ਰਾਏਸਰ ਵਿੱਚ ਰੋਸ ਪ੍ਰਦਰਸ਼ਨ ਕਰਦੇ ਪਿੰਡ ਵਾਸੀ ਅਤੇ ਆਗੂ।
ਮਹਿਲ ਕਲਾਂ (ਗੁਰਭਿੰਦਰ ਗੁਰੀ) — ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਬਣੀ ਐਕਸ਼ਨ ਕਮੇਟੀ ਦੇ ਸੱਦੇ ਉੱਤੇ ਪਿੰਡ ਰਾਏਸਰ ਵਿੱਚ ਝਾੜੂ ਫੂਕ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ ਗਿਆ। ਪ੍ਰਦਰਸ਼ਨ ਦੀ ਅਗਵਾਈ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਭਾਈ ਅਵਤਾਰ ਸਿੰਘ ਰਾਏਸਰ ਨੇ ਕੀਤੀ।
ਰਿਪੋਰਟ ਅਨੁਸਾਰ, ਐਕਸ਼ਨ ਕਮੇਟੀ ਨੇ ਲੋਕਾਂ ਨੂੰ ਆਪਣੇ ਪਿੰਡਾਂ ਵਿੱਚ ਇਸ ਤਰ੍ਹਾਂ ਰੋਸ ਜ਼ਾਹਿਰ ਕਰਨ ਦਾ ਸੱਦਾ ਦਿੱਤਾ ਸੀ। ਭਾਈ ਰਾਏਸਰ ਨੇ ਕਿਹਾ ਕਿ ਇਨਸਾਫ਼ ਲਈ ਸੰਘਰਸ਼ ਜਾਰੀ ਰਹੇਗਾ ਅਤੇ ਕਮੇਟੀ ਦੇ ਅਗਲੇ ਪ੍ਰੋਗਰਾਮਾਂ ਵਿੱਚ ਲੋਕਾਂ ਨੂੰ ਸ਼ਾਮਲ ਹੋਣਾ ਚਾਹੀਦਾ ਹੈ।
ਸੰਬੋਧਨ ਦੌਰਾਨ ਉਨ੍ਹਾਂ ਮੁੱਖ ਮੰਤਰੀ ਅਤੇ ਡੀਜੀਪੀ ਦੇ ਅਸਤੀਫ਼ਿਆਂ ਦੀ ਮੰਗ ਦੁਹਰਾਈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ ਸਬੰਧੀ ਅਗਲਾ ਫ਼ੈਸਲਾ ਐਕਸ਼ਨ ਕਮੇਟੀ ਦੇ ਤੈਅ ਕੀਤੇ ਰੁਖ਼ ਅਨੁਸਾਰ ਹੋਵੇਗਾ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਇਕਜੁੱਟ ਰਹਿਣ ਅਤੇ ਅਗਲੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।
ਇਸ ਮੌਕੇ ਗਿਆਨੀ ਜਗਰੂਪ ਸਿੰਘ ਰਾਏਸਰ, ਕਿਸਾਨ ਆਗੂ ਮੋਹਣ ਸਿੰਘ ਸਾਬਕਾ ਪੰਚ, ਗੁਰਮੁਖ ਸਿੰਘ ਰਾਏਸਰ, ਗੁਰਮੇਲ ਸਿੰਘ ਢੈਪੀ ਵਾਲੇ, ਚੰਦ ਸਿੰਘ, ਜਸਵੀਰ ਸਿੰਘ ਨੰਗਲ, ਮਨਦੀਪ ਸਿੰਘ ਗੱਗੜ, ਰਾਜਵਿੰਦਰ ਕੌਰ, ਬਲਵੀਰ ਕੌਰ ਰਾਏਸਰ, ਕੁਲਦੀਪ ਕੌਰ, ਕੱਕੀ ਕੌਰ ਸੰਘੇੜਾ, ਸ਼ਗਨ ਕੌਰ, ਸੁਖਪਾਲ ਕੌਰ, ਜਸਪਾਲ ਸਿੰਘ ਗਿੱਲ, ਰੇਸ਼ਮ ਸਿੰਘ ਚੰਨਣਵਾਲ ਅਤੇ ਜਗਮੋਹਨ ਸ਼ਾਹ ਰਾਏਸਰ ਸਮੇਤ ਹੋਰ ਸਰਗਰਮ ਵਰਕਰ ਹਾਜ਼ਰ ਸਨ।