ਐਸਆਈਆਰ ਦੇ ਵਿਰੋਧ ਵਿੱਚ ਚੰਡੀਗੜ੍ਹ ਦੇ ਵਿਦਿਆਰਥੀਆਂ ਦਾ ਰੋਸ ਮਾਰਚ
ਚੰਡੀਗੜ੍ਹ, 13 ਅਕਤੂਬਰ (ਮੰਗਤ ਸਿੰਘ ਸੈਦਪੁਰ/ਚਰਨ ਸਿੰਘ ਮੈਣ ਮਾਜਰੀ): ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਅਤੇ ਹੋਰ ਵਿਦਿਆਰਥੀ ਜਥੇਬੰਦੀਆਂ ਨੇ ਯੂਨੀਵਰਸਿਟੀ ਤੋਂ ਸੈਕਟਰ 17 ਦੇ ਚੋਣ ਕਮਿਸ਼ਨ ਦਫ਼ਤਰ ਵੱਲ ਰੋਸ ਮਾਰਚ ਕੀਤਾ। ਪ੍ਰਦਰਸ਼ਨਕਾਰੀਆਂ ਨੇ ਵੋਟਰ ਸੂਚੀਆਂ ਦੀ ਐਸਆਈਆਰ ਪ੍ਰਕਿਰਿਆ ਦਾ ਵਿਰੋਧ ਕਰਦਿਆਂ ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ ਕੀਤੀ।
ਜਥੇਬੰਦੀਆਂ ਵੱਲੋਂ ਦਿੱਤੇ ਬਿਆਨ ਅਨੁਸਾਰ, ਪੁਲਿਸ ਨੇ ਬੈਰੀਕੇਡ ਲਾ ਕੇ ਮਾਰਚ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਦਫ਼ਤਰ ਨੇੜੇ ਖਿੱਚ-ਧੂਹ ਹੋਈ। ਉਨ੍ਹਾਂ ਨੇ ਵਿਦਿਆਰਥਣਾਂ ਨਾਲ ਧੱਕੇਸ਼ਾਹੀ ਅਤੇ ਦੋ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈਣ ਦੇ ਦੋਸ਼ ਲਾਏ। ਉਨ੍ਹਾਂ ਦਾ ਕਹਿਣਾ ਹੈ ਕਿ ਵਿਰੋਧ ਮਗਰੋਂ ਦੋਵੇਂ ਵਿਦਿਆਰਥੀ ਛੱਡ ਦਿੱਤੇ ਗਏ। ਪੁਲਿਸ ਦਾ ਪੱਖ ਭੇਜੇ ਮੈਟਰ ਵਿੱਚ ਸ਼ਾਮਲ ਨਹੀਂ ਹੈ।
ਬੁਲਾਰਿਆਂ ਨੇ ਐਸਆਈਆਰ ਪ੍ਰਕਿਰਿਆ ਅਤੇ ਨਾਗਰਿਕਾਂ ਦੇ ਵੋਟ ਦੇ ਅਧਿਕਾਰ ਸਬੰਧੀ ਚਿੰਤਾਵਾਂ ਪ੍ਰਗਟ ਕੀਤੀਆਂ। ਮਾਰਚ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ), ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ, ਡਾਇਆਲੈਕਟਿਕਾ ਸਟੂਡੈਂਟਸ ਐਸੋਸੀਏਸ਼ਨ, ਦਿਸ਼ਾ ਵਿਦਿਆਰਥੀ ਸੰਗਠਨ ਅਤੇ ਸਟੂਡੈਂਟਸ ਫਾਰ ਸੋਸਾਇਟੀ ਨੇ ਸ਼ਮੂਲੀਅਤ ਕੀਤੀ।