ਰਾਏਕੋਟ, 31 ਅਕਤੂਬਰ (ਗੁਰਭਿੰਦਰ ਗੁਰੀ ) :- ਨਜਦੀਕੀ ਪਿੰਡ ਤੂੰਗਾਂਹੇੜੀ ਵਿਖੇ ਸਥਿਤ ਏਅਰਟੈਲ ਫਾਊਂਡੇਸ਼ਨ ਸੱਤਿਆ ਭਾਰਤੀ ਸਕੂਲ ਵਿੱਚ ਸਕੂਲ ਮੁਖੀ ਮੈਡਮ ਰਾਜਵਿੰਦਰ ਕੌਰ ਦੀ ਅਗਵਾਈ ਹੇਠ ਸਲਾਨਾ ਖੇਡ ਮੇਲਾ ਕਰਵਾਇਆ ਗਿਆ। ਜਿਸ ਵਿੱਚ ਸਕੂਲ ਦੇ ਬੱਚਿਆਂ ਵੱਲੋਂ ਵੱਧ ਚੜਕੇ ਭਾਗ ਲਿਆ ਗਿਆ। ਇਸ ਖੇਡ ਮੇਲੇ ਦਾ ਉਦਘਾਟਨ ਸਰਪੰਚ ਜਗਪ੍ਰੀਤ ਸਿੰਘ, ਪੰਚ ਦਰਸ਼ਨ ਸਿੰਘ ਤੇ ਕਲੱਸਟਰ ਕੋਆਰਡੀਨੇਟਰ ਸ਼ਰਨਜੀਤ ਕੌਰ ਨੇ ਸਾਂਝੇ ਤੌਰ ਤੇ ਕੀਤਾ। ਜਦਕਿ ਅਵਤਾਰ ਸਿੰਘ ਤੂਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਦੌਰਾਨ ਟਰੈਕ ਰੇਸ, ਬੋਰੀ ਰੇਸ, ਡੱਡੂ ਰੇਸ, ਬੈਕ ਰੇਸ, ਕਬੱਡੀ ਤੇ ਖੋ-ਖੋ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਜੇਤੂ ਬੱਚਿਆਂ ਨੂੰ ਇਨਾਮ ਦਿੰਦਿਆਂ ਸਰਪੰਚ ਜਗਪ੍ਰੀਤ ਸਿੰਘ ਨੇ ਕਿਹਾ ਕਿ ਖੇਡਾਂ ਪ੍ਰਤੀ ਬੱਚਿਆਂ ਦਾ ਲਗਾਵ ਹੋਣਾ ਚਾਹੀਦਾ ਹੈ ਕਿਉਂਕਿ ਖੇਡਾਂ ਹੀ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ।
ਸਕੂਲ ਮੁਖੀ ਮੈਡਮ ਰਾਜਵਿੰਦਰ ਕੌਰ ਨੇ ਪੰਚਾਇਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਖੇਡਾਂ ਹਰ ਸਾਲ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਬੱਚਿਆਂ ਨੂੰ ਖੇਡਾਂ ਰਾਹੀਂ ਅੱਗੇ ਲਿਜਾਇਆ ਜਾ ਸਕੇ ਜਿੱਥੇ ਬੱਚਾ ਆਪਣੇ ਸਕੂਲ, ਮਾਂ-ਬਾਪ ਤੇ ਦੇਸ਼ ਦਾ ਨਾਮ ਰੋਸ਼ਨ ਕਰੇ। ਖੇਡ ਮੇਲੇ ਦੀ ਸਮਾਪਤੀ ਤੋੰ ਪਹਿਲਾਂ ਜੇਤੂ ਰਹੇ ਬੱਚਿਆਂ ਨੂੰ ਸਰਪੰਚ ਜਗਪ੍ਰੀਤ ਸਿੰਘ ਤੁੰਗਾਂਹੇੜੀ ਤੇ ਹੋਰਨਾਂ ਵੱਲੋਂ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਮਨਰੇਗਾ ਪ੍ਰਧਾਨ ਪਰਮਜੀਤ ਕੌਰ, ਮੈਡਮ ਪ੍ਰਵੀਨ ਕੌਰ, ਮੈਡਮ ਗੁਰਪ੍ਰੀਤ ਕੌਰ, ਮੈਡਮ ਵੀਰਪਾਲ ਕੌਰ, ਮੈਡਮ ਕਮਲਜੀਤ ਕੌਰ, ਗੁਰਮੁਖ ਸਿੰਘ ਤੋਂ ਇਲਾਵਾ ਬੱਚਿਆਂ ਦੇ ਮਾਪੇ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।