ਤਸਵੀਰ: ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 19 ਅਕਤੂਬਰ 2026: ਸਪੈਕਟਰਮ ਲੀਗਲ ਦੇ ਸਹਿਯੋਗ ਨਾਲ ਰਿਦਮ ਹਾਊਸ ਈਵੈਂਟਸ ਐਂਡ ਫਿਲਮਜ਼ ਵੱਲੋਂ ਮਿਸ ਇੰਡੀਆ ਸਾਊਥ ਪੈਸੀਫਿਕ 2026 ਦਾ ਫਿਨਾਲੇ 23 ਅਕਤੂਬਰ ਨੂੰ ਔਕਲੈਂਡ ਟਾਊਨ ਹਾਲ ਦੇ ਕੰਸਰਟ ਚੈਂਬਰ ਵਿੱਚ ਕਰਵਾਇਆ ਜਾਵੇਗਾ। ਆਸਟਰੇਲੀਆ, ਫਿਜ਼ੀ ਅਤੇ ਨਿਊਜ਼ੀਲੈਂਡ ਤੋਂ ਚੁਣੀਆਂ 19 ਮੁਟਿਆਰਾਂ ਵਿੱਚ ਛੇ ਪੰਜਾਬੀ ਭਾਗੀਦਾਰ ਵੀ ਸ਼ਾਮਲ ਹਨ।
ਰਵਨੀਤ ਕੌਰ: ਮੈਲਬੌਰਨ ਵਿੱਚ ਪਲੀ-ਵਧੀ 21 ਸਾਲਾ ਰਵਨੀਤ ਯੂਨੀਵਰਸਿਟੀ ਆਫ਼ ਮੈਲਬੌਰਨ ਵਿੱਚ ਸੈੱਲ ਐਂਡ ਡਿਵੈਲਪਮੈਂਟਲ ਬਾਇਓਲੋਜੀ ਪੜ੍ਹ ਰਹੀ ਹੈ। ਉਹ ਓਰਲ ਹੈਲਥ ਦੇ ਖੇਤਰ ਵਿੱਚ ਭਵਿੱਖ ਬਣਾਉਣਾ ਚਾਹੁੰਦੀ ਹੈ ਅਤੇ ਪੰਜਾਬੀ ਸੱਭਿਆਚਾਰ ਤੇ ਸਮਾਜ ਸੇਵੀ ਕਾਰਜਾਂ ਨਾਲ ਜੁੜੀ ਹੈ।
ਗੁਰਲੀਨ ਕੌਰ: ਲੁਧਿਆਣਾ ਨਾਲ ਸਬੰਧਤ 26 ਸਾਲਾ ਗੁਰਲੀਨ ਮੈਲਬੌਰਨ ਵਿੱਚ ਇੰਟੈਂਸਿਵ ਕੇਅਰ ਨਰਸ ਹੈ। ਉਹ ਮਿਸ ਵਰਲਡ ਪੰਜਾਬਣ ਆਸਟਰੇਲੀਆ 2024 ਦਾ ਖ਼ਿਤਾਬ ਜਿੱਤ ਚੁੱਕੀ ਹੈ ਅਤੇ ਮਿਸ ਇੰਡੀਆ ਸਾਊਥ ਪੈਸੀਫਿਕ ਆਸਟਰੇਲੀਆ 2026 ਦੀਆਂ ਟਾਪ ਸੱਤ ਫਾਈਨਲਿਸਟਾਂ ਵਿੱਚ ਰਹੀ ਹੈ।
ਸਾਇਸ਼ਾ ਸੇਠੀ: ਮੈਲਬੌਰਨ ਦੀ ਸਾਇਸ਼ਾ ਡੀਕਿਨ ਯੂਨੀਵਰਸਿਟੀ ਵਿੱਚ ਲਾਅ ਅਤੇ ਇੰਟਰਨੈਸ਼ਨਲ ਸਟੱਡੀਜ਼ ਪੜ੍ਹ ਰਹੀ ਹੈ। ਡਾਂਸਰ ਅਤੇ ਕੋਰੀਓਗ੍ਰਾਫਰ ਵਜੋਂ ਉਹ ਫਿਊਜ਼ਨ ਬੀਟ ਬਾਇ ਸਾਇਸ਼ਾ ਅਕੈਡਮੀ ਚਲਾਉਂਦੀ ਹੈ। ਰਿਪੋਰਟ ਅਨੁਸਾਰ ਉਸ ਨੇ ਆਸਟਰੇਲੀਆ ਦੇ ਮੁਕਾਬਲੇ ਵਿੱਚ ਟਾਪ ਸੱਤ ਅਤੇ ਟੈਲੇਂਟ ਫਾਈਨਲਿਸਟ ਵਜੋਂ ਥਾਂ ਬਣਾਈ ਸੀ।
ਓਸ਼ਾਨੀ ਖੇਤਰਪਾਲ: ਮਿਸ ਇੰਡੀਆ ਐੱਨਜ਼ੈੱਡ 2025 ਦੀ ਫਰਸਟ ਰਨਰ-ਅੱਪ ਓਸ਼ਾਨੀ ਔਕਲੈਂਡ ਯੂਨੀਵਰਸਿਟੀ ਵਿੱਚ ਮੈਡੀਕਲ ਦੀ ਚੌਥੇ ਸਾਲ ਦੀ ਵਿਦਿਆਰਥਣ ਹੈ। ਉਸ ਦਾ ਨਾਨਕਾ ਪਰਿਵਾਰ ਜਲੰਧਰ ਨਾਲ ਸਬੰਧਤ ਹੈ ਅਤੇ ਉਹ ਨਿਊਰੋਸਰਜਰੀ ਵਿੱਚ ਮਾਹਿਰ ਬਣਨਾ ਚਾਹੁੰਦੀ ਹੈ।
ਕਰਨ ਰੰਧਾਵਾ: ਭਾਰਤ ਤੋਂ ਨਿਊਜ਼ੀਲੈਂਡ ਆਈ ਕਰਨ ਨਿਊਜ਼ੀਲੈਂਡ ਪੁਲਿਸ ਵਿੱਚ ਅਫ਼ਸਰ ਹੈ। ਮਿਸ ਇੰਡੀਆ ਐੱਨਜ਼ੈੱਡ 2024 ਦੀ ਫਾਈਨਲਿਸਟ ਰਹੀ ਕਰਨ ਹੁਣ ਅੰਤਰਰਾਸ਼ਟਰੀ ਮੰਚ ਉੱਤੇ ਭਾਗ ਲਵੇਗੀ।
ਚੇਤਨਾ ਸ਼ਰਮਾ: ਚੇਤਨਾ ਇਸ ਸਾਲ ਦੇ ਫਾਈਨਲਿਸਟਾਂ ਵਿੱਚ ਨਿਊਜ਼ੀਲੈਂਡ ਦੀ ਨੁਮਾਇੰਦਗੀ ਕਰ ਰਹੀ ਹੈ। ਭੇਜੀ ਜਾਣਕਾਰੀ ਅਨੁਸਾਰ ਸਮਾਗਮ ਵਿੱਚ ਫੈਸ਼ਨ, ਸੰਗੀਤ, ਨਾਚ ਅਤੇ ਭਾਰਤੀ ਸੱਭਿਆਚਾਰ ਦੀ ਪੇਸ਼ਕਾਰੀ ਹੋਵੇਗੀ। ਇਹ ਮੁਕਾਬਲਾ 2002 ਤੋਂ ਸ਼ੁਰੂ ਹੋਏ ਮਿਸ ਇੰਡੀਆ ਐੱਨਜ਼ੈੱਡ ਦੇ ਸਿਲਸਿਲੇ ਨੂੰ ਅੱਗੇ ਵਧਾਉਂਦਾ ਹੈ।