ਰਾਏਕੋਟ, 31 ਅਕਤੂਬਰ (ਗੁਰਭਿੰਦਰ ਗੁਰੀ ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 5 ਸਿੱਖ ਲਾਈਟ ਇਨਫੈਂਟਰੀ ਦੇ ਸਾਬਕਾ ਸੈਨਿਕਾਂ ਵਲੋਂ 61ਵਾਂ ਬੈਟਲ ਹੌਨਰ ਡੇਅ ਮਿਤੀ 2 ਨਵੰਬਰ 2026 ਦਿਨ ਸੋਮਵਾਰ ਨੂੰ ਮਹਿਕ ਪੈਲੇਸ ਰਾਏਕੋਟ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬੇਦਾਰ ਪਰਮਜੀਤ ਸਿੰਘ ਧੂਲਕੋਟ ਚੇਅਰਮੈਨ, ਕੈਪਟਨ ਹਰਜਿੰਦਰ ਸਿੰਘ ਮਾਨੂੰਪੁਰ ਜਨਰਲ ਸਕੱਤਰ, ਹੌਲਦਾਰ ਮਨਜੀਤ ਸਿੰਘ ਖਹਿਰਾ ਅਤੇ ਹੌਲਦਾਰ ਕੇਵਲ ਸਿੰਘ ਲੋਹਟਬੱਦੀ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਪੁੰਛ ਜਿਲ੍ਹੇ ਦੇ ਮੈਂਡਰ-ਬਲਨੋਈ ਸੈਕਟਰ ਵਿੱਚ ਸਥਿਤ ਓ.ਪੀ. ਹਿੱਲ ਦੀ ਚੌਂਕੀ ਜੋ ਸਮੁੰਦਰ ਤਲ ਤੋਂ ਕਰੀਬ 5000 ਫੁੱਟ ਉਚਾਈ 'ਤੇ ਹੈ ਜਿਸ 'ਤੇ 1965 ਵਿੱਚ ਪਾਕਿਸਤਾਨ ਦੀ ਸੈਨਾ ਨੇ ਅਚਾਨਕ ਕਬਜ਼ਾ ਕਰ ਲਿਆ ਸੀ । ਉਨ੍ਹਾਂ ਦੱਸਿਆ ਕਿ 22 ਅਗਸਤ 1965 ਨੂੰ ਪੈਟਰੌਲਿੰਗ ਦੌਰਾਨ ਪਤਾ ਲੱਗਾ ਕਿ ਦੁਸ਼ਮਣ ਇਸ ਚੌਂਕੀ 'ਤੇ ਬੈਠ ਗਿਆ ਹੈ ।
ਬਟਾਲੀਅਨ 5 ਸਿੱਖ ਲਾਈਟ ਇਨਫੈਂਟਰੀ ਨੂੰ ਇਸ ਚੌਂਕੀ ਨੂੰ ਖਾਲੀ ਕਰਵਾਉਣ ਦਾ ਟਾਸਕ ਮਿਲਿਆ ਅਤੇ 2 ਤੇ 3 ਨਵੰਬਰ 1965 ਦੀ ਦਿਵਾਲੀ ਵਾਲੀ ਰਾਤ ਹਮਲਾ ਕਰਕੇ ਓ.ਪੀ. ਹਿੱਲ ਪੋਸਟ ਨੂੰ ਦੁਸ਼ਮਣ ਦੇ ਕਬਜ਼ੇ ਵਿੱਚੋਂ ਖਾਲੀ ਕਰਵਾ ਕੇ ਦੁਆਰਾ ਆਪਣੇ ਕਬਜ਼ੇ ਵਿੱਚ ਲਿਆ ਗਿਆ । ਇਸ ਕਾਰਵਾਈ ਦੌਰਾਨ ਬਟਾਲੀਅਨ ਦੇ ਤਿੰਨ ਅਹੁਦਿਆਂ, 35 ਅਦਰ ਰੈਂਕ ਅਤੇ 4 ਅਟੈਚ ਵਾਲੇ ਜਵਾਨ ਸ਼ਹਾਦਤ ਦਾ ਜਾਮ ਪੀ ਗਏ ਜਦਕਿ 140 ਅਦਰ ਰੈਂਕ ਗੰਭੀਰ ਜ਼ਖਮੀ ਹੋਏ । ਇਸ ਬਹਾਦਰੀ ਦੇ ਸਨਮਾਨ ਵਜੋਂ ਭਾਰਤ ਸਰਕਾਰ ਵਲੋਂ 5 ਸਿੱਖ ਲਾਈਟ ਇਨਫੈਂਟਰੀ ਨੂੰ ਬੈਟਲ ਹੌਨਰ, ਬੈਟਲ ਬੇਟਰ ਅਤੇ ਜੰਮੂ-ਕਸ਼ਮੀਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ । ਉਨ੍ਹਾਂ ਸਾਬਕਾ ਸੈਨਿਕਾਂ ਨੂੰ ਸਮਾਗਮ ਵਿੱਚ ਪਹੁੰਚ ਕੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੀ ਅਪੀਲ ਕੀਤੀ ਗਈ ਹੈ