‘ਲਫ਼ਜ਼ਾਂ ਦੀ ਬਾਰਿਸ਼’ ਦੇ ਲੋਕ ਅਰਪਣ ਮੌਕੇ ਹਾਜ਼ਰ ਸਾਹਿਤਕਾਰ।
ਬਰਨਾਲਾ (ਗੁਰਭਿੰਦਰ ਗੁਰੀ) ਸਿਰਜਣਾ ਤੇ ਸੰਵਾਦ ਸਾਹਿਤ ਸਭਾ (ਰਜਿ.) ਬਰਨਾਲਾ ਵੱਲੋਂ ਐਸ.ਡੀ. ਕਾਲਜ ਬਰਨਾਲਾ ਵਿਖੇ ਸਾਹਿਤਕ ਮਾਹੌਲ ਵਿੱਚ ਕਵਿਤਰੀ ਗੁਰਜੀਤ ਕੌਰ ਰਾਣੂ ਦੇ ਪਹਿਲੇ ਸੰਪਾਦਿਤ ਸਾਂਝੇ ਕਾਵਿ ਸੰਗ੍ਰਹਿ 'ਲਫ਼ਜ਼ਾਂ ਦੀ ਬਾਰਿਸ਼' ਦਾ ਲੋਕ ਅਰਪਣ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਪੰਜਾਬੀ ਸਾਹਿਤ, ਨਾਰੀ ਕਾਵਿ ਚੇਤਨਾ ਅਤੇ ਬਦਲਦੇ ਸਮਾਜਿਕ ਸੰਦਰਭਾਂ ਵਿੱਚ ਸਾਹਿਤ ਦੀ ਭੂਮਿਕਾ 'ਤੇ ਵਿਸਥਾਰਪੂਰਵਕ ਵਿਚਾਰ ਸਾਂਝੇ ਕੀਤੇ ਗਏ। ਸਭਾ ਦੀ ਪ੍ਰਧਾਨ ਅੰਜਨਾ ਮੈਨਨ ਨੇ ਹਾਜ਼ਰੀਨ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਪੁਸਤਕ ਸਮਕਾਲੀ ਪੰਜਾਬੀ ਸਾਹਿਤ ਵਿੱਚ ਨਵੀਂ ਸੋਚ ਅਤੇ ਸਿਰਜਣਾਤਮਕਤਾ ਦਾ ਮਹੱਤਵਪੂਰਨ ਯੋਗਦਾਨ ਹੈ।
ਸਮਾਗਮ ਦੇ ਮੁੱਖ ਮਹਿਮਾਨ ਵਜੋਂ ਪੰਜਾਬੀ ਸਾਹਿਤਕਾਰ, ਉੱਘੇ ਚਿੰਤਕ, ਪੰਜਾਬੀ ਸਾਹਿਤ ਸਭਾ ਹਰਿਆਣਾ ਦੇ ਪ੍ਰਧਾਨ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਸੁਦਰਸ਼ਨ ਗਾਸੋ ਨੇ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ਵਿੱਚ ਪੰਜਾਬੀ ਸਾਹਿਤ ਸਭਾ ਸਮਾਣਾ ਦੇ ਪ੍ਰਧਾਨ ਸ. ਰਾਜਬੀਰ ਸਿੰਘ ਮੱਲ੍ਹੀ ਅਤੇ ਇਕਬਾਲ ਕੌਰ ਉਦਾਸੀ ਸ਼ਾਮਲ ਰਹੇ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਨਿਰਮਲ ਕੌਰ ਨੀਰ, ਅੰਮ੍ਰਿਤਪਾਲ ਕੌਰ ਬਰਾੜ ਅਤੇ ਜਸਪ੍ਰੀਤ ਕੌਰ ਬੱਬੂ ਹਾਜ਼ਰ ਹੋਏ।
ਇਸ ਮੌਕੇ ਉੱਘੇ ਸਾਹਿਤਕਾਰ, ਪੰਜਾਬੀ ਲੇਖਕ ਸਭਾ ਸਮਾਣਾ ਦੇ ਮੋਢੀ ਅਹੁਦੇਦਾਰ ਅਤੇ ਹਰਿਆਣਾ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਤ੍ਰਲੋਚਨ ਸਿੰਘ ਮੀਰ ਅਤੇ ਸਾਹਿਤਕਾਰ ਗੋਪਾਲ ਸ਼ਰਮਾ ਦੀ ਵਿਸ਼ੇਸ਼ ਹਾਜ਼ਰੀ ਵੀ ਰਹੀ। ਡਾ. ਸੁਦਰਸ਼ਨ ਗਾਸੋ ਨੇ ਆਪਣੇ ਜੀਵਨ ਤਜਰਬਿਆਂ ਨਾਲ ਜੁੜੇ ਕਵਿਤਾ ਦੇ ਸਫ਼ਰ ਬਾਰੇ ਵਿਚਾਰ ਪ੍ਰਗਟ ਕਰਦਿਆਂ 'ਲਫ਼ਜ਼ਾਂ ਦੀ ਬਾਰਿਸ਼' ਉੱਤੇ ਵਿਸ਼ਲੇਸ਼ਣਾਤਮਕ ਪੇਪਰ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਪੁਸਤਕ ਵਿੱਚ ਸ਼ਾਮਲ ਸੱਤ ਕਵਿਤਰੀਆਂ ਦੀਆਂ ਰਚਨਾਵਾਂ ਨਾਰੀ ਕਾਵਿ ਚੇਤਨਾ ਦੀ ਮਜ਼ਬੂਤ ਅਭਿਵਿਆਕਤੀ ਹਨ, ਜੋ ਘਰੇਲੂ ਜ਼ਿੰਮੇਵਾਰੀਆਂ ਨਿਭਾਉਂਦਿਆਂ ਵੀ ਸਮੇਂ ਦੇ ਹਾਣ ਦੀਆਂ ਸਮਾਜਿਕ, ਭਾਵਨਾਤਮਕ ਅਤੇ ਮਨੁੱਖੀ ਸੰਵੇਦਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਜਾਗਰ ਕਰਦੀਆਂ ਹਨ।
ਤ੍ਲੋਚਨ ਸਿੰਘ ਮੀਰ ਨੇ ਅਜੋਕੀ ਪੰਜਾਬੀ ਕਵਿਤਾ ਵਿੱਚ ਨਾਰੀ ਸਿਰਜਣਾ ਦੀ ਭੂਮਿਕਾ ਉੱਤੇ ਚਰਚਾ ਕਰਦਿਆਂ ਕਿਹਾ ਕਿ ਬਦਲਦੇ ਸੱਭਿਆਚਾਰਕ ਦੌਰ ਵਿੱਚ ਸਮਾਜਿਕ ਚੁਣੌਤੀਆਂ ਦਾ ਸਾਹਮਣਾ ਕਰਨ ਵਾਲੇ ਬੁਲੰਦ ਹੌਸਲਿਆਂ ਦੇ ਸਾਹਿਤ ਦੀ ਲੋੜ ਪਹਿਲਾਂ ਨਾਲੋਂ ਵੱਧ ਹੈ। ਸਾਹਿਤਕਾਰ ਵਿਨੋਦ ਸੰਧੂ ਜਾਡਲਾ ਨੇ ਵੀ ਪੁਸਤਕ ਦੀਆਂ ਰਚਨਾਵਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਸਭਾ ਦੀ ਮੀਡੀਆ ਇੰਚਾਰਜ ਰੁਪਿੰਦਰ ਕੌਰ ਸ਼ਹਿਣਾ ਨੇ ਦੱਸਿਆ ਕਿ ਸੰਪਾਦਕ ਗੁਰਜੀਤ ਕੌਰ ਰਾਣੂ ਸਮੇਤ ਪੁਸਤਕ ਵਿੱਚ ਸ਼ਾਮਲ ਕਵਿਤਰੀਆਂ ਅੰਮ੍ਰਿਤਪਾਲ ਕੌਰ ਬਰਾੜ, ਨਿਰਮਲ ਨੀਰ ਅਤੇ ਜਸਪ੍ਰੀਤ ਕੌਰ ਬੱਬੂ ਨੇ ਆਪਣੀਆਂ ਰਚਨਾਵਾਂ ਦਾ ਪ੍ਰਭਾਵਸ਼ਾਲੀ ਪਾਠ ਕਰਕੇ ਸਰੋਤਿਆਂ ਤੋਂ ਭਰਪੂਰ ਪ੍ਰਸ਼ੰਸਾ ਹਾਸਲ ਕੀਤੀ।
ਕਵੀ ਦਰਬਾਰ ਦੌਰਾਨ ਸੁਖਪਾਲ ਕੌਰ ਬਾਠ, ਸਿਮਰਨਜੀਤ ਕੌਰ, ਹਰਸ਼ਪ੍ਰੀਤ ਕੌਰ, ਖੁਸ਼ਕਰਨਪ੍ਰੀਤ ਸਿੰਘ, ਦਵਿੰਦਰ ਸਿੰਘ ਪੰਡੋਰੀ, ਜਸਕਰਨ ਸਿੰਘ ਹਾਂਸ, ਮਨਜੀਤ ਕੌਰ ਸੰਧੂ ਅਲਾਲ, ਜਸਵੀਰ ਕੌਰ ਬਾਵਾ, ਰੁਪਿੰਦਰ ਕੌਰ ਸ਼ਹਿਣਾ, ਬਖਸ਼ੀਸ਼ ਸਿੰਘ ਸਿੱਧੂ ਅਲਾਲ, ਜਸਵਿੰਦਰ ਕੌਰ ਘਨੌਰੀ, ਮਨਦੀਪ ਕੌਰ ਭਦੌੜ, ਸੁਖਦਰਸ਼ਨ ਕੌਰ ਬਰਨਾਲਾ, ਸੁਖਵਿੰਦਰ ਕੌਰ, ਮੂਲ ਚੰਦ ਸ਼ਰਮਾ ਧੂਰੀ ਅਤੇ ਗੋਪਾਲ ਸ਼ਰਮਾ ਸਮੇਤ ਕਈ ਕਵੀਆਂ ਨੇ ਆਪਣਾ ਕਲਾਮ ਪੇਸ਼ ਕੀਤਾ। ਸਭਾ ਦੀ ਜਨਰਲ ਸਕੱਤਰ ਇਕਬਾਲ ਕੌਰ ਉਦਾਸੀ ਨੇ ਦੱਸਿਆ ਕਿ ਮੁੱਖ ਮਹਿਮਾਨਾਂ ਅਤੇ ਪ੍ਰਧਾਨਗੀ ਮੰਡਲ ਦੇ ਮੈਂਬਰਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ।
ਸੰਪਾਦਕ ਗੁਰਜੀਤ ਕੌਰ ਰਾਣੂ ਅਤੇ ਪੁਸਤਕ ਵਿੱਚ ਸ਼ਾਮਲ ਕਵਿਤਰੀਆਂ ਨੂੰ ਸਨਮਾਨ ਚਿੰਨ੍ਹ, ਸਰਟੀਫਿਕੇਟ ਅਤੇ ਫੁਲਕਾਰੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ, ਜਦਕਿ ਕਲਾਮ ਪੇਸ਼ ਕਰਨ ਵਾਲੇ ਸਾਰੇ ਕਵੀਆਂ ਨੂੰ ਵੀ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਪੰਜਾਬੀ ਸਾਹਿਤ ਸਭਾ ਸਮਾਣਾ ਵੱਲੋਂ ਸੰਪਾਦਿਤ ਸਾਂਝਾ ਕਾਵਿ ਸੰਗ੍ਰਹਿ 'ਦਰਪਣ' ਵੀ ਹਾਜ਼ਰੀਨ ਨੂੰ ਭੇਟ ਕੀਤਾ ਗਿਆ। ਸਮਾਗਮ ਵਿੱਚ ਮਨਜੀਤ ਸਿੰਘ ਰਾਣੂ, ਏਕਮਜੋਤ ਸਿੰਘ ਰਾਣੂ, ਯਾਦਵਿੰਦਰ ਸਿੰਘ, ਜੈ ਪਾਲ ਸਿੰਘ, ਰਜਿੰਦਰ ਕੌਰ, ਬਲਵੀਰ ਕੌਰ, ਪਰਦੀਪ ਕੌਰ ਟੱਲੇਵਾਲ, ਜਸਪ੍ਰੀਤ ਸਿੰਘ, ਇਸ਼ਵਨ ਸਿੰਘ, ਬੀਰਕੰਵਲ ਸਿੰਘ, ਪ੍ਰਭਜੋਤ ਸਿੰਘ, ਪੁਨੀਤ ਬਰਨਾਲਾ, ਹਰਮਨਦੀਪ ਸਿੰਘ, ਜਸਵੀਰ ਸਿੰਘ ਅਤੇ ਅੱਕੀ ਕੌਰ ਸਮੇਤ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਹਾਜ਼ਰ ਰਹੇ।
ਵਿਦੇਸ਼ ਵਿੱਚ ਵਸਦੇ ਪੰਜਾਬੀ ਅਤੇ ਸ਼ਿਵ ਕੁਮਾਰ ਬਟਾਲਵੀ ਸੰਸਥਾ ਯੂ.ਕੇ. ਦੇ ਪ੍ਰਧਾਨ ਤਲਵਿੰਦਰ ਸਿੰਘ ਢਿੱਲੋਂ ਵੱਲੋਂ ਸਭਾ ਲਈ 5100 ਰੁਪਏ ਦਾ ਸਹਾਇਤਾ ਫੰਡ ਭੇਟ ਕੀਤਾ ਗਿਆ, ਜਿਸ ਲਈ ਸਭਾ ਨੇ ਉਨ੍ਹਾਂ ਦਾ ਧੰਨਵਾਦ ਪ੍ਰਗਟਾਇਆ। ਸਮਾਗਮ ਦਾ ਮੰਚ ਸੰਚਾਲਨ ਰੁਪਿੰਦਰ ਕੌਰ ਸ਼ਹਿਣਾ ਨੇ ਬਾਖੂਬੀ ਨਿਭਾਇਆ, ਜਦਕਿ ਅੰਤ ਵਿੱਚ ਇਕਬਾਲ ਕੌਰ ਉਦਾਸੀ ਨੇ ਸਭ ਦਾ ਧੰਨਵਾਦ ਕੀਤਾ। ਹਾਜ਼ਰੀਨ ਲਈ ਚਾਹ-ਪਾਣੀ ਅਤੇ ਸਮੋਸਿਆਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।