ ਦਾ ਜਜ਼ਬਾ ਇਸ ਏਕਤਾ ਦੇ ਬੁਨਿਆਦੀ ਥੰਮ੍ਹ ਹਨ।
ਭਾਰਤ ਜਦੋਂ ਆਜ਼ਾਦੀ ਦੇ ਸੌ ਸਾਲ ਪੂਰੇ ਹੋਣ ’ਤੇ 2047 ਤੱਕ ਵਿਕਸਿਤ ਰਾਸ਼ਟਰ ਬਣਨ ਦੇ ਸੰਕਲਪ ਨਾਲ ਅੱਗੇ ਵਧ ਰਿਹਾ ਹੈ, ਤਾਂ ਏਕਤਾ ਨਗਰ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ। ਇਹ ਸਥਾਨ ਇੱਕ ਪਾਸੇ ਆਧੁਨਿਕ ਭਾਰਤ ਦੀ ਉਸ ਇਤਿਹਾਸਕ ਨੀਂਹ ਦੀ ਯਾਦ ਦਿਵਾਉਂਦਾ ਹੈ, ਜਿਸ ਦੀ ਉਸਾਰੀ ਵਿੱਚ ਸਰਦਾਰ ਪਟੇਲ ਨੇ ਨਿਰਣਾਇਕ ਭੂਮਿਕਾ ਨਿਭਾਈ ਅਤੇ ਦੂਜੇ ਪਾਸੇ ਭਵਿੱਖ ਦੇ ਭਾਰਤ ਦੀਆਂ ਵਿਕਾਸਮੁਖੀ ਇੱਛਾਵਾਂ ਦਾ ਪ੍ਰਤੀਕ ਬਣਦਾ ਹੈ।
ਵਿਕਸਿਤ ਭਾਰਤ ਦਾ ਸੁਪਨਾ ਸਿਰਫ਼ ਆਰਥਿਕ ਖ਼ੁਸ਼ਹਾਲੀ, ਆਧੁਨਿਕ ਬੁਨਿਆਦੀ ਢਾਂਚੇ ਜਾਂ ਵਿਸ਼ਵ ਪੱਧਰ ’ਤੇ ਪ੍ਰਭਾਵਸ਼ਾਲੀ ਸਥਾਨ ਹਾਸਲ ਕਰਨ ਤੱਕ ਸੀਮਤ ਨਹੀਂ ਹੋ ਸਕਦਾ। ਇਸ ਦੀ ਸਫ਼ਲਤਾ ਲਈ ਕੌਮੀ ਅਖੰਡਤਾ, ਸਮਾਜਿਕ ਸਦਭਾਵਨਾ, ਸਾਰਿਆਂ ਲਈ ਬਰਾਬਰ ਮੌਕੇ ਅਤੇ ਵਿਕਾਸ ਦੇ ਲਾਭਾਂ ਦੀ ਨਿਆਂਪੂਰਨ ਵੰਡ ਵੀ ਲਾਜ਼ਮੀ ਹੈ। ਮਜ਼ਬੂਤ ਰਾਸ਼ਟਰ ਉਹੀ ਹੁੰਦਾ ਹੈ, ਜਿੱਥੇ ਵਿਕਾਸ ਦੇ ਨਾਲ-ਨਾਲ ਸਮਾਜਿਕ ਭਰੋਸਾ, ਸਾਂਝੀ ਜ਼ਿੰਮੇਵਾਰੀ ਅਤੇ ਕੌਮੀ ਮਾਣ ਦੀ ਭਾਵਨਾ ਵੀ ਮਜ਼ਬੂਤ ਹੋਵੇ।
ਏਕਤਾ ਨਗਰ ਦੀ ਅਸਲ ਮਹੱਤਤਾ ਇਸ ਦੇ 182 ਮੀਟਰ ਉੱਚੇ ਬੁੱਤ ਵਿੱਚ ਹੀ ਨਹੀਂ, ਸਗੋਂ ਉਸ ਕੌਮੀ ਸੰਕਲਪ ਵਿੱਚ ਹੈ, ਜਿਸ ਦੀ ਇਹ ਪ੍ਰਤੀਨਿਧਤਾ ਕਰਦਾ ਹੈ। ਸਰਦਾਰ ਪਟੇਲ ਨੇ ਆਪਣੀ ਦੂਰਦਰਸ਼ਤਾ, ਦ੍ਰਿੜ੍ਹ ਇੱਛਾ-ਸ਼ਕਤੀ ਅਤੇ ਅਸਾਧਾਰਨ ਅਗਵਾਈ ਨਾਲ ਜਿਸ ਰਾਸ਼ਟਰੀ ਏਕਤਾ ਨੂੰ ਹਕੀਕਤ ਬਣਾਇਆ, ਉਸ ਨੂੰ ਸੰਭਾਲਣਾ ਅਤੇ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਸਾਡਾ ਫ਼ਰਜ਼ ਹੈ। ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਏਕਤਾ ਦੇ ਉਸ ਸੰਕਲਪ ਨੂੰ ਆਪਣੇ ਜੀਵਨ ਅਤੇ ਕੌਮੀ ਵਿਹਾਰ ਦਾ ਹਿੱਸਾ ਬਣਾਈਏ। ਕਿਉਂਕਿ ਰਾਸ਼ਟਰ ਸਿਰਫ਼ ਭੂਗੋਲਿਕ ਹੱਦਾਂ ਨਾਲ ਨਹੀਂ, ਸਗੋਂ ਸਾਂਝੇ ਵਿਸ਼ਵਾਸ, ਆਪਸੀ ਸਦਭਾਵਨਾ ਅਤੇ ਇਕਜੁੱਟ ਸੰਕਲਪ ਨਾਲ ਮਜ਼ਬੂਤ ਹੁੰਦੇ ਹਨ। ਇਹੀ ਰਾਸ਼ਟਰੀ ਏਕਤਾ ਦਿਵਸ ਦਾ ਸੰਦੇਸ਼ ਅਤੇ ਵਿਕਸਿਤ ਭਾਰਤ @2047 ਦੀ ਮਜ਼ਬੂਤ ਨੀਂਹ ਹੈ।