ਇਕੱਤਰਤਾ ਸਬੰਧੀ ਅਪੀਲ ਕਰਨ ਵਾਲੇ ਆਗੂਆਂ ਦੀ ਪੱਤਰਕਾਰ ਵੱਲੋਂ ਭੇਜੀ ਤਸਵੀਰ।
ਈਪਰ, ਬੈਲਜੀਅਮ (ਪ੍ਰਗਟ ਸਿੰਘ ਜੋਧਪੁਰੀ) — ਬੈਲਜੀਅਮ ਵਿੱਚ ਸਿੱਖ ਧਰਮ ਨੂੰ ਸਰਕਾਰੀ ਮਾਨਤਾ ਦਿਵਾਉਣ ਦੇ ਉਪਰਾਲਿਆਂ ਸਬੰਧੀ 25 ਅਕਤੂਬਰ, ਐਤਵਾਰ ਨੂੰ ਹਫ਼ਤਾਵਾਰੀ ਦੀਵਾਨ ਤੋਂ ਬਾਅਦ ਗੁਰਦੁਆਰਾ ਸੰਗਤ ਸਾਹਿਬ, ਸਿੰਤਰੂਧਨ ਵਿਖੇ ਵਿਸ਼ੇਸ਼ ਇਕੱਤਰਤਾ ਰੱਖੀ ਗਈ ਹੈ।
ਪ੍ਰਬੰਧਕਾਂ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ, ਇਸ ਮਾਮਲੇ ਵਿੱਚ ਬੈਲਜੀਅਮ ਦੇ ਕਾਨੂੰਨ ਮੰਤਰਾਲੇ ਕੋਲ ਦੋ ਅਰਜ਼ੀਆਂ ਦਿੱਤੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ 30 ਜੁਲਾਈ ਦੇ ਪੱਤਰ ਰਾਹੀਂ ਮੰਤਰਾਲੇ ਨੇ ਹੋਰ ਜਾਣਕਾਰੀ ਦੇ ਨਾਲ ਸਮੁੱਚੀ ਸਿੱਖ ਸੰਗਤ ਦੀ ਸਾਂਝੀ ਨੁਮਾਇੰਦਗੀ ਬਾਰੇ ਵੀ ਪੁੱਛਿਆ ਸੀ।
ਇਕੱਤਰਤਾ ਵਿੱਚ ਦੋਵਾਂ ਧਿਰਾਂ ਨੂੰ ਇਕ ਮੰਚ ਉੱਤੇ ਲਿਆ ਕੇ ਸਾਂਝੀ ਨੁਮਾਇੰਦਾ ਕਮੇਟੀ ਬਣਾਉਣ ਜਾਂ ਸੰਗਤ ਦੀ ਪ੍ਰਵਾਨਗੀ ਵਾਲੀ ਧਿਰ ਨੂੰ ਜ਼ਿੰਮੇਵਾਰੀ ਸੌਂਪਣ ਬਾਰੇ ਵਿਚਾਰ ਕੀਤਾ ਜਾਵੇਗਾ। ਭਾਈ ਮੋਨਿੰਦਰ ਸਿੰਘ ਸਮੇਤ ਹੋਰ ਸਿੱਖ ਸ਼ਖ਼ਸੀਅਤਾਂ ਦੇ ਸ਼ਾਮਲ ਹੋਣ ਦੀ ਜਾਣਕਾਰੀ ਵੀ ਦਿੱਤੀ ਗਈ ਹੈ।
ਸਿੱਖ ਫੈਡਰੇਸ਼ਨ ਫਰਾਂਸ ਦੇ ਆਗੂ ਭਾਈ ਰਘੁਵੀਰ ਸਿੰਘ ਕੁਹਾੜ ਅਤੇ ਬਾਬਾ ਕਸ਼ਮੀਰ ਸਿੰਘ ਨੇ ਬੈਲਜੀਅਮ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਇਕੱਤਰਤਾ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਇਸ ਕਾਰਜ ਲਈ ਆਪਸੀ ਏਕਤਾ ਅਤੇ ਸਹਿਯੋਗ ਉੱਤੇ ਜ਼ੋਰ ਦਿੱਤਾ।