Sunday, 29 November 2026
BREAKING
• ਮੁਹਾਲੀ ਦੇ ਤਿੰਨ ਪਿੰਡਾਂ ਵਿੱਚ 651 ਪ੍ਰਾਪਰਟੀ ਕਾਰਡ ਵੰਡੇ ਗਏ — ਵਿਧਾਇਕ ਕੁਲਵੰਤ ਸਿੰਘ • ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ, ‘ਆਪ’ ਨੇ ਦੋ ਸੂਚੀਆਂ ਵਿੱਚ 17 ਉਮੀਦਵਾਰ ਐਲਾਨੇ • ਰਾਏਕੋਟ ਦੇ ਕਈ ਇਲਾਕਿਆਂ ਵਿੱਚ 27 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ • ਡਾਕ ਸੇਵਾਵਾਂ ਲਈ 1,141 ਕਰੋੜ ਅਤੇ ਡਾਕ ਵਿਭਾਗ ਦੀਆਂ ਇਮਾਰਤਾਂ ਲਈ 1,491 ਕਰੋੜ ਰੁਪਏ ਮਨਜ਼ੂਰ • ਭਾਰਤ ਵਿੱਚ ਉਸਾਰੀ ਮਸ਼ੀਨਰੀ ਬਣਾਉਣ ਲਈ 11,000 ਕਰੋੜ ਰੁਪਏ ਦੀ ਯੋਜਨਾ ਮਨਜ਼ੂਰ • ਜਨਕਪੁਰ ਧਾਮ ਤੋਂ ਅਯੁੱਧਿਆ ਲਈ ਰੇਲਗੱਡੀ ਨੂੰ ਹਰੀ ਝੰਡੀ, ਹਫ਼ਤਾਵਾਰੀ ਸੇਵਾ 28 ਨਵੰਬਰ ਤੋਂ • ਭਾਰਤ ਵਿੱਚ ਐੱਚਪੀਵੀ ਟੀਕੇ ਦੀਆਂ ਇੱਕ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ • ਜੇਈਈ ਮੇਨ 2027 ਲਈ ਲੇਟ ਫ਼ੀਸ ਨਾਲ ਅਰਜ਼ੀਆਂ ਸ਼ੁਰੂ, 26 ਨਵੰਬਰ ਤੱਕ ਮੌਕਾ • ਪੰਜਾਬ ਪੁਲਿਸ ਵੱਲੋਂ 581 ਥਾਵਾਂ ’ਤੇ ਛਾਪੇ, 243 ਗ੍ਰਿਫ਼ਤਾਰੀਆਂ ਤੇ ਪੰਜ ਹਥਿਆਰ ਬਰਾਮਦ • ਖੰਨਾ ਵਿੱਚ ਦੋ ਏਟੀਐੱਮ ਨਿਸ਼ਾਨਾ ਬਣੇ, ਸਮਰਾਲਾ ਰੋਡ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ

Article

ਖਿਡਾਰੀ, ਕੋਚ ਅਤੇ ਖੇਡ ਪ੍ਰਬੰਧਕ ਵਜੋਂ ਹਾਕੀ ਨੂੰ ਸਮਰਪਿਤ ਸਫ਼ਰ | ਮਾਝੇ ਦੀ ਹਾਕੀ ਦਾ ਬਾਦਸ਼ਾਹ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ

ਜਗਰੂਪ ਸਿੰਘ ਜਰਖੜ | Updated on Monday, October 26, 2026 23:24 PM IST

ਭਾਰਤੀ ਹਾਕੀ ਦੇ ਇਤਿਹਾਸ ਵਿੱਚ ਮਾਝੇ ਦੀ ਧਰਤੀ ਨੇ ਅਨੇਕਾਂ ਨਾਮਵਰ ਖਿਡਾਰੀ ਪੈਦਾ ਕੀਤੇ ਹਨ, ਪਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਦੀ ਸ਼ਖ਼ਸੀਅਤ ਇਨ੍ਹਾਂ ਵਿੱਚ ਇੱਕ ਵਿਸ਼ੇਸ਼ ਮੁਕਾਮ ਰੱਖਦੀ ਹੈ। ਮਾਝੇ ਦੀ ਹਾਕੀ ਦਾ ਬਾਦਸ਼ਾਹ ਕਹੇ ਜਾਣ ਵਾਲੇ ਬਲਵਿੰਦਰ ਸਿੰਘ ਸ਼ੰਮੀ ਦਾ ਖੇਡ ਸਫ਼ਰ ਸਿਰਫ਼ ਓਲੰਪਿਕ ਤੱਕ ਪਹੁੰਚਣ ਦੀ ਕਹਾਣੀ ਨਹੀਂ, ਸਗੋਂ ਭਾਰਤੀ ਹਾਕੀ ਦੀ ਸੇਵਾ ਨੂੰ ਆਪਣਾ ਜੀਵਨ ਸਮਰਪਿਤ ਕਰਨ ਦੀ ਇੱਕ ਪ੍ਰੇਰਨਾਦਾਇਕ ਦਾਸਤਾਨ ਹੈ। 1988 ਦੀਆਂ ਸਿਓਲ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਸ਼ੰਮੀ ਨੇ ਆਪਣੇ ਖੇਡ ਜੀਵਨ ਦੌਰਾਨ 196 ਅੰਤਰਰਾਸ਼ਟਰੀ ਮੈਚ ਖੇਡੇ।

ਦੋ ਏਸ਼ੀਆ ਹਾਕੀ ਕੱਪਾਂ ਵਿੱਚ ਚਾਂਦੀ ਦੇ ਤਮਗੇ ਅਤੇ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਮਗਾ, ਪ੍ਰੀ ਓਲੰਪਿਕ ਖੇਡਾਂ ਨਰੋਬੀ ਵਿਚ ਸੋਨ ਤਗਮਾ ਜਿੱਤਣ ਤੋਂ ਇਲਾਵਾ ਉਨ੍ਹਾਂ ਨੇ ਕੋਚ ਅਤੇ ਖੇਡ ਪ੍ਰਬੰਧਕ ਵਜੋਂ ਵੀ ਆਪਣੀ ਵੱਖਰੀ ਪਛਾਣ ਬਣਾਈ। ਅੰਮ੍ਰਿਤਸਰ ਦੀ ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਰਾਹੀਂ ਤਿੰਨ ਓਲੰਪੀਅਨ ਖਿਡਾਰੀਆਂ ਨੂੰ ਤਿਆਰ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਉਨ੍ਹਾਂ ਦੇ ਖੇਡ ਜੀਵਨ ਦਾ ਇੱਕ ਹੋਰ ਮਾਣਮੱਤਾ ਅਧਿਆਇ ਹੈ। 24 ਸਤੰਬਰ 1965 ਨੂੰ ਜਨਮੇ ਬਲਵਿੰਦਰ ਸਿੰਘ ਸ਼ੰਮੀ ਦੇ ਪਿਤਾ ਦਾ ਨਾਂ ਸ. ਸੁਰਿੰਦਰ ਸਿੰਘ ਹੈ।

ਭਾਰਤੀ ਰੇਲਵੇ ਵਿੱਚ ਚੀਫ਼ ਇੰਸਪੈਕਟਰ ਵਜੋਂ ਸੇਵਾਵਾਂ ਨਿਭਾਉਣ ਵਾਲੇ ਸ਼ੰਮੀ ਦੀ ਪਛਾਣ ਇੱਕ ਹਾਕੀ ਓਲੰਪੀਅਨ ਅਤੇ ਰਾਜ ਪੁਰਸਕਾਰ ਪ੍ਰਾਪਤ ਖਿਡਾਰੀ ਵਜੋਂ ਵੀ ਹੈ। ਸਿਓਲ ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕਿਸੇ ਵੀ ਖਿਡਾਰੀ ਲਈ ਓਲੰਪਿਕ ਖੇਡਾਂ ਵਿੱਚ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨਾ ਜੀਵਨ ਦੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ ਵਿੱਚੋਂ ਇੱਕ ਹੁੰਦਾ ਹੈ। ਬਲਵਿੰਦਰ ਸਿੰਘ ਸ਼ੰਮੀ ਨੇ 1988 ਦੀਆਂ ਸਿਓਲ ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਵੱਲੋਂ ਹਿੱਸਾ ਲਿਆ।

ਇਸ ਤੋਂ ਪਹਿਲਾਂ ਉਨ੍ਹਾਂ ਨੇ ਨੈਰੋਬੀ, ਕੀਨੀਆ ਵਿਖੇ ਓਲੰਪਿਕ ਤੋਂ ਪਹਿਲਾਂ ਹੋਏ ਹਾਕੀ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ ਸੀ। ਸਿਓਲ ਓਲੰਪਿਕ ਵਿੱਚ ਭਾਰਤੀ ਟੀਮ ਛੇਵੇਂ ਸਥਾਨ ’ਤੇ ਰਹੀ, ਪਰ ਵਿਸ਼ਵ ਦੇ ਸਭ ਤੋਂ ਵੱਡੇ ਖੇਡ ਮੰਚ ’ਤੇ ਦੇਸ਼ ਦੀ ਨੁਮਾਇੰਦਗੀ ਕਰਨਾ ਸ਼ੰਮੀ ਦੇ ਖੇਡ ਜੀਵਨ ਦੀ ਮਹੱਤਵਪੂਰਨ ਪ੍ਰਾਪਤੀ ਹੈ। ਏਸ਼ੀਆ ਕੱਪ ਅਤੇ ਏਸ਼ਿਆਈ ਖੇਡਾਂ ਵਿੱਚ ਤਮਗੇ ਬਲਵਿੰਦਰ ਸਿੰਘ ਸ਼ੰਮੀ ਦੇ ਅੰਤਰਰਾਸ਼ਟਰੀ ਖੇਡ ਜੀਵਨ ਦੀ ਇੱਕ ਹੋਰ ਅਹਿਮ ਪ੍ਰਾਪਤੀ ਦੋ ਏਸ਼ੀਆ ਕੱਪ ਮੁਕਾਬਲਿਆਂ ਵਿੱਚ ਚਾਂਦੀ ਦੇ ਤਮਗੇ ਜਿੱਤਣਾ ਹੈ।

ਉਨ੍ਹਾਂ ਨੇ 1985 ਵਿੱਚ ਢਾਕਾ ਵਿਖੇ ਹੋਏ ਦੂਜੇ ਏਸ਼ੀਆ ਕੱਪ ਅਤੇ 1989 ਵਿੱਚ ਨਵੀਂ ਦਿੱਲੀ ਵਿਖੇ ਹੋਏ ਤੀਜੇ ਏਸ਼ੀਆ ਕੱਪ ਵਿੱਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਚਾਂਦੀ ਦੇ ਤਮਗੇ ਹਾਸਲ ਕੀਤੇ। ਇਸੇ ਤਰ੍ਹਾਂ 1986 ਵਿੱਚ ਸਿਓਲ ਵਿਖੇ ਹੋਈਆਂ ਦਸਵੀਆਂ ਏਸ਼ਿਆਈ ਖੇਡਾਂ ਵਿੱਚ ਮਲੇਸ਼ੀਆ ਨੂੰ 4-1 ਗੋਲਾਂ ਨਾਲ ਹਰਾਕੇ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਮਗਾ ਜਿੱਤਿਆ। ਸ਼ੰਮੀ ਨੇ ਇਨ੍ਹਾਂ ਮੁਕਾਬਲਿਆਂ ਦੀਆਂ ਜਿੱਤਾਂ ਵਿੱਚ ਅਹਿਮ ਯੋਗਦਾਨ ਪਾਇਆ।

ਤਿੰਨ ਵਿਸ਼ਵ ਕੱਪਾਂ ਨਾਲ ਜੁੜਿਆ ਖੇਡ ਜੀਵਨ ਸ਼ੰਮੀ ਨੇ 1985 ਵਿੱਚ ਕੈਨੇਡਾ ਦੇ ਵੈਨਕੂਵਰ ਵਿਖੇ ਹੋਏ ਜੂਨੀਅਰ ਹਾਕੀ ਵਿਸ਼ਵ ਕੱਪ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਇਸ ਮੁਕਾਬਲੇ ਵਿੱਚ ਭਾਰਤੀ ਟੀਮ ਪੰਜਵੇਂ ਸਥਾਨ ’ਤੇ ਰਹੀ। ਇਸ ਤੋਂ ਬਾਅਦ 1986 ਵਿੱਚ ਲੰਡਨ ਅਤੇ 1990 ਵਿੱਚ ਲਾਹੌਰ ਵਿਖੇ ਹੋਏ ਸੀਨੀਅਰ ਹਾਕੀ ਵਿਸ਼ਵ ਕੱਪਾਂ ਵਿੱਚ ਵੀ ਉਹ ਭਾਰਤੀ ਟੀਮ ਦਾ ਹਿੱਸਾ ਰਹੇ।

ਏਸ਼ੀਆ ਕੱਪ, ਏਸ਼ਿਆਈ ਖੇਡਾਂ, ਵਿਸ਼ਵ ਕੱਪ ਅਤੇ ਓਲੰਪਿਕ ਵਰਗੇ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਉਨ੍ਹਾਂ ਦੇ ਲੰਮੇ ਅੰਤਰਰਾਸ਼ਟਰੀ ਖੇਡ ਜੀਵਨ ਦੀ ਗਵਾਹੀ ਭਰਦਾ ਹੈ। ਇਸ ਤੋਂ ਇਲਾਵਾ, 1985 ਤੋਂ 1993 ਤੱਕ ਸੀਨੀਅਰ ਕੌਮੀ ਹਾਕੀ ਚੈਂਪੀਅਨਸ਼ਿਪ ਵਿੱਚ ਰੇਲਵੇ ਟੀਮਾਂ ਦੀ ਪ੍ਰਤੀਨਿਧਤਾ ਕਰਦਿਆਂ ਉਨ੍ਹਾਂ ਨੇ ਚਾਰ ਸੋਨ ਤਮਗੇ ਜਿੱਤੇ। ਉਨ੍ਹਾਂ ਨੇ 196 ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤੀ ਹਾਕੀ ਟੀਮ ਦੀ ਨੁਮਾਇੰਦਗੀ ਕੀਤੀ।

ਕੋਚ ਬਣ ਕੇ ਰੇਲਵੇ ਹਾਕੀ ਨੂੰ ਦਿੱਤੀਆਂ ਸੇਵਾਵਾਂ ਖਿਡਾਰੀ ਵਜੋਂ ਆਪਣਾ ਤਜਰਬਾ ਹਾਸਲ ਕਰਨ ਤੋਂ ਬਾਅਦ ਬਲਵਿੰਦਰ ਸਿੰਘ ਸ਼ੰਮੀ ਨੇ ਕੋਚਿੰਗ ਦੇ ਖੇਤਰ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ। ਭਾਰਤੀ ਰੇਲਵੇ ਦੀ ਹਾਕੀ ਟੀਮ ਦੇ ਮੁੱਖ ਕੋਚ ਵਜੋਂ ਉਨ੍ਹਾਂ ਦੀਆਂ ਪ੍ਰਾਪਤੀਆਂ ਵਿੱਚ 1997 ਵਿੱਚ ਬੰਗਲੌਰ ਵਿਖੇ ਸੋਨ ਤਮਗਾ, 1998 ਵਿੱਚ ਹੈਦਰਾਬਾਦ ਵਿਖੇ ਕਾਂਸੀ ਦਾ ਤਮਗਾ ਅਤੇ 2000 ਵਿੱਚ ਜੰਮੂ ਵਿਖੇ ਚਾਂਦੀ ਦਾ ਤਮਗਾ ਸ਼ਾਮਲ ਹਨ। ਅੰਤਰਰਾਸ਼ਟਰੀ ਪੱਧਰ ’ਤੇ ਵੀ ਉਨ੍ਹਾਂ ਨੇ ਕੋਚ ਵਜੋਂ ਸੇਵਾਵਾਂ ਦਿੱਤੀਆਂ।

2000-01 ਵਿੱਚ ਰੂਸ ਵਿਖੇ ਚਾਰ ਦੇਸ਼ਾਂ ਦੇ ਹਾਕੀ ਮੁਕਾਬਲੇ ਅਤੇ 2001-02 ਵਿੱਚ ਕੀਨੀਆ, ਜ਼ਿੰਬਾਬਵੇ ਤੇ ਯੂਗਾਂਡਾ ਨਾਲ ਸਬੰਧਤ ਛੇ ਦੇਸ਼ਾਂ ਦੇ ਹਾਕੀ ਮੁਕਾਬਲੇ ਵਿੱਚ ਉਹ ਭਾਰਤੀ ਕੋਚਿੰਗ ਨਾਲ ਜੁੜੇ ਰਹੇ। 2006 ਵਿੱਚ ਉਨ੍ਹਾਂ ਨੇ ਪ੍ਰੀਮੀਅਰ ਹਾਕੀ ਲੀਗ ਦੀ ਟੀਮ ਸ਼ੇਰ-ਏ-ਜਲੰਧਰ ਦੇ ਮੁੱਖ ਕੋਚ ਵਜੋਂ ਵੀ ਭੂਮਿਕਾ ਨਿਭਾਈ। ਪੂਰਾ ਪਰਿਵਾਰ ਹਾਕੀ ਖੇਡ ਨੂੰ ਸਮਰਪਿਤ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਦੀ ਪਤਨੀ ਸੁਖਜੀਤ ਕੌਰ ਵੀ ਹਾਕੀ ਦੀ ਅੰਤਰਰਾਸ਼ਟਰੀ ਪੱਧਰ ਦੀ ਖਿਡਾਰਣ ਹੈ।

ਸੁਖਜੀਤ ਕੌਰ ਨੇ ਬਤੌਰ ਕੋਚ ਵੀ ਰੇਲਵੇ ਦੀ ਹਾਕੀ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਇਸ ਤੋਂ ਇਲਾਵਾ, ਉਨ੍ਹਾਂ ਦਾ ਬੇਟਾ ਹਰਿਸਾਹਿਬ ਜੀਤ ਸਿੰਘ ਸ਼ੰਮੀ ਵੀ ਹਾਕੀ ਦਾ ਅੰਤਰਰਾਸ਼ਟਰੀ ਪੱਧਰ ਦਾ ਖਿਡਾਰੀ ਰਿਹਾ ਹੈ। ਕੁੱਲ ਮਿਲਾ ਕੇ ਪੂਰਾ ਪਰਿਵਾਰ ਹੀ ਹਾਕੀ ਦੀ ਖੇਡ ਨੂੰ ਸਮਰਪਿਤ ਹੈ।

ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ: ਤਿੰਨ ਓਲੰਪੀਅਨ ਤਿਆਰ ਕਰਨ ਦਾ ਮਾਣ ਬਲਵਿੰਦਰ ਸਿੰਘ ਸ਼ੰਮੀ ਦੀ ਖੇਡ ਯਾਤਰਾ ਦਾ ਸਭ ਤੋਂ ਮਹੱਤਵਪੂਰਨ ਪੱਖ ਅੰਮ੍ਰਿਤਸਰ ਵਿਖੇ ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਦੇ ਡਾਇਰੈਕਟਰ ਵਜੋਂ ਉਨ੍ਹਾਂ ਦੀ ਭੂਮਿਕਾ ਹੈ। ਉਹ 2005 ਤੋਂ ਇਸ ਅਕੈਡਮੀ ਨਾਲ ਜੁੜੇ ਹੋਏ ਹਨ ਅਤੇ ਨੌਜਵਾਨ ਖਿਡਾਰੀਆਂ ਨੂੰ ਉੱਚ ਪੱਧਰੀ ਹਾਕੀ ਲਈ ਤਿਆਰ ਕਰਨ ਵਿੱਚ ਯੋਗਦਾਨ ਪਾ ਰਹੇ ਹਨ। ਇਸ ਅਕੈਡਮੀ ਨਾਲ ਜੁੜੀ ਇੱਕ ਵੱਡੀ ਪ੍ਰਾਪਤੀ ਤਿੰਨ ਓਲੰਪੀਅਨ ਖਿਡਾਰੀਆਂ ਦਾ ਉੱਭਰਨਾ ਹੈ।

ਰਮਨਦੀਪ ਸਿੰਘ ਨੇ ਰੀਓ 2016 ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਹਾਕੀ ਦੀ ਖੇਡ ਸਦਕਾ ਅੱਜਕੱਲ੍ਹ ਰਮਨਦੀਪ ਸਿੰਘ ਪੰਜਾਬ ਪੁਲਿਸ ਵਿੱਚ ਡੀਐਸਪੀ ਦੇ ਅਹੁਦੇ ’ਤੇ ਬਿਰਾਜਮਾਨ ਹਨ। ਸ਼ਮਸ਼ੇਰ ਸਿੰਘ ਨੇ ਟੋਕੀਓ 2020 ਅਤੇ ਪੈਰਿਸ 2024 ਓਲੰਪਿਕ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ।

ਦਿਲਪ੍ਰੀਤ ਸਿੰਘ ਨੇ ਟੋਕੀਓ 2020 ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਇਸ ਤੋਂ ਇਲਾਵਾ, ਅਕੈਡਮੀ ਨਾਲ ਅਰਜੀਤ ਸਿੰਘ ਹੁੰਦਲ, ਗੁਰਜੰਟ ਸਿੰਘ, ਲਵਦੀਪ ਸਿੰਘ ਅਤੇ ਹਰਸਾਹਿਬ ਸਿੰਘ ਸ਼ੰਮੀ ਵਰਗੇ ਖਿਡਾਰੀ ਵੀ ਜੁੜੇ ਰਹੇ ਹਨ। ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਨੇ 125 ਦੇ ਕਰੀਬ ਕੌਮੀ ਪੱਧਰ ਦੇ ਖਿਡਾਰੀ ਤਿਆਰ ਕੀਤੇ ਹਨ ਅਤੇ ਕੌਮੀ ਹਾਕੀ ਚੈਂਪੀਅਨਸ਼ਿਪਾਂ ਤੇ ਆਲ ਇੰਡੀਆ ਟੂਰਨਾਮੈਂਟਾਂ ਵਿੱਚ ਵੀ ਪ੍ਰਾਪਤੀਆਂ ਹਾਸਲ ਕੀਤੀਆਂ ਹਨ।

ਨਵੀਂ ਉਪਲਬਧੀ ਅਤੇ ਵੱਡੀ ਜ਼ਿੰਮੇਵਾਰੀ: ਭਾਰਤੀ ਹਾਕੀ ਟੀਮ ਦੇ ਚੋਣ ਮੈਂਬਰ ਬਣੇ ਸ਼ੰਮੀ ਬਲਵਿੰਦਰ ਸਿੰਘ ਸ਼ੰਮੀ 2023 ਵਿੱਚ ਭਾਰਤੀ ਹਾਕੀ ਟੀਮ ਦੀ ਚੋਣ ਪ੍ਰਕਿਰਿਆ ਦੇ ਮੈਂਬਰ ਬਣੇ। ਅੱਜਕੱਲ੍ਹ ਉਹ ਸੀਨੀਅਰ ਟੀਮ ਦੇ ਚੋਣ ਮੈਂਬਰ ਹਨ, ਜੋ ਉਨ੍ਹਾਂ ਲਈ ਇੱਕ ਵੱਡੀ ਜ਼ਿੰਮੇਵਾਰੀ ਹੈ। ਖਿਡਾਰੀ, ਕੋਚ ਅਤੇ ਚੋਣ ਪ੍ਰਕਿਰਿਆ ਨਾਲ ਜੁੜੇ ਵਿਅਕਤੀ ਵਜੋਂ ਉਨ੍ਹਾਂ ਦਾ ਸਫ਼ਰ ਹਾਕੀ ਦੇ ਵੱਖ-ਵੱਖ ਖੇਤਰਾਂ ਵਿੱਚ ਉਨ੍ਹਾਂ ਦੀ ਸਰਗਰਮ ਭੂਮਿਕਾ ਨੂੰ ਦਰਸਾਉਂਦਾ ਹੈ।

ਹਾਕੀ ਦੀ ਵਿਰਾਸਤ ਨੂੰ ਅੱਗੇ ਤੋਰਨ ਵਾਲੀ ਸ਼ਖ਼ਸੀਅਤ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਦੀ ਪਛਾਣ ਸਿਰਫ਼ 1988 ਦੀਆਂ ਸਿਓਲ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਖਿਡਾਰੀ ਵਜੋਂ ਹੀ ਨਹੀਂ, ਸਗੋਂ ਏਸ਼ੀਆ ਕੱਪ ਅਤੇ ਏਸ਼ਿਆਈ ਖੇਡਾਂ ਦੇ ਤਮਗਾ ਜੇਤੂ, ਵਿਸ਼ਵ ਕੱਪ ਖਿਡਾਰੀ, ਰੇਲਵੇ ਹਾਕੀ ਦੇ ਕੋਚ ਅਤੇ ਨੌਜਵਾਨਾਂ ਨੂੰ ਤਿਆਰ ਕਰਨ ਵਾਲੇ ਖੇਡ ਪ੍ਰਬੰਧਕ ਵਜੋਂ ਵੀ ਹੈ। ਅੰਮ੍ਰਿਤਸਰ ਦੀ ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਰਾਹੀਂ ਤਿੰਨ ਓਲੰਪੀਅਨ ਖਿਡਾਰੀਆਂ ਨੂੰ ਤਿਆਰ ਕਰਨ ਨਾਲ ਜੁੜਿਆ ਉਨ੍ਹਾਂ ਦਾ ਯੋਗਦਾਨ ਉਨ੍ਹਾਂ ਦੇ ਖੇਡ ਜੀਵਨ ਦਾ ਅਹਿਮ ਅਧਿਆਇ ਹੈ। ਉਨ੍ਹਾਂ ਦੀ ਯਾਤਰਾ ਇਸ ਗੱਲ ਨੂੰ ਉਜਾਗਰ ਕਰਦੀ ਹੈ ਕਿ ਹਾਕੀ ਵਿੱਚ ਅਸਲ ਯੋਗਦਾਨ ਮੈਦਾਨ ਵਿੱਚ ਖੇਡਣ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਨਵੀਂ ਪੀੜ੍ਹੀ ਨੂੰ ਤਿਆਰ ਕਰਨ ਰਾਹੀਂ ਵੀ ਅੱਗੇ ਵਧਦਾ ਹੈ।

ਮਾਝੇ ਦੀ ਹਾਕੀ ਦੇ ਬਾਦਸ਼ਾਹ ਬਲਵਿੰਦਰ ਸਿੰਘ ਸ਼ੰਮੀ ’ਤੇ ਗੁਰੂ ਹਮੇਸ਼ਾ ਮਿਹਰ ਰੱਖੇ, ਰੱਬ ਰਾਖਾ।

Have something to say? Post your comment
X