ਚੌਥੀ ਯੂਐੱਸ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਦੀ ਤਸਵੀਰ — ਗਤਕਾ ਫੈਡਰੇਸ਼ਨ ਯੂਐੱਸਏ
ਨਿਊਯਾਰਕ: ਗਤਕਾ ਫੈਡਰੇਸ਼ਨ ਯੂਐੱਸਏ ਵੱਲੋਂ ਭੇਜੀ ਜਾਣਕਾਰੀ ਮੁਤਾਬਕ ਵਰਲਡ ਗਤਕਾ ਫੈਡਰੇਸ਼ਨ ਦੀ ਅਗਵਾਈ ਹੇਠ ਚੌਥੀ ਯੂਐੱਸ ਨੈਸ਼ਨਲ ਗਤਕਾ ਚੈਂਪੀਅਨਸ਼ਿਪ 10 ਅਕਤੂਬਰ 2026 ਨੂੰ ਕੁਈਨਜ਼ ਵਿਲੇਜ ਸਥਿਤ ਦਿ ਸਿੱਖ ਸੈਂਟਰ ਆਫ਼ ਨਿਊਯਾਰਕ ਵਿੱਚ ਕਰਵਾਈ ਗਈ। 16 ਅਕਤੂਬਰ ਨੂੰ ਜਾਰੀ ਪ੍ਰੈੱਸ ਨੋਟ ਅਨੁਸਾਰ ਦੇਸ਼ ਦੀਆਂ ਵੱਖ-ਵੱਖ ਸਟੇਟ ਐਸੋਸੀਏਸ਼ਨਾਂ ਅਤੇ ਅਖਾੜਿਆਂ ਦੇ 100 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ।
ਅੰਡਰ-22 ਸਿੰਗਲ ਸੋਟੀ ਦੇ ਸਿੰਘ ਵਰਗ ਵਿੱਚ ਮਨਦੀਪ ਸਿੰਘ ਅਤੇ ਕੌਰ ਵਰਗ ਵਿੱਚ ਜਸਜੋਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ-18 ਸਿੰਘ ਵਰਗ ਵਿੱਚ ਗੁਰਨਮਨ ਸਿੰਘ, ਮਨਪ੍ਰੀਤ ਸਿੰਘ ਅਤੇ ਨਵਜੋਤ ਸਿੰਘ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਉੱਤੇ ਰਹੇ। ਇਸੇ ਉਮਰ ਦੇ ਕੌਰ ਵਰਗ ਵਿੱਚ ਸੋਨਮਪ੍ਰੀਤ ਕੌਰ ਪਹਿਲੇ, ਸੀਰਤ ਕੌਰ ਦੂਜੇ ਅਤੇ ਹਰਨਿਧ ਕੌਰ ਤੀਜੇ ਸਥਾਨ ਉੱਤੇ ਰਹੀ।
ਫੈਡਰੇਸ਼ਨ ਦੇ ਅੰਗਰੇਜ਼ੀ ਨਤੀਜਾ-ਪੱਤਰ ਮੁਤਾਬਕ ਬਾਬਾ ਫਤਿਹ ਸਿੰਘ ਬ੍ਰਹਮ ਗਤਕਾ ਅਖਾੜਾ, ਨਿਊਯਾਰਕ ਨੇ ਸਮੁੱਚੀ ਚੈਂਪੀਅਨਸ਼ਿਪ ਟਰਾਫੀ ਜਿੱਤੀ। ਪੈਨਸਿਲਵੇਨੀਆ ਗਤਕਾ ਐਸੋਸੀਏਸ਼ਨ ਦੂਜੇ ਅਤੇ ਗੁਰੂ ਹਰਗੋਬਿੰਦ ਸਾਹਿਬ ਗਤਕਾ ਅਖਾੜਾ, ਬੋਸਟਨ ਤੀਜੇ ਸਥਾਨ ਉੱਤੇ ਰਹੇ।
ਮਨਜੋਤ ਸਿੰਘ ਅਤੇ ਅਚਰਜ ਕੌਰ ਨੂੰ ਬਿਹਤਰੀਨ ਖਿਡਾਰੀ ਸਨਮਾਨ ਮਿਲੇ। ਅਨਾਹਦ ਸਿੰਘ ਅਤੇ ਗੁਰਨੂਰ ਕੌਰ ਨੂੰ ਵਿਅਕਤੀਗਤ ਫੇਅਰ ਪਲੇ ਸਨਮਾਨ ਅਤੇ ਨਾਰਥ ਕੈਰੋਲਾਈਨਾ ਦੀ ਟੀਮ ਨੂੰ ਫੇਅਰ ਪਲੇ ਟੀਮ ਐਵਾਰਡ ਦਿੱਤਾ ਗਿਆ। ਅੰਡਰ-14 ਪ੍ਰਦਰਸ਼ਨੀ ਮੁਕਾਬਲਿਆਂ ਵਿੱਚ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਗਤਕਾ ਅਖਾੜੇ ਨੇ ਬੈਸਟ ਟੀਮ ਐਵਾਰਡ ਅਤੇ ਕਲਗੀਧਰ ਗਤਕਾ ਅਖਾੜਾ ਪਲੇਨਵਿਊ ਨੇ ਐੱਮਵੀਪੀ ਟੀਮ ਐਵਾਰਡ ਹਾਸਲ ਕੀਤਾ।
ਫੈਡਰੇਸ਼ਨ ਦੇ ਪ੍ਰਧਾਨ ਕਲਵਿੰਦਰ ਸਿੰਘ ਫਰਿਜ਼ਨੋ ਅਤੇ ਡਾ. ਦੀਪ ਸਿੰਘ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਗਤਕਾ ਖੇਡ ਦੇ ਪ੍ਰਚਾਰ ਲਈ ਵੱਡੇ ਪੱਧਰ ਉੱਤੇ ਉਪਰਾਲੇ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਪ੍ਰਬੰਧਕਾਂ ਨੇ ਰੈਫਰੀਆਂ, ਸੇਵਾਦਾਰਾਂ, ਸੰਗਤ ਅਤੇ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕੀਤਾ।