ਵਿੱਦਿਅਕ ਟੂਰ ਲਈ ਰਵਾਨਗੀ ਮੌਕੇ ਵਿਦਿਆਰਥੀ ਅਤੇ ਅਧਿਆਪਕ।
ਹਦੀਆਬਾਦ, 20 ਅਕਤੂਬਰ 2026: ਪੀਐੱਮ ਸ਼੍ਰੀ ਸਰਕਾਰੀ ਹਾਈ ਸਕੂਲ ਹਦੀਆਬਾਦ ਦੇ 50 ਵਿਦਿਆਰਥੀਆਂ ਦਾ ਛੇ ਰੋਜ਼ਾ ਵਿੱਦਿਅਕ ਟੂਰ ਸਕੂਲ ਇੰਚਾਰਜ ਰਾਜੀਵ ਸੋਨੀ ਦੀ ਅਗਵਾਈ ਹੇਠ ਦੇਹਰਾਦੂਨ, ਜਿਮ ਕਾਰਬੇਟ ਅਤੇ ਨੈਨੀਤਾਲ ਲਈ ਰਵਾਨਾ ਹੋਇਆ। ਪੰਜਾਬ ਸਰਕਾਰ ਦੀ ਆਊਟ ਆਫ਼ ਸਟੇਟ ਐਕਸਕਰਸ਼ਨ ਟ੍ਰਿਪ ਗ੍ਰਾਂਟ ਤਹਿਤ ਟੂਰ ਦਾ ਪ੍ਰਬੰਧ ਕੀਤਾ ਗਿਆ ਹੈ।
ਸਕੂਲ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਵਿਦਿਆਰਥੀਆਂ ਨੂੰ ਕੁਦਰਤ, ਵਾਤਾਵਰਨ, ਜੰਗਲੀ ਜੀਵਨ, ਇਤਿਹਾਸਕ ਥਾਵਾਂ ਅਤੇ ਸੈਰ-ਸਪਾਟੇ ਨਾਲ ਸਬੰਧਤ ਜਾਣਕਾਰੀ ਹਾਸਲ ਕਰਨ ਦਾ ਮੌਕਾ ਮਿਲੇਗਾ। ਰਵਾਨਗੀ ਵੇਲੇ ਵਿਦਿਆਰਥੀਆਂ ਵਿੱਚ ਨਵੀਆਂ ਥਾਵਾਂ ਦੇਖਣ ਅਤੇ ਸਿੱਖਣ ਲਈ ਉਤਸ਼ਾਹ ਸੀ।
ਰਾਜੀਵ ਸੋਨੀ ਨੇ ਕਿਹਾ ਕਿ ਵਿੱਦਿਅਕ ਦੌਰੇ ਵਿਦਿਆਰਥੀਆਂ ਦੀ ਨਿਰੀਖਣ ਸ਼ਕਤੀ, ਆਤਮ-ਵਿਸ਼ਵਾਸ, ਸਮਾਜਿਕ ਸੂਝ ਅਤੇ ਸਮੂਹ ਵਿੱਚ ਕੰਮ ਕਰਨ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਪਾਠ-ਪੁਸਤਕਾਂ ਤੋਂ ਬਾਹਰ ਦੇ ਤਜਰਬੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਅਹਿਮ ਹਨ।
ਵਿਦਿਆਰਥੀਆਂ ਨਾਲ ਜਾ ਰਹੇ ਅਧਿਆਪਕਾਂ ਅਮਨਦੀਪ ਸਿੰਘ, ਕਮਲੇਸ਼ ਸੰਧੂ, ਸੇਵਕ ਸਿੰਘ ਅਤੇ ਰਣਬੀਰ ਸਿੰਘ ਨੇ ਰਾਜ ਤੋਂ ਬਾਹਰ ਵਿੱਦਿਅਕ ਦੌਰਿਆਂ ਦੇ ਮੌਕੇ ਨੂੰ ਸਿੱਖਿਆ ਹੋਰ ਰੌਚਕ ਅਤੇ ਤਜਰਬੇ ਉੱਤੇ ਆਧਾਰਿਤ ਬਣਾਉਣ ਵਾਲਾ ਉਪਰਾਲਾ ਦੱਸਿਆ।