Sunday, 29 November 2026
BREAKING
• ਮੁਹਾਲੀ ਦੇ ਤਿੰਨ ਪਿੰਡਾਂ ਵਿੱਚ 651 ਪ੍ਰਾਪਰਟੀ ਕਾਰਡ ਵੰਡੇ ਗਏ — ਵਿਧਾਇਕ ਕੁਲਵੰਤ ਸਿੰਘ • ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ, ‘ਆਪ’ ਨੇ ਦੋ ਸੂਚੀਆਂ ਵਿੱਚ 17 ਉਮੀਦਵਾਰ ਐਲਾਨੇ • ਰਾਏਕੋਟ ਦੇ ਕਈ ਇਲਾਕਿਆਂ ਵਿੱਚ 27 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ • ਡਾਕ ਸੇਵਾਵਾਂ ਲਈ 1,141 ਕਰੋੜ ਅਤੇ ਡਾਕ ਵਿਭਾਗ ਦੀਆਂ ਇਮਾਰਤਾਂ ਲਈ 1,491 ਕਰੋੜ ਰੁਪਏ ਮਨਜ਼ੂਰ • ਭਾਰਤ ਵਿੱਚ ਉਸਾਰੀ ਮਸ਼ੀਨਰੀ ਬਣਾਉਣ ਲਈ 11,000 ਕਰੋੜ ਰੁਪਏ ਦੀ ਯੋਜਨਾ ਮਨਜ਼ੂਰ • ਜਨਕਪੁਰ ਧਾਮ ਤੋਂ ਅਯੁੱਧਿਆ ਲਈ ਰੇਲਗੱਡੀ ਨੂੰ ਹਰੀ ਝੰਡੀ, ਹਫ਼ਤਾਵਾਰੀ ਸੇਵਾ 28 ਨਵੰਬਰ ਤੋਂ • ਭਾਰਤ ਵਿੱਚ ਐੱਚਪੀਵੀ ਟੀਕੇ ਦੀਆਂ ਇੱਕ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ • ਜੇਈਈ ਮੇਨ 2027 ਲਈ ਲੇਟ ਫ਼ੀਸ ਨਾਲ ਅਰਜ਼ੀਆਂ ਸ਼ੁਰੂ, 26 ਨਵੰਬਰ ਤੱਕ ਮੌਕਾ • ਪੰਜਾਬ ਪੁਲਿਸ ਵੱਲੋਂ 581 ਥਾਵਾਂ ’ਤੇ ਛਾਪੇ, 243 ਗ੍ਰਿਫ਼ਤਾਰੀਆਂ ਤੇ ਪੰਜ ਹਥਿਆਰ ਬਰਾਮਦ • ਖੰਨਾ ਵਿੱਚ ਦੋ ਏਟੀਐੱਮ ਨਿਸ਼ਾਨਾ ਬਣੇ, ਸਮਰਾਲਾ ਰੋਡ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ

Article

ਮੁਸਕਾਨ: ਕਿਸੇ ਦੇ ਦਿਲ ਨੂੰ ਜਿਊਣ ਦਾ ਹੌਸਲਾ ਦੇਣ ਦੀ ਤਾਕਤ

ਸਿਮਰਨਜੀਤ ਕੌਰ | Updated on Sunday, November 01, 2026 17:00 PM IST

ਮੇਲ ਨਾਲ ਪ੍ਰਾਪਤ ਤਸਵੀਰ

ਮੁਸਕਾਨ ਕੁਦਰਤ ਵੱਲੋਂ ਇਨਸਾਨ ਨੂੰ ਮਿਲਿਆ ਇੱਕ ਅਜਿਹਾ ਅਨਮੋਲ ਤੋਹਫ਼ਾ ਹੈ, ਜਿਸ ਦੀ ਕੋਈ ਕੀਮਤ ਨਹੀਂ, ਪਰ ਇਸ ਦੀ ਅਹਿਮੀਅਤ ਦੁਨੀਆ ਦੀ ਹਰ ਕੀਮਤੀ ਚੀਜ਼ ਤੋਂ ਵੱਧ ਹੈ। ਮੁਸਕਾਨ ਇੱਕ ਅਜਿਹੀ ਖ਼ੂਬਸੂਰਤੀ ਹੈ, ਜਿਸ ਨੂੰ ਨਿਖਾਰਨ ਲਈ ਨਾ ਕਿਸੇ ਗਹਿਣੇ ਦੀ ਲੋੜ ਹੁੰਦੀ ਹੈ ਅਤੇ ਨਾ ਹੀ ਕਿਸੇ ਮਹਿੰਗੇ ਸ਼ਿੰਗਾਰ ਦੀ। ਇਹ ਤਾਂ ਦਿਲ ਦੀ ਉਹ ਰੌਸ਼ਨੀ ਹੈ, ਜੋ ਬਿਨਾਂ ਕੋਈ ਸ਼ਬਦ ਬੋਲੇ ਸਾਹਮਣੇ ਵਾਲੇ ਦੇ ਦਿਲ ਤੱਕ ਪਹੁੰਚ ਜਾਂਦੀ ਹੈ।

ਕਈ ਵਾਰ ਇਨਸਾਨ ਦੇ ਬੋਲੇ ਹੋਏ ਹਜ਼ਾਰਾਂ ਸ਼ਬਦ ਉਹ ਅਸਰ ਨਹੀਂ ਕਰ ਸਕਦੇ, ਜੋ ਕਿਸੇ ਦੀ ਇੱਕ ਸੱਚੀ ਮੁਸਕਾਨ ਕਰ ਜਾਂਦੀ ਹੈ। ਇੱਕ ਪਿਆਰੀ ਜਿਹੀ ਮੁਸਕਾਨ ਅਣਜਾਣਿਆਂ ਨੂੰ ਆਪਣਾ ਬਣਾ ਲੈਂਦੀ ਹੈ, ਰੁੱਸਿਆਂ ਦੇ ਦਿਲਾਂ ਵਿੱਚ ਪਿਆਰ ਜਗਾ ਦਿੰਦੀ ਹੈ ਅਤੇ ਨਿਰਾਸ਼ ਹੋ ਚੁੱਕੇ ਇਨਸਾਨ ਦੇ ਮਨ ਵਿੱਚ ਉਮੀਦ ਦਾ ਨਵਾਂ ਦੀਵਾ ਬਾਲ ਦਿੰਦੀ ਹੈ। ਇਹ ਉਹ ਖ਼ਾਮੋਸ਼ ਭਾਸ਼ਾ ਹੈ, ਜਿਸ ਨੂੰ ਸਮਝਣ ਲਈ ਕਿਸੇ ਭਾਸ਼ਾ ਜਾਂ ਸ਼ਬਦਕੋਸ਼ ਦੀ ਲੋੜ ਨਹੀਂ ਹੁੰਦੀ।

ਕਦੇ ਸੋਚਿਆ ਹੈ ਕਿ ਤੁਹਾਡੇ ਚਿਹਰੇ ਉੱਤੇ ਆਈ ਇੱਕ ਛੋਟੀ ਜਿਹੀ ਮੁਸਕਾਨ ਕਿਸੇ ਦੂਜੇ ਇਨਸਾਨ ਲਈ ਕਿੰਨੀ ਵੱਡੀ ਖ਼ੁਸ਼ੀ ਬਣ ਸਕਦੀ ਹੈ? ਹੋ ਸਕਦਾ ਹੈ ਕਿ ਕੋਈ ਵਿਅਕਤੀ ਸਵੇਰ ਤੋਂ ਹੀ ਪਰੇਸ਼ਾਨੀਆਂ ਨਾਲ ਜੂਝ ਰਿਹਾ ਹੋਵੇ, ਕਿਸੇ ਦੀਆਂ ਗੱਲਾਂ ਨੇ ਉਸ ਦਾ ਮਨ ਦੁਖਾਇਆ ਹੋਵੇ ਜਾਂ ਜ਼ਿੰਦਗੀ ਦੀਆਂ ਮੁਸ਼ਕਲਾਂ ਨੇ ਉਸ ਦੇ ਹੌਸਲੇ ਤੋੜ ਦਿੱਤੇ ਹੋਣ। ਅਜਿਹੇ ਸਮੇਂ ਜੇ ਕੋਈ ਉਸ ਨੂੰ ਪਿਆਰ ਨਾਲ ਮਿਲੇ, ਹੱਸ ਕੇ ਗੱਲ ਕਰੇ ਅਤੇ ਉਸ ਦੇ ਚਿਹਰੇ ਉੱਤੇ ਮੁਸਕਾਨ ਲਿਆਉਣ ਦੀ ਕੋਸ਼ਿਸ਼ ਕਰੇ ਤਾਂ ਇਹ ਉਸ ਲਈ ਕਿਸੇ ਵੱਡੀ ਦੌਲਤ ਤੋਂ ਘੱਟ ਨਹੀਂ ਹੁੰਦਾ।

ਪਰ ਮੁਸਕਾਨ ਦੀ ਇੱਕ ਹੋਰ ਵੀ ਡੂੰਘੀ ਕਹਾਣੀ ਹੈ, ਜਿਸ ਨੂੰ ਹਰ ਕੋਈ ਸਮਝ ਨਹੀਂ ਸਕਦਾ। ਇਹ ਜ਼ਰੂਰੀ ਨਹੀਂ ਕਿ ਜਿਹੜਾ ਇਨਸਾਨ ਹਰ ਵੇਲੇ ਹੱਸਦਾ ਦਿਖਾਈ ਦਿੰਦਾ ਹੈ, ਉਸ ਦੀ ਜ਼ਿੰਦਗੀ ਵਿੱਚ ਕੋਈ ਦੁੱਖ ਜਾਂ ਤਕਲੀਫ਼ ਨਹੀਂ ਹੁੰਦੀ। ਕਈ ਵਾਰ ਸਭ ਤੋਂ ਵੱਧ ਮੁਸਕਰਾਉਣ ਵਾਲੇ ਲੋਕ ਹੀ ਆਪਣੇ ਅੰਦਰ ਸਭ ਤੋਂ ਵੱਧ ਦਰਦ ਸਮੇਟ ਕੇ ਬੈਠੇ ਹੁੰਦੇ ਹਨ। ਉਹ ਆਪਣੀਆਂ ਅੱਖਾਂ ਵਿੱਚ ਛੁਪੇ ਹੰਝੂਆਂ ਨੂੰ ਦੁਨੀਆ ਸਾਹਮਣੇ ਨਹੀਂ ਆਉਣ ਦਿੰਦੇ। ਉਹ ਦੂਜਿਆਂ ਦੀਆਂ ਖ਼ੁਸ਼ੀਆਂ ਵਿੱਚ ਆਪਣੀ ਖ਼ੁਸ਼ੀ ਲੱਭਦੇ ਹਨ ਅਤੇ ਆਪਣੇ ਦੁੱਖਾਂ ਨੂੰ ਕਿਸੇ ਉੱਤੇ ਬੋਝ ਬਣਾਉਣ ਦੀ ਬਜਾਏ ਮੁਸਕਾਨ ਦੇ ਪਿੱਛੇ ਲੁਕਾ ਲੈਂਦੇ ਹਨ।

ਅਜਿਹੇ ਲੋਕਾਂ ਨੂੰ ਸਮਝਣ ਦੀ ਲੋੜ ਹੁੰਦੀ ਹੈ। ਹਰ ਹੱਸਦੇ ਚਿਹਰੇ ਨੂੰ ਖ਼ੁਸ਼ਹਾਲ ਸਮਝ ਲੈਣਾ ਠੀਕ ਨਹੀਂ। ਕਈ ਵਾਰ ਕਿਸੇ ਨੂੰ ਸਿਰਫ਼ ਇਹ ਪੁੱਛ ਲੈਣਾ ਕਿ 'ਤੁਸੀਂ ਠੀਕ ਹੋ ਨਾ?' ਉਸ ਦੇ ਦਿਲ ਨੂੰ ਬਹੁਤ ਵੱਡਾ ਸਹਾਰਾ ਦੇ ਸਕਦਾ ਹੈ। ਕਿਉਂਕਿ ਹਰ ਇਨਸਾਨ ਨੂੰ ਕਿਸੇ ਅਜਿਹੇ ਆਪਣੇ ਦੀ ਲੋੜ ਹੁੰਦੀ ਹੈ, ਜਿਸ ਸਾਹਮਣੇ ਉਹ ਬਿਨਾਂ ਕਿਸੇ ਡਰ, ਝਿਜਕ ਜਾਂ ਦਿਖਾਵੇ ਤੋਂ ਆਪਣੇ ਦਿਲ ਦੀ ਗੱਲ ਕਹਿ ਸਕੇ।

ਜ਼ਿੰਦਗੀ ਦਾ ਸਫ਼ਰ ਬਹੁਤ ਛੋਟਾ ਹੈ। ਪਤਾ ਨਹੀਂ ਕਿਹੜਾ ਮਿਲਣਾ ਆਖ਼ਰੀ ਮਿਲਣਾ ਹੋਵੇ, ਕਿਹੜੀ ਮੁਲਾਕਾਤ ਯਾਦ ਬਣ ਕੇ ਰਹਿ ਜਾਵੇ ਅਤੇ ਕਿਹੜਾ ਚਿਹਰਾ ਮੁੜ ਕਦੇ ਦੇਖਣ ਨੂੰ ਨਾ ਮਿਲੇ। ਫਿਰ ਕਿਉਂ ਅਸੀਂ ਆਪਣਾ ਕੀਮਤੀ ਸਮਾਂ ਨਫ਼ਰਤਾਂ, ਹੰਕਾਰ, ਈਰਖਾ, ਗਿਲੇ-ਸ਼ਿਕਵਿਆਂ ਅਤੇ ਛੋਟੀਆਂ-ਛੋਟੀਆਂ ਗੱਲਾਂ ਵਿੱਚ ਬਰਬਾਦ ਕਰਦੇ ਹਾਂ? ਕਿਉਂ ਨਾ ਅਸੀਂ ਆਪਣੇ ਰਿਸ਼ਤਿਆਂ ਨੂੰ ਪਿਆਰ ਨਾਲ ਸਾਂਭੀਏ, ਇੱਕ-ਦੂਜੇ ਦੀਆਂ ਭਾਵਨਾਵਾਂ ਦੀ ਕਦਰ ਕਰੀਏ ਅਤੇ ਜਿੱਥੇ ਸੰਭਵ ਹੋਵੇ, ਕਿਸੇ ਦੇ ਚਿਹਰੇ ਉੱਤੇ ਖ਼ੁਸ਼ੀ ਲਿਆਉਣ ਦਾ ਕਾਰਨ ਬਣੀਏ।

ਯਾਦ ਰੱਖੋ, ਕਿਸੇ ਨੂੰ ਹਸਾਉਣ ਲਈ ਬਹੁਤ ਵੱਡੀ ਦੌਲਤ ਜਾਂ ਉੱਚੇ ਰੁਤਬੇ ਦੀ ਲੋੜ ਨਹੀਂ ਹੁੰਦੀ। ਕਈ ਵਾਰ ਦੋ ਪਿਆਰ ਭਰੇ ਬੋਲ, ਥੋੜ੍ਹਾ ਜਿਹਾ ਸਤਿਕਾਰ, ਮੁਸੀਬਤ ਵੇਲੇ ਦਿੱਤਾ ਸਾਥ ਅਤੇ ਦਿਲੋਂ ਕੀਤੀ ਗਈ ਮੁਲਾਕਾਤ ਹੀ ਕਿਸੇ ਦੀ ਜ਼ਿੰਦਗੀ ਵਿੱਚ ਨਵੀਂ ਉਮੀਦ ਪੈਦਾ ਕਰ ਦਿੰਦੇ ਹਨ। ਪੈਸਾ ਇਨਸਾਨ ਨੂੰ ਸੁੱਖ-ਸਹੂਲਤਾਂ ਤਾਂ ਦੇ ਸਕਦਾ ਹੈ, ਪਰ ਦਿਲ ਦਾ ਸਕੂਨ, ਰਿਸ਼ਤਿਆਂ ਦੀ ਮਿਠਾਸ ਅਤੇ ਸੱਚੀ ਮੁਸਕਾਨ ਨਹੀਂ ਖ਼ਰੀਦ ਸਕਦਾ।

ਇਸ ਲਈ ਜਦੋਂ ਵੀ ਕਿਸੇ ਨੂੰ ਮਿਲੋ ਤਾਂ ਚਿਹਰੇ ਉੱਤੇ ਬਣਾਵਟੀ ਨਹੀਂ, ਸਗੋਂ ਦਿਲੋਂ ਨਿਕਲੀ ਮੁਸਕਾਨ ਰੱਖੋ। ਕਿਸੇ ਨਾਲ ਗੱਲ ਕਰੋ ਤਾਂ ਲਹਿਜ਼ੇ ਵਿੱਚ ਨਿਮਰਤਾ ਰੱਖੋ। ਕਿਸੇ ਦਾ ਦਿਲ ਦੁਖਾਉਣ ਤੋਂ ਪਹਿਲਾਂ ਉਸ ਦੀਆਂ ਭਾਵਨਾਵਾਂ ਬਾਰੇ ਜ਼ਰੂਰ ਸੋਚੋ। ਜੇ ਕੋਈ ਉਦਾਸ ਨਜ਼ਰ ਆਵੇ ਤਾਂ ਉਸ ਦੀ ਉਦਾਸੀ ਨੂੰ ਨਜ਼ਰਅੰਦਾਜ਼ ਨਾ ਕਰੋ। ਹੋ ਸਕਦਾ ਹੈ ਤੁਹਾਡਾ ਇੱਕ ਪਿਆਰ ਭਰਿਆ ਬੋਲ ਉਸ ਦੇ ਦਿਲ ਦਾ ਬਹੁਤ ਵੱਡਾ ਬੋਝ ਹਲਕਾ ਕਰ ਦੇਵੇ।

ਅਖੀਰ ਵਿੱਚ ਸਿਰਫ਼ ਇੰਨਾ ਹੀ ਕਹਿਣਾ ਚਾਹਾਂਗੀ ਕਿ ਮੁਸਕਾਨ ਵੰਡਣ ਨਾਲ ਕਦੇ ਘਟਦੀ ਨਹੀਂ, ਸਗੋਂ ਹੋਰ ਵਧਦੀ ਹੈ। ਜ਼ਿੰਦਗੀ ਵਿੱਚ ਅਜਿਹੇ ਇਨਸਾਨ ਬਣੋ, ਜਿਨ੍ਹਾਂ ਨੂੰ ਮਿਲ ਕੇ ਲੋਕਾਂ ਦੇ ਚਿਹਰਿਆਂ ਉੱਤੇ ਮੁਸਕਾਨ ਆ ਜਾਵੇ। ਕਿਸੇ ਦੀ ਉਦਾਸੀ ਦਾ ਕਾਰਨ ਨਹੀਂ, ਉਸ ਦੀ ਖ਼ੁਸ਼ੀ ਦੀ ਵਜ੍ਹਾ ਬਣੋ। ਕਿਸੇ ਦੇ ਜ਼ਖ਼ਮਾਂ ਉੱਤੇ ਨਮਕ ਛਿੜਕਣ ਵਾਲੇ ਨਹੀਂ, ਸਗੋਂ ਮੱਲ੍ਹਮ ਲਾਉਣ ਵਾਲੇ ਬਣੋ।

ਕਿਉਂਕਿ ਦੁਨੀਆ ਵਿੱਚ ਖ਼ੂਬਸੂਰਤ ਚਿਹਰਿਆਂ ਦੀ ਕੋਈ ਕਮੀ ਨਹੀਂ, ਪਰ ਖ਼ੂਬਸੂਰਤ ਦਿਲਾਂ ਅਤੇ ਦੂਜਿਆਂ ਦੇ ਚਿਹਰਿਆਂ ਉੱਤੇ ਮੁਸਕਾਨ ਲਿਆਉਣ ਵਾਲੇ ਇਨਸਾਨ ਬਹੁਤ ਘੱਟ ਮਿਲਦੇ ਹਨ।

ਮੁਸਕਰਾਉਂਦੇ ਰਹੋ, ਮੁਸਕਾਨਾਂ ਵੰਡਦੇ ਰਹੋ, ਕਿਉਂਕਿ ਹੋ ਸਕਦਾ ਹੈ ਤੁਹਾਡੀ ਇੱਕ ਮੁਸਕਾਨ ਕਿਸੇ ਦੀ ਜ਼ਿੰਦਗੀ ਦਾ ਸਭ ਤੋਂ ਸੋਹਣਾ ਪਲ ਬਣ ਜਾਵੇ!

Have something to say? Post your comment
X