ਮੰਗਤ ਸਿੰਘ ਸੈਦਪੁਰ / ਚਰਨ ਸਿੰਘ ਮੈਣ ਮਾਜਰੀ | Updated on Monday, October 26, 2026 23:24 PM IST
ਵਾਲਮੀਕਿ ਜੈਅੰਤੀ ਦੇ ਸਮਾਗਮ ਵਿੱਚ ਸ਼ਾਮਲ ਵਿਧਾਇਕ ਕੁਲਵੰਤ ਸਿੰਘ ਅਤੇ ਹੋਰ ਸ਼ਖ਼ਸੀਅਤਾਂ।
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 26 ਅਕਤੂਬਰ — ਭਗਵਾਨ ਸ੍ਰੀ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੋਹਾਲੀ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਧਾਰਮਿਕ ਸਮਾਗਮ ਕਰਵਾਏ ਗਏ। ਵਿਧਾਇਕ ਕੁਲਵੰਤ ਸਿੰਘ ਨੇ ਸੈਦਪੁਰ, ਸਨੇਟਾ ਅਤੇ ਗਡਾਣਾ ਦੇ ਸਮਾਗਮਾਂ ਵਿੱਚ ਹਾਜ਼ਰੀ ਭਰੀ।
ਸੈਦਪੁਰ ਦੀ ਸੰਗਤ ਨੇ ਵਾਲਮੀਕਿ ਭਵਨ ਲਈ ਸ਼ੈਡ ਦੀ ਉਸਾਰੀ ਅਤੇ ਲੌਕ ਟਾਈਲਾਂ ਲਗਾਉਣ ਦੀ ਮੰਗ ਰੱਖੀ। ਪ੍ਰਬੰਧਕਾਂ ਨੇ ਦੱਸਿਆ ਕਿ ਮੀਂਹ ਅਤੇ ਮੌਸਮ ਖ਼ਰਾਬ ਹੋਣ ਉੱਤੇ ਸਮਾਗਮਾਂ ਵਿੱਚ ਵਿਘਨ ਪੈਂਦਾ ਹੈ। ਵਿਧਾਇਕ ਨੇ ਸਬੰਧਤ ਕੰਮ ਪੂਰੇ ਕਰਵਾਉਣ ਲਈ ਸਹਿਯੋਗ ਦਾ ਭਰੋਸਾ ਦਿੱਤਾ।
ਕੁਲਵੰਤ ਸਿੰਘ ਨੇ ਸੰਗਤਾਂ ਨੂੰ ਵਧਾਈ ਦਿੰਦਿਆਂ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਬਾਰੇ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਉਣ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਾਂਝੇ ਧਾਰਮਿਕ ਸਮਾਗਮ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਦੇ ਹਨ।
ਮੇਅਰ ਸਰਬਜੀਤ ਸਿੰਘ ਸਮਾਣਾ ਨੇ ਤੰਗੋਰੀ, ਮਾਣਕਪੁਰ ਕਲਰ, ਬਰਿਆਲੀ ਅਤੇ ਮਟੌਰ ਦੇ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਆਪਸੀ ਪਿਆਰ ਤੇ ਸੇਵਾ ਦਾ ਸੁਨੇਹਾ ਦਿੱਤਾ। ਸਮਾਗਮਾਂ ਦੌਰਾਨ ਲੰਗਰ ਵੀ ਵਰਤਾਇਆ ਗਿਆ।