Sunday, 29 November 2026
BREAKING
• ਮੁਹਾਲੀ ਦੇ ਤਿੰਨ ਪਿੰਡਾਂ ਵਿੱਚ 651 ਪ੍ਰਾਪਰਟੀ ਕਾਰਡ ਵੰਡੇ ਗਏ — ਵਿਧਾਇਕ ਕੁਲਵੰਤ ਸਿੰਘ • ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ, ‘ਆਪ’ ਨੇ ਦੋ ਸੂਚੀਆਂ ਵਿੱਚ 17 ਉਮੀਦਵਾਰ ਐਲਾਨੇ • ਰਾਏਕੋਟ ਦੇ ਕਈ ਇਲਾਕਿਆਂ ਵਿੱਚ 27 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ • ਡਾਕ ਸੇਵਾਵਾਂ ਲਈ 1,141 ਕਰੋੜ ਅਤੇ ਡਾਕ ਵਿਭਾਗ ਦੀਆਂ ਇਮਾਰਤਾਂ ਲਈ 1,491 ਕਰੋੜ ਰੁਪਏ ਮਨਜ਼ੂਰ • ਭਾਰਤ ਵਿੱਚ ਉਸਾਰੀ ਮਸ਼ੀਨਰੀ ਬਣਾਉਣ ਲਈ 11,000 ਕਰੋੜ ਰੁਪਏ ਦੀ ਯੋਜਨਾ ਮਨਜ਼ੂਰ • ਜਨਕਪੁਰ ਧਾਮ ਤੋਂ ਅਯੁੱਧਿਆ ਲਈ ਰੇਲਗੱਡੀ ਨੂੰ ਹਰੀ ਝੰਡੀ, ਹਫ਼ਤਾਵਾਰੀ ਸੇਵਾ 28 ਨਵੰਬਰ ਤੋਂ • ਭਾਰਤ ਵਿੱਚ ਐੱਚਪੀਵੀ ਟੀਕੇ ਦੀਆਂ ਇੱਕ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ • ਜੇਈਈ ਮੇਨ 2027 ਲਈ ਲੇਟ ਫ਼ੀਸ ਨਾਲ ਅਰਜ਼ੀਆਂ ਸ਼ੁਰੂ, 26 ਨਵੰਬਰ ਤੱਕ ਮੌਕਾ • ਪੰਜਾਬ ਪੁਲਿਸ ਵੱਲੋਂ 581 ਥਾਵਾਂ ’ਤੇ ਛਾਪੇ, 243 ਗ੍ਰਿਫ਼ਤਾਰੀਆਂ ਤੇ ਪੰਜ ਹਥਿਆਰ ਬਰਾਮਦ • ਖੰਨਾ ਵਿੱਚ ਦੋ ਏਟੀਐੱਮ ਨਿਸ਼ਾਨਾ ਬਣੇ, ਸਮਰਾਲਾ ਰੋਡ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ

Article

ਬ੍ਰਹਮ ਗਿਆਨੀ ਬਾਬਾ ਬੁੱਢਾ ਜੀ: 23 ਅਕਤੂਬਰ ਦੇ ਜਨਮ ਦਿਹਾੜੇ ਉੱਤੇ ਵਿਸ਼ੇਸ਼ ਲੇਖ

ਧਰਮਿੰਦਰ ਸਿੰਘ ਚੱਬਾ | Updated on Tuesday, October 20, 2026 22:32 PM IST

ਬਾਬਾ ਬੁੱਢਾ ਜੀ ਨਾਲ ਸਬੰਧਤ ਚਿੱਤਰ; ਲੇਖਕ ਵੱਲੋਂ ਭੇਜਿਆ ਗਿਆ।

ਧਰਮਿੰਦਰ ਸਿੰਘ ਚੱਬਾ ਵੱਲੋਂ ਜਨਮ ਦਿਹਾੜੇ ਸਬੰਧੀ ਭੇਜਿਆ ਵਿਸ਼ੇਸ਼ ਲੇਖ।

ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਤੱਕ ਪੰਜ ਪਾਤਸ਼ਾਹੀਆ ਨੂੰ ਆਪਣੇ ਹੱਥੀਂ ਗੁਰਿਆਈ ਦਾ ਤਿਲਕ ਲਗਾਇਆ। ਜੁਗੋ ਜੁੱਗ ਅਟੱਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਦ ਪਹਿਲੀ ਵਾਰ ਸੱਚਖੰਡ ਸ੍ਰੀ ਹਰੀਮੰਦਰ ਸਾਹਿਬ ਅੰਮ੍ਰਿਤਸਰ ਵਿੱਚ ‘ਪੋਥੀ ਸਾਹਿਬ’ ਜੀ ਦੇ ਰੂਪ ਵਿੱਚ ਪ੍ਰਕਾਸ਼ ਹੋਇਆ ਤਾਂ ਬਾਬਾ ਬੁੱਢਾ ਜੀ ਹਰੀਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਬਣੇ। ‘ਪੋਥੀ ਸਾਹਿਬ’ ਦਾ ਪਹਿਲੀ ਵਾਰ ਪ੍ਰਕਾਸ਼ ਆਪ ਨੇ ਕੀਤਾ।

ਭਾਈ ਕਾਹਨ ਸਿੰਘ ਨਾਭਾ ‘ਮਹਾਨ ਕੋਸ਼’ ਵਿੱਚ ਲਿੱਖਦੇ ਹਨ ਕਿ ਬਾਬਾ ਬੁੱਢਾ ਜੀ ਦਾ ਜਨਮ ੭ ਕੱਤਕ ਸੰਮਤ ੧੫੬੩ ਅਕਤੂਬਰ ੨੨ ਸੰਨ ੧੫੦੬ ਈ: ਨੂੰ ਪਿਤਾ ਭਾਈ ਸੁੱਘਾ ਰੰਧਾਵਾ ਜੀ ਅਤੇ ਮਾਤਾ ਗੌਰਾਂ ਜੀ ਦੀ ਕੁੱਖੋਂ ਪਿੰਡ ਕੱਥੂ ਨੰਗਲ ਜਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਆਪ ਦਾ ਬਚਪਨ ਦਾ ਨਾਂ ‘ਬੂੜਾ’ ਸੀ। ਆਪ ਆਪਣੇ ਮਾਪਿਆਂ ਦੀ ਇਕਲੋਤੀ ਸੰਤਾਨ ਸਨ। ਥੋੜ੍ਹੇ ਚਿਰ ਬਾਅਦ ਹੀ ਆਪ ਦੇ ਪ੍ਰੀਵਾਰ ਵਾਲੇ ਪਿੰਡ ਰਮਦਾਸ ਜਾ ਕੇ ਰਹਿਣ ਲੱਗ ਪਏ। ਇੱਥੇ ਹੀ ਸੰਨ ੧੫੧੮ ਨੂੰ ਇੱਕ ਦਿਨ ਆਪ ਪਸ਼ੂ ਚਾਰ ਰਹੇ ਸਨ ਤੇ ਆਪ ਦਾ ਮੇਲ ਗੁਰੂ ਨਾਨਕ ਦੇਵ ਜੀ ਨਾਲ ਹੋਇਆ। ਆਪ ਗੁਰੂ ਸਾਹਿਬ ਜੀ ਲਈ ਦੁੱਧ ਦਾ ਕਟੋਰਾ ਲੈ ਕੇ ਗਏ। ਇਸੇ ਦੌਰਾਨ ਹੀ ਗੁਰੂ ਨਾਨਕ ਦੇਵ ਜੀ ਨਾਲ ਕਈ ਗੱਲਾਂ ਸਾਂਝੀਆਂ ਹੋਈਆਂ ਤੇ ਆਪ ਨੇ ਜੰਮਣ ਮਰਨ ਦੇ ਚੱਕਰ ਤੋਂ ਮੁੱਕਤੀ ਮੰਗੀ।

ਭਾਈ ਮਨੀ ਸਿੰਘ ਜੀ ਲਿੱਖਦੇ ਹਨ ਕਿ ਗੁਰੂ ਜੀ ਨੇ ਆਪ ਨੂੰ ਕਿਹਾ ਕਿ ‘ਤੂੰ ਅਜੇ ਛੋਟਾ ਬਾਲਕ ਹੈ, ਪਰ ਬੁੱਧੀਮਾਨ ਬਹੁਤ ਹੈ, ਤੇਰਾ ਨਾਉਂ ਕੀ ਹੈ’? ਤਾਂ ਆਪ ਨੇ ਕਿਹਾ ਕਿ ‘ਮੇਰਾ ਨਾਉਂ ਬੂੜਾ ਹੈ ਜੀ’ ਤਾਂ ਗੁਰੂ ਜੀ ਨੇ ਫੁਰਮਾਇਆ ਕਿ ‘ਭਾਈ ਤੂੰ ਬੂੜਾ ਨਹੀ ਬੁੱਢਾ ਹੈ। ਉਸ ਮਾਲਕ ਦਾ ਨਾਮ ਜਪ ਤੇਰਾ ਕਲਿਆਣ ਹੋਵੇਗਾ’। ਉਸ ਦਿਨ ਤੋਂ ਬਾਅਦ ਆਪ ਦਾ ਨਾਂ ‘ਬਾਬਾ ਬੁੱਢਾ’ ਪੈ ਗਿਆ। ਆਪ ਆਪਣਾ ਘਰ ਬਾਹਰ ਛੱਡ ਕੇ ਕਰਤਾਰਪੁਰ ਗੁਰੂ ਨਾਨਕ ਦੇਵ ਜੀ ਕੋਲ ਰਹਿਣ ਲੱਗ ਪਏ। ਗੁਰੂ ਜੀ ਨੇ ਨਾਮ ਜੱਪਣ ਦੀ ਜੁੱਗਤ ਦੱਸੀ ਤਾਂ ਆਪ ਸੇਵਾ ਤੇ ਸਿਮਰਨ ਵਿੱਚ ਮਸਤ ਰਹਿਣ ਲੱਗ ਪਏ।

ਗੁਰੂ ਘਰ ਦੀ ਸੇਵਾ ਕਰਦਿਆਂ ਬਾਬਾ ਬੁੱਢਾ ਜੀ ਇੱਕ ਦਿਨ ਜਵਾਨ ਹੋ ਗਏ ਤੇ ਆਪ ਆਪਣੇ ਮਾਪਿਆਂ ਦੀ ਇਕਲੋਤੀ ਸੰਤਾਨ ਹੋਣ ਕਰਕੇ ਮਾਪੇ ਆਪ ਦਾ ਵਿਆਹ ਬੜੀ ਧੂਮ-ਧਾਮ ਨਾਲ ਕਰਨਾਂ ਚਾਹੁੰਦੇ ਸਨ, ਪਰ ਆਪ ਨੇ ਇਨਕਾਰ ਕਰ ਦਿੱਤਾ। ਆਪ ਦੇ ਮਾਤਾ ਪਿਤਾ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਤੁਸੀ ਸਮਝਾਉ ਤਾਂ ਗੁਰੂ ਸਾਹਿਬ ਦੇ ਸਮਝਾਉਣ ਤੇ ਆਪ ਨਾ ਹੀ ਨਹੀ ਕਰ ਸਕੇ। ਗੁਰੂ ਨਾਨਕ ਦੇਵ ਜੀ ਦੇ ਸਮਝਾਉਣ ਤੇ ੧੫੨੩ ਈ: ਨੂੰ ੧੭ ਸਾਲ ਦੀ ਉਮਰ ਵਿੱਚ ਪਿੰਡ ਅਚਲ ਬਟਾਲਾ ਵਿੱਚ ਬੀਬੀ ਮਿਰੋਆ ਜੀ ਨਾਲ ਆਪ ਦਾ ਵਿਆਹ ਹੋਇਆ। ਗੁਰੂ ਨਾਨਕ ਦੇਵ ਜੀ ਵਿਆਹ ਵਿੱਚ ਸ਼ਾਮਿਲ ਨਹੀ ਹੋ ਸਕੇ, ਪਰ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲੱਖਮੀ ਦਾਸ ਜੀ ਬਾਬਾ ਬੁੱਢਾ ਜੀ ਦੇ ਵਿਆਹ ਵਿੱਚ ਸ਼ਾਮਿਲ ਹੋਏ। ਆਪ ਦੇ ਚਾਰ ਪੁੱਤਰ ਭਾਈ ਸੁਧਾਰੀ ਜੀ, ਭਾਈ ਭਿਖਾਰੀ ਜੀ, ਭਾਈ ਮਹਿਮੂ ਜੀ ਤੇ ਭਾਈ ਭਾਨਾ ਜੀ ਸਨ।

ਆਪਣੇ ਅੰਤਲੇ ਸਮੇਂ ਗੁਰੂ ਨਾਨਕ ਦੇਵ ਜੀ ਨੇ ੧੫੩੯ ਵਿੱਚ ਜਦ ਗੁਰਿਆਈ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਸੋਂਪੀ ਤਾਂ ਗੁਰਿਆਈ ਦੇਣ ਦੀ ਰਸਮ ਬਾਬਾ ਬੁੱਢਾ ਜੀ ਨੇ ਨਿਭਾਈ।

ਗੁਰੂ ਨਾਨਕ ਦੇਵ ਜੀ ਨੇ ਬਾਬਾ ਬੁੱਢਾ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਵਰ ਬਖਸ਼ਿਆ ਕਿ ‘ਤੈਥੋਂ ਉਹਲੇ ਨਾ ਹੋਸਾਂ’ ਫਿਰ ਆਪ ਗੁਰੂ ਅੰਗਦ ਦੇਵ ਜੀ ਨਾਲ ਖਡੂਰ ਸਾਹਿਬ ਆ ਗਏ। ਆਪ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿੱਚ ਤਨੋਂ-ਮਨੋਂ ਜੁੱਟ ਗਏ ਤੇ ਗੁਰੂ ਅੰਗਦ ਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਜਦ ਗੁਰੂ ਅਮਰਦਾਸ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਵਿੱਚ ਗੁਰੂ ਅੰਗਦ ਦੇਵ ਜੀ ਨੇ ਗੁਰਗੱਦੀ ਦੀ ਬਖਸ਼ਿਸ਼ ਕਰਨੀ ਚਾਹੀ ਤਾਂ ੧੫੫੨ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਦਾ ਤਿਲਕ ਬਾਬਾ ਬੁੱਢਾ ਜੀ ਨੇ ਲਗਾਇਆ ਤੇ ਜਦ ਗੁਰੂ ਅੰਗਦ ਦੇਵ ਜੀ ਦੇ ਸਾਹਿਬਜਾਦੇ ਦਾਤੂ ਜੀ ਨੇ ਵਿਰੋਧ ਜਾਇਆ ਤਾਂ ਗੁਰੂ ਅਮਰਦਾਸ ਜੀ ਗੁਪਤਵਾਸ ਹੋ ਗਏ। ਸੰਗਤਾਂ ਬਹਿਬਲ ਹੋ ਉੱਠੀਆਂ। ਬਾਬਾ ਬੁੱਢਾ ਜੀ ਨੇ ਆਪਣੀ ਸਿਆਣਪ ਤੇ ਸੂਝ-ਬੂਝ ਨਾਲ ਗੁਰੂ ਜੀ ਨੂੰ ਲੱਭ ਲਿਆ। ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਆ ਗਏ। ਬਾਉਲੀ ਦੀ ਸੇਵਾ ਸ਼ੁਰੂ ਕਰਵਾਈ।

ਜਿਸ ਬਾਉਲੀ ਦੀ ਸੇਵਾ ਭਾਈ ਜੇਠਾ ਜੀ (ਗੁਰੂ ਰਾਮਦਾਸ ਜੀ) ਨੇ ਟੋਕਰੀ ਆਪਣੇ ਸਿਰ ਤੇ ਚੁੱਕ ਕੇ ਕੀਤੀ, ਉਸ ਬਾਉਲੀ ਦਾ ਟੱਕ ਬਾਬਾ ਬੁੱਢਾ ਜੀ ਨੇ ੧੫੫੨ ਈ: ਆਪਣੇ ਮੁਬਾਰਕ ਹੱਥਾਂ ਨਾਲ ਲਗਾਇਆ। ਇੱਥੇ ਹੀ ੨੨ ਮੰਜੀਆਂ ਦੀ ਸਥਾਪਨਾ ਕੀਤੀ ਗਈ ਤੇ ਪ੍ਰਬੰਧਕ ਬਾਬਾ ਬੁੱਢਾ ਜੀ ਨੂੰ ਥਾਪਿਆ ਗਿਆ। ਗੁਰੂ ਅਮਰਦਾਸ ਜੀ ਤੋਂ ਬਾਅਦ ੧੫੭੪ ਵਿੱਚ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਦਾ ਤਿਲਕ ਲਗਾਉਣ ਦਾ ਸੁਭਾਗ ਵੀ ਬਾਬਾ ਬੁੱਢਾ ਜੀ ਨੂੰ ਪ੍ਰਾਪਤ ਹੋਇਆ।

ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਵਿੱਚ ਅੰਮ੍ਰਿਤ ਸਰੋਵਰ ਦਾ ਟੱਕ ਵੀ ਬਾਬਾ ਬੁੱਢਾ ਜੀ ਤੋਂ ਹੀ ਲਗਵਾਇਆ ਤੇ ਮੁੱਖ ਸੇਵਾਦਾਰ ਵੀ ਨਿਯੁਕਤ ਕਰ ਦਿੱਤਾ। ਜਿਸ ਬੇਰੀ ਦੇ ਥੱਲੇ ਬੈਠ ਕੇ ਬਾਬਾ ਬੁੱਢਾ ਜੀ ਇਸ ਸਰੋਵਰ ਦੀ ਸੇਵਾ ਕਰਵਾਉਂਦੇ ਸਨ, ਉਹ ਥਾਂ ਬੇਰ-ਬਾਬਾ ਬੁੱਢਾ ਜੀ ਦੇ ਨਾਂ ਨਾਲ ਪ੍ਰਸਿੱਧ ਹੈ। ਜਦ ੧੫੮੧ ਵਿੱਚ ਗੁਰਗੱਦੀ ਦੀ ਬਖਸ਼ਿਸ਼ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਹੋਈ ਤਾਂ ਉਸਾਰੀ ਦੇ ਸਾਰੇ ਕੰਮਾਂ ਦਾ ਪ੍ਰਬੰਧ ਬਾਬਾ ਬੁੱਢਾ ਜੀ ਨੂੰ ਸੋਂਪਿਆਂ ਗਿਆ। ਫਿਰ ਗੁਰੂ ਹੁਕਮਾਂ ਅਨੁਸਾਰ ਆਪ ਬੀੜ ਸਾਹਿਬ ਝਬਾਲ ਵਿਖੇ ਚਲੇ ਗਏ। ਇਸ ਜਗ੍ਹਾ ਦਾ ਨਾਮ ਆਪ ਦੇ ਨਾਮ ਨਾਲ ਬੀੜ ਬਾਬਾ ਬੁੱਢਾ ਸਾਹਿਬ ਮਸ਼ਹੂਰ ਹੋ ਗਿਆ। ਇਸ ਜਗ੍ਹਾ ਆਪ ਨੇ ਸਿੱਖੀ ਦਾ ਪ੍ਰਚਾਰ ਕੀਤਾ।

ਸ੍ਰੀ ਗੁਰੂ ਅਰਜਨ ਦੇਵ ਜੀ ਆਪ ਨੂੰ ਮਿਲਣ ਬੀੜ ਸਾਹਿਬ ਜਾਂਦੇ ਸਨ। ਇੱਥੇ ਆਪ ਨੇ ਮਾਤਾ ਗੰਗਾ ਜੀ ਨੂੰ ਪੁੱਤਰ ਪ੍ਰਾਪਤੀ ਦਾ ਵਰ ਦਿੱਤਾ ਸੀ। ਆਪ ਦੇ ਵਰ ਨਾਲ ੧੫੯੫ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਹਰ ਵਿਦਿਆ, ਪੜਾਈ, ਸ਼ਾਸਤਰ ਵਿਦਿਆ, ਘੋੜ ਸਵਾਰੀ, ਤੀਰ ਅੰਦਾਜ਼ੀ, ਨੇਜ਼ੇਬਾਜੀ ਦੀ ਸਿੱਖਿਆ ਦੇ ਕੇ ਨਿਪੁੰਨ ਕੀਤਾ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ੧੬੦੬ ਵਿੱਚ ਗੁਰਿਆਈ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਦੇਣ ਸਮੇਂ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਬਾਬਾ ਬੁੱਢਾ ਜੀ ਨੇ ਆਪਣੇ ਹੱਥੀਂ ਪਹਿਨਾਈਆਂ। ਗੁਰੂ ਹਰਿਗੋਬਿੰਦ ਸਾਹਿਬ ਜੀ ਜਦ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤੇ ਗਏ, ਤਾਂ ਹਾਕਮਾਂ ਨੇ ਆਪ ਨੂੰ ਗੁਰੂ ਜੀ ਦੇ ਦਰਸ਼ਨ ਨਾ ਕਰਨ ਦਿੱਤੇ ਤਾਂ ਆਪ ਨੇ ਚੌਂਕੀ ਸਾਹਿਬ ਦੀ ਰੀਤ ਚਲਾਈ ਜੋ ਅੱਜ ਵੀ ਬਰਕਰਾਰ ਹੈ।

ਗੁਰੂ ਜੀ ਦੇ ਗਵਾਲੀਅਰ ਦੇ ਕਿਲੇ ਵਿੱਚੋਂ ੫੨ ਰਾਜਿਆਂ ਸਮੇਤ ਬਾਹਰ ਆਉਣ ਦੀ ਖੁਸ਼ੀ ਵਿੱਚ ਬਾਬਾ ਬੁੱਢਾ ਜੀ ਨੇ ਅੰਮ੍ਰਿਤਸਰ ਸਾਹਿਬ ਵਿੱਚ ਦੀਪ ਮਾਲਾ ਕੀਤੀ। ਬਾਬਾ ਬੁੱਢਾ ਜੀ ਬਿਰਧ ਅਵਸਥਾ ਵਿੱਚ ਪਹੁੰਚ ਚੁੱਕੇ ਸਨ। ਆਪ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਆਗਿਆ ਲੈ ਕੇ ਆਪਣੇ ਪਿੰਡ ਰਮਦਾਸ ਚਲੇ ਗਏ।

ਆਪਣਾ ਅੰਤ ਸਮਾਂ ਨੇੜੇ ਆਇਆ ਜਾਣ ਕੇ ਆਪ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਸੁਨੇਹਾ ਭੇਜਿਆ ਤਾਂ ਗੁਰੂ ਸਾਹਬ ਰਮਦਾਸ ਪਹੁੰਚ ਗਏ। ਅੰਤ ੧੬ ਨਵੰਬਰ ੧੬੩੧ ਈ: ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਾਵਨ ਹੱਥਾਂ ਵਿੱਚ ੧੨੫ ਸਾਲ ਦੀ ਉਮਰ ਭੋਗ ਕੇ ਆਪ ਅਕਾਲ ਚਲਾਣਾ ਕਰ ਗਏ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ‘ਬਡਾ ਪੁਰਾਤਨ ਸਿਖ ਪ੍ਰਮਾਨ’ ਕਹਿ ਕੇ ਸਨਮਾਨ ਬਖਸ਼ਿਆ। ਗੁਰੂ ਸਾਹਿਬ ਜੀ ਨੇ ਬਾਬਾ ਜੀ ਦੀ ਅਰਥੀ ਨੂੰ ਮੋਢਾ ਵੀ ਦਿੱਤਾ ਤੇ ਆਪਣੀ ਦੇਖ-ਰੇਖ ਵਿੱਚ ਬਾਬਾ ਜੀ ਦਾ ਅੰਤਿਮ ਸਸਕਾਰ ਵੀ ਕਰਵਾਇਆ। ਆਉਂਦੇ ੨੩ ਅਕਤੂਬਰ ਦਿਨ ਸ਼ੁੱਕਰਵਾਰ ਨੂੰ ਪਿੰਡ ਕੱਥੂਨੰਗਲ ਵਿਖੇ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ।

ੲਮੳਲਿ:ਦਹੳਰਮਨਿਦੲਰਸਨਿਗਹਚਹੳਬਬੳੑਗਮੳਲਿ.ਚੋਮ

Have something to say? Post your comment
X