ਤਪਾ ਮੰਡੀ ਵਿਖੇ ਲਗਾਏ ਮੈਡੀਕਲ ਕੈਂਪ ਦੀ ਤਸਵੀਰ।
ਤਪਾ ਮੰਡੀ/ ਬਰਨਾਲਾ(ਗੁਰਭਿੰਦਰ ਗੁਰੀ) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬੇਗਮਪੁਰਾ ਖਾਲਸਾ ਲਹਿਰ ਵੱਲੋਂ ਸਤਿਗੁਰੂ ਰਵਿਦਾਸ ਮਿਸ਼ਨ ਹਸਪਤਾਲ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ, ਤਪਾ ਮੰਡੀ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੇ ਪਹੁੰਚ ਕੇ ਸਿਹਤ ਸੇਵਾਵਾਂ ਦਾ ਲਾਭ ਲਿਆ। ਮਰੀਜ਼ਾਂ ਨੂੰ ਲੋੜ ਅਨੁਸਾਰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ, ਜਦਕਿ ਲੈਬ ਟੈਸਟਾਂ ’ਤੇ 60 ਫ਼ੀਸਦੀ ਛੋਟ ਦਿੱਤੀ ਗਈ।
ਕੈਂਪ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਕੈਂਪ ਵਿੱਚ ਆਉਣ ਵਾਲੇ ਜ਼ਿਆਦਾਤਰ ਮਰੀਜ਼ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਨਾਲ ਸਬੰਧਤ ਸਨ। ਪਹਿਲਾਂ ਤਿੰਨ ਦਿਨਾਂ ਦੀਆਂ ਮੁਫ਼ਤ ਦਵਾਈਆਂ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ, ਪਰ ਮਰੀਜ਼ਾਂ ਦੀਆਂ ਲੋੜਾਂ ਨੂੰ ਦੇਖਦਿਆਂ ਇਸ ਵਿੱਚ ਤਬਦੀਲੀ ਕੀਤੀ ਗਈ। ਜਿਨ੍ਹਾਂ ਮਰੀਜ਼ਾਂ ਨੂੰ ਇੱਕ ਹਫ਼ਤੇ ਜਾਂ ਦਸ ਦਿਨਾਂ ਦੀ ਦਵਾਈ ਦੀ ਲੋੜ ਸੀ, ਉਨ੍ਹਾਂ ਨੂੰ ਲੋੜ ਅਨੁਸਾਰ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ ਸੇਵਾ ਨਾਲ ਜੁੜੇ ਪ੍ਰਬੰਧਕਾਂ ਨੇ ਕਿਹਾ ਕਿ ਗੁਰੂ ਸਾਹਿਬਾਨ ਦੇ ਸਿਧਾਂਤਾਂ ਅਨੁਸਾਰ ਮਾਨਵਤਾ ਦੀ ਸੇਵਾ ਕਰਨਾ ਧਰਮ ਦੀ ਪਹਿਲੀ ਪੌੜੀ ਹੈ, ਜਦਕਿ ਡਾ. ਬੀ.ਆਰ. ਅੰਬੇਡਕਰ ਦੇ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ ਲੋੜਵੰਦ ਸਮਾਜ ਦੀ ਮਦਦ ਕਰਨਾ ਉੱਤਮ ਸੇਵਾ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਜੈ ਭੀਮ ਟੀਮ ਪੰਜਾਬ ਦੇ ਫਲਸਫੇ ਅਨੁਸਾਰ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਉਦੇਸ਼ ਨਾਲ ਇਹ ਉਪਰਾਲਾ ਕੀਤਾ ਗਿਆ ਹੈ। ਕੈਂਪ ਵਿੱਚ ਜੈ ਭੀਮ ਟੀਮ ਪੰਜਾਬ ਦੇ ਸਟੇਟ ਕੋਆਰਡੀਨੇਟਰ ਸਰਦਾਰ ਭਗਤ ਸਿੰਘ ਬਰਨਾਲਾ ਅਤੇ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਸਰਦਾਰ ਨਿਰਮਲ ਸਿੰਘ ਸਮਰਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਜੈ ਭੀਮ ਟੀਮ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਪ੍ਰਧਾਨ ਗੋਗੀ ਗਿੱਲ ਨੇ ਕੈਂਪ ਦੇ ਪ੍ਰਬੰਧਾਂ ਵਿੱਚ ਅਹਿਮ ਭੂਮਿਕਾ ਨਿਭਾਈ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਭਦੌੜ ਵਿਧਾਨ ਸਭਾ ਹਲਕੇ ਨਾਲ ਸਬੰਧਤ ਜਥੇਦਾਰ ਸਰਦਾਰ ਅਜੈਬ ਸਿੰਘ ਭੈਣੀ ਫੱਤਾ, ਸਰਦਾਰ ਗੁਰਮੇਲ ਸਿੰਘ ਅਸਪਾਲ ਅਤੇ ਸਰਦਾਰ ਇਕਬਾਲ ਸਿੰਘ ਘੁੰਨਸ ਵੀ ਆਪਣੇ ਸਾਥੀਆਂ ਸਮੇਤ ਹਾਜ਼ਰ ਸਨ। ਸਤਿਗੁਰੂ ਰਵਿਦਾਸ ਮਿਸ਼ਨ ਹਸਪਤਾਲ ਵੱਲੋਂ ਡਾਕਟਰ ਅਵਨੀਤ ਕੌਰ ਜੱਖੂ, ਹਸਪਤਾਲ ਸੁਪਰਵਾਈਜ਼ਰ ਭਗਤ ਸਿੰਘ ਅਤੇ ਨਿਰਮਲ ਸਿੰਘ, ਫਾਰਮਾਸਿਸਟ ਹਰਜਿੰਦਰ ਸਿੰਘ ਹੈਰੀ ਅਤੇ ਸਟਾਫ਼ ਮੈਂਬਰ ਆਈਸ਼ਾ ਮੈਡਮ, ਪੂਜਾ ਮੈਡਮ ਤੇ ਅਮਨਜੋਤ ਕੌਰ ਨੇ ਸੇਵਾਵਾਂ ਨਿਭਾਈਆਂ।
2 ਨਵੰਬਰ ਨੂੰ ਸ਼ਹਿਣਾ ਵਿਖੇ ਲੱਗੇਗਾ ਅਗਲਾ ਮੁਫ਼ਤ ਮੈਡੀਕਲ ਕੈਂਪ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਲੜੀ ਤਹਿਤ ਅਗਲਾ ਮੁਫ਼ਤ ਮੈਡੀਕਲ ਕੈਂਪ 2 ਨਵੰਬਰ ਨੂੰ ਪਿੰਡ ਸ਼ਹਿਣਾ ਵਿਖੇ ਛੇਵੀਂ ਪਾਤਸ਼ਾਹੀ ਦੇ ਗੁਰਦੁਆਰਾ ਸਾਹਿਬ ਵਿੱਚ ਲਗਾਇਆ ਜਾਵੇਗਾ। ਕੈਂਪ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਵੇਗਾ। ਇਸ ਦੌਰਾਨ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਸਤਿਗੁਰੂ ਰਵਿਦਾਸ ਮਿਸ਼ਨ ਹਸਪਤਾਲ ਦੀ ਸਮੁੱਚੀ ਟੀਮ ਪ੍ਰਬੰਧਕਾਂ ਦੀ ਅਗਵਾਈ ਹੇਠ ਸੇਵਾਵਾਂ ਨਿਭਾਏਗੀ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਇਮਾਨ ਸਿੰਘ ਮਾਨ ਦੇ ਵੀ ਦੁਪਹਿਰ ਕਰੀਬ 12 ਵਜੇ ਕੈਂਪ ਵਿੱਚ ਪਹੁੰਚਣ ਦੀ ਜਾਣਕਾਰੀ ਦਿੱਤੀ ਗਈ ਹੈ। ਕੈਂਪ ਦੀਆਂ ਤਿਆਰੀਆਂ ਲਈ ਭਦੌੜ ਵਿਧਾਨ ਸਭਾ ਹਲਕੇ ਦੇ ਯੂਥ ਵਿੰਗ ਦੇ ਪ੍ਰਧਾਨ ਗੁਰਜੀਤ ਸਿੰਘ ਸ਼ਹਿਣਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਕਲ ਸ਼ਹਿਣਾ ਦੀ ਸਮੁੱਚੀ ਟੀਮ ਜੁਟੀ ਹੋਈ ਹੈ। ਇਸ ਦੇ ਨਾਲ ਹੀ ਜੈ ਭੀਮ ਟੀਮ ਪੰਜਾਬ ਦੇ ਗੋਗੀ ਗਿੱਲ ਅਤੇ ਸਤਿਗੁਰੂ ਰਵਿਦਾਸ ਮਿਸ਼ਨ ਹਸਪਤਾਲ ਦੀ ਟੀਮ ਵੱਲੋਂ ਵੀ ਕੈਂਪ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।