ਸਰਟੀਫਿਕੇਟ ਪ੍ਰਾਪਤ ਕਰਨ ਮੌਕੇ ਸੁਖਵਿੰਦਰ ਕੌਰ ਖੋਸਾ।
ਚੰਡੀਗੜ੍ਹ (ਗੁਰਭਿੰਦਰ ਗੁਰੀ): ਬਠਿੰਡਾ ਵਾਸੀ ਸਾਹਿਤਕਾਰ ਅਤੇ ਸਮਾਜ ਸੇਵੀ ਸੁਖਵਿੰਦਰ ਕੌਰ ਖੋਸਾ ਨੇ ਲੁਧਿਆਣਾ ਵਿਖੇ ਐਕੂਪ੍ਰੈਸ਼ਰ ਅਤੇ ਐਕੂਪੰਕਚਰ ਦਾ ਕੋਰਸ ਮੁਕੰਮਲ ਕੀਤਾ ਹੈ। ਭੇਜੀ ਰਿਪੋਰਟ ਅਨੁਸਾਰ, ਕੋਰਸ ਪੂਰਾ ਹੋਣ ਉਪਰੰਤ ਸੰਸਥਾ ਦੇ ਡੀਨ ਅਤੇ ਪ੍ਰੋਫੈਸਰ ਬੀਐੱਸ ਸੱਚਦੇਵਾ ਵੱਲੋਂ ਉਨ੍ਹਾਂ ਨੂੰ ਸਰਟੀਫਿਕੇਟ ਦਿੱਤਾ ਗਿਆ।
ਸਿੱਖਿਆ, ਸਾਹਿਤ ਅਤੇ ਸਮਾਜ ਸੇਵਾ ਦੇ ਖੇਤਰ ਨਾਲ ਜੁੜੀ ਸੁਖਵਿੰਦਰ ਕੌਰ ਖੋਸਾ ਨੇ ਇਸ ਨੂੰ ਆਪਣੇ ਗਿਆਨ ਅਤੇ ਤਜਰਬੇ ਵਿੱਚ ਵਾਧਾ ਕਰਨ ਦਾ ਉਪਰਾਲਾ ਦੱਸਿਆ। ਉਨ੍ਹਾਂ ਕਿਹਾ ਕਿ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਲੋਕਾਂ ਨੂੰ ਸਿਹਤਮੰਦ ਆਦਤਾਂ ਅਪਣਾਉਣ ਲਈ ਪ੍ਰੇਰਿਤ ਕਰਨਾ ਸਮੇਂ ਦੀ ਲੋੜ ਹੈ।
ਸਮਾਜ ਸੇਵਾ ਦੇ ਮਹੱਤਵ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਨਿਸ਼ਕਾਮ ਸੇਵਾ ਅਤੇ ਲੋਕਪੱਖੀ ਸੋਚ ਨਾਲ ਸਮਾਜ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ। ਹਰੇਕ ਵਿਅਕਤੀ ਨੂੰ ਆਪਣੀ ਸਮਰੱਥਾ ਅਨੁਸਾਰ ਲੋੜਵੰਦਾਂ ਅਤੇ ਬੇਸਹਾਰਿਆਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।
ਉਨ੍ਹਾਂ ਨੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ। ਖੋਸਾ ਨੇ ਆਸ ਪ੍ਰਗਟਾਈ ਕਿ ਸਿੱਖਿਆ, ਸਾਹਿਤ, ਸਿਹਤ ਜਾਗਰੂਕਤਾ ਅਤੇ ਸਮਾਜ ਸੇਵਾ ਦੇ ਖੇਤਰਾਂ ਵਿੱਚ ਕੀਤੇ ਉਪਰਾਲੇ ਲੋਕਾਂ ਲਈ ਲਾਹੇਵੰਦ ਸਾਬਤ ਹੋਣਗੇ।