ਚੰਡੀਗੜ੍ਹ/ਪਟਿਆਲਾ, 17 ਅਕਤੂਬਰ: ਪੰਜਾਬ ਦੇ ਮਸਲਿਆਂ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਮੀਟਿੰਗ ਕਰਕੇ ਵਿਚਾਰ-ਵਟਾਂਦਰਾ ਕੀਤਾ। ਭੇਜੀ ਜਾਣਕਾਰੀ ਅਨੁਸਾਰ ਮੀਟਿੰਗ ਵਿੱਚ ਲੋਕਾਂ ਦੀ ਵੱਡੇ ਪੱਧਰ ਉੱਤੇ ਸ਼ਮੂਲੀਅਤ ਵਾਲਾ ਜਨਤਕ ਰਾਜਨੀਤਿਕ ਅੰਦੋਲਨ ਉਸਾਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਗਿਆ।
ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮਸਲਿਆਂ ਦਾ ਹੱਲ ਚੋਣਾਂ ਤੱਕ ਸੀਮਤ ਰੱਖਣ ਦੀ ਥਾਂ ਲੰਮੇ ਸਮੇਂ ਦੀ ਜਨਤਕ ਲਾਮਬੰਦੀ ਨਾਲ ਜੋੜਿਆ ਜਾਣਾ ਚਾਹੀਦਾ ਹੈ। ਅਗਲੀ ਮੀਟਿੰਗ 24 ਅਕਤੂਬਰ ਨੂੰ ਮਸਤੂਆਣਾ ਸਾਹਿਬ ਵਿਖੇ ਕਰਕੇ ਅੰਦੋਲਨ ਦੀ ਰੂਪ-ਰੇਖਾ ਅਤੇ ਅਗਲੇ ਪ੍ਰੋਗਰਾਮਾਂ ਬਾਰੇ ਵਿਚਾਰ ਕਰਨ ਦਾ ਫ਼ੈਸਲਾ ਹੋਇਆ।
ਮੀਟਿੰਗ ਵਿੱਚ ਝੋਟਾ ਕਤਲ ਮਾਮਲੇ ਦੀ ਨਿਖੇਧੀ, ਮਾਨਸਾ ਵਿੱਚ ਚੱਲ ਰਹੇ ਅੰਦੋਲਨ ਦੀ ਹਮਾਇਤ ਅਤੇ ਬੰਦੀ ਸਿੰਘਾਂ ਸਮੇਤ ਰਾਜਨੀਤਿਕ ਕੈਦੀਆਂ ਦੀ ਰਿਹਾਈ ਦੀ ਮੰਗ ਦੇ ਮਤੇ ਵੀ ਪਾਸ ਕੀਤੇ ਗਏ।
ਹਿੱਸਾ ਲੈਣ ਵਾਲਿਆਂ ਵਿੱਚ ਪੰਜਾਬ ਬਚਾਓ ਮੋਰਚਾ ਵੱਲੋਂ ਬਲਵਿੰਦਰ ਸਿੰਘ, ਯੂਨਾਈਟਿਡ ਅਕਾਲੀ ਦਲ ਵੱਲੋਂ ਗੁਰਦੀਪ ਸਿੰਘ ਬਠਿੰਡਾ, ਪੰਜਾਬਨਾਮਾ ਵੱਲੋਂ ਰਮਨਪ੍ਰੀਤ ਅਤੇ ਹਰਮਨ, ਮਿਸਲ ਸਤਲੁਜ ਵੱਲੋਂ ਅਜੈਪਾਲ ਬਰਾੜ ਅਤੇ ਸਾਂਝਾ ਪੰਜਾਬ ਮੋਰਚਾ ਵੱਲੋਂ ਜਗਰਾਜ ਟੱਲੇਵਾਲ, ਅਵਤਾਰ ਸਿੰਘ ਮਹਿਮਾ ਤੇ ਭਜਨ ਸਿੰਘ ਬਠਿੰਡਾ ਸ਼ਾਮਲ ਸਨ।