ਰਾਏਕੋਟ ਦੇ ਸ਼ਿਵਾਲਾ ਮੰਦਰ ਵਿੱਚ ਅਗਰਸੇਨ ਜੈਅੰਤੀ ਮੌਕੇ ਸਮਾਜ ਸੇਵਕਾਂ ਦਾ ਸਨਮਾਨ
ਰਾਏਕੋਟ (ਗੁਰਭਿੰਦਰ ਗੁਰੀ): ਅਗਰਵਾਲ ਸਭਾ (ਰਜਿ.) ਰਾਏਕੋਟ ਵੱਲੋਂ ਅਗਰਵਾਲ ਸਮਾਜ ਦੇ ਆਰਾਧਿਆ ਅਤੇ ਮਹਾਨ ਸਮਾਜ ਸੁਧਾਰਕ ਮਹਾਰਾਜਾ ਸ਼੍ਰੀ ਅਗਰਸੇਨ ਜੀ ਦੀ ਜੈਅੰਤੀ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਸ਼ਹਿਰ ਦੇ ਸ਼੍ਰੀ ਸ਼ਿਵਾਲਾ ਖਾਮ ਮੰਦਰ ਦੇ ਸ਼੍ਰੀ ਸ਼ਿਵ ਗੌਰੀ ਹਾਲ ਵਿਖੇ ਇੱਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਅਗਰਵਾਲ ਸਮਾਜ ਦੇ ਵੱਡੀ ਗਿਣਤੀ ਵਿੱਚ ਮੈਂਬਰਾਂ ਨੇ ਆਪਣੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਮਹਾਰਾਜਾ ਅਗਰਸੇਨ ਜੀ ਦੇ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਸਮਾਜ ਭਲਾਈ ਲਈ ਦਿੱਤੇ ਸੰਦੇਸ਼ ਨੂੰ ਯਾਦ ਕਰਦਿਆਂ ਸਮਾਜਿਕ ਏਕਤਾ, ਆਪਸੀ ਸਹਿਯੋਗ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਗਿਆ।
ਇਹ ਸਮਾਗਮ ਅਗਰਵਾਲ ਸਭਾ ਦੇ ਚੇਅਰਮੈਨ ਅਤੇ ਸਮਾਜ ਸੇਵਕ ਹੀਰਾ ਲਾਲ ਬਾਂਸਲ ਅਤੇ ਸਮਾਜ ਸੇਵਕ ਰਾਕੇਸ਼ ਅਗਰਵਾਲ ਦੀ ਸਰਪ੍ਰਸਤੀ ਹੇਠ ਸਭਾ ਦੇ ਪ੍ਰਧਾਨ ਪ੍ਰਵੀਨ ਅਗਰਵਾਲ ਅਤੇ ਜਨਰਲ ਸਕੱਤਰ ਪ੍ਰਦੀਪ ਜਿੰਦਲ ਦੀ ਅਗਵਾਈ ਵਿੱਚ ਕਰਵਾਇਆ ਗਿਆ। ਸਮਾਗਮ ਦੌਰਾਨ ਧਾਰਮਿਕ ਰਸਮਾਂ, ਮਹਾਰਾਜਾ ਅਗਰਸੇਨ ਜੀ ਦੀ ਪੂਜਾ-ਅਰਚਨਾ, ਭਜਨ-ਕੀਰਤਨ ਅਤੇ ਸਮਾਜਿਕ ਸ਼ਖ਼ਸੀਅਤਾਂ ਦੇ ਸਨਮਾਨ ਸਮੇਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਸਮਾਗਮ ਵਿੱਚ ਸਮਾਜ ਸੇਵਕ ਅਤੇ ਕੌਂਸਲਰ ਸੰਜੇ ਗੋਇਲ ਨੇ ਮਹਾਰਾਜਾ ਸ਼੍ਰੀ ਅਗਰਸੇਨ ਜੀ ਦੀ ਪੂਜਾ-ਅਰਚਨਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮਾਂ ਦਾ ਮੁੱਖ ਮਕਸਦ ਨਵੀਂ ਪੀੜ੍ਹੀ ਨੂੰ ਆਪਣੇ ਗੌਰਵਮਈ ਇਤਿਹਾਸ ਅਤੇ ਸੱਭਿਆਚਾਰਕ ਵਿਰਸੇ ਨਾਲ ਜੋੜਨਾ ਹੈ।
ਉਨ੍ਹਾਂ ਕਿਹਾ ਕਿ ਮਹਾਰਾਜਾ ਅਗਰਸੇਨ ਜੀ ਦੇ ਆਦਰਸ਼ ਸਮਾਜ ਵਿੱਚ ਏਕਤਾ, ਸਮਾਨਤਾ, ਪਰਉਪਕਾਰ, ਸਹਿਯੋਗ ਅਤੇ ਆਪਸੀ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਨ ਦੀ ਪ੍ਰੇਰਣਾ ਦਿੰਦੇ ਹਨ। ਉਨ੍ਹਾਂ ਨੇ ਸਮਾਜ ਦੇ ਲੋਕਾਂ ਨੂੰ ਇਨ੍ਹਾਂ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦੀ ਅਪੀਲ ਕੀਤੀ। ਸਮਾਗਮ ਦੌਰਾਨ ਬ੍ਰਜ ਤੋਂ ਪਹੁੰਚੀ ਭਜਨ ਗਾਇਕਾ ਸ਼ਿਵਾਨੀ ਸ਼ਰਮਾ ਨੇ ਆਪਣੀ ਮਿੱਠੀ ਆਵਾਜ਼ ਵਿੱਚ ਮਹਾਰਾਜਾ ਸ਼੍ਰੀ ਅਗਰਸੇਨ ਜੀ, ਸ਼੍ਰੀ ਰਾਧਾ-ਕ੍ਰਿਸ਼ਨ ਅਤੇ ਮਾਤਾ ਦੁਰਗਾ ਦੀ ਮਹਿਮਾ ਨਾਲ ਸਬੰਧਤ ਭਜਨ ਪੇਸ਼ ਕੀਤੇ। ਉਨ੍ਹਾਂ ਦੀਆਂ ਭਾਵਪੂਰਨ ਭੇਟਾਂ ਨੇ ਸਮੁੱਚੇ ਮਾਹੌਲ ਨੂੰ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ ਅਤੇ ਹਾਜ਼ਰ ਸੰਗਤ ਨੇ ਸ਼ਰਧਾ ਨਾਲ ਭਜਨਾਂ ਦਾ ਆਨੰਦ ਮਾਣਿਆ।
ਸਮਾਜ ਸੇਵਾ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਮਹਾਰਾਜਾ ਅਗਰਸੇਨ ਜੈਅੰਤੀ ਸਮਾਗਮ ਦਾ ਇੱਕ ਅਹਿਮ ਪੱਖ ਵੱਖ-ਵੱਖ ਖੇਤਰਾਂ ਵਿੱਚ ਸਮਾਜ ਸੇਵਾ, ਵਪਾਰਕ ਜਥੇਬੰਦੀਆਂ, ਧਾਰਮਿਕ ਸੰਸਥਾਵਾਂ ਅਤੇ ਲੋਕ ਭਲਾਈ ਦੇ ਕੰਮਾਂ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨਾ ਰਿਹਾ।
ਅਗਰਵਾਲ ਸਭਾ ਵੱਲੋਂ ਸਨਮਾਨਿਤ ਕੀਤੀਆਂ ਗਈਆਂ ਸ਼ਖ਼ਸੀਅਤਾਂ ਵਿੱਚ ਕੌਂਸਲਰ ਸੰਜੇ ਗੋਇਲ, ਕੌਂਸਲਰ ਰੀਨਾ ਰਾਣੀ ਗਰਗ, ਕੌਂਸਲਰ ਸਾਹਿਲ ਗੋਇਲ, ਆਲ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਹੁਕਮ ਚੰਦ ਗੋਇਲ, ਆਮ ਆਦਮੀ ਪਾਰਟੀ ਨਾਲ ਸਬੰਧਤ ਹਲਕਾ ਪੱਧਰੀ ਸਮਾਜਿਕ ਆਗੂ ਅਤੇ ਜਨਰਲ ਮਰਚੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਜਿੰਦਲ, ਭਾਰਤੀ ਸੇਵਾ ਸੰਘ ਦੇ ਪ੍ਰਧਾਨ ਰਾਜਕੁਮਾਰ ਰਾਜੂ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਗਰਗ, ਸ਼੍ਰੀ ਸ਼ਿਵ ਸ਼ਕਤੀ ਪੰਚਮੁਖੀ ਹਨੂੰਮਾਨ ਮੰਦਰ ਕਮੇਟੀ ਦੇ ਪ੍ਰਧਾਨ ਡਾ. ਸੁਬੋਧ ਗੁਪਤਾ, ਕਿਆਰਨਾ ਯੂਨੀਅਨ ਦੇ ਪ੍ਰਧਾਨ ਮਦਨ ਲਾਲ ਅਗਰਵਾਲ ਅਤੇ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮਨੋਜ ਅਗਰਵਾਲ ਸ਼ਾਮਲ ਸਨ।
ਇਸ ਤੋਂ ਇਲਾਵਾ ਲਾਇਨਜ਼ ਕਲੱਬ ਦੇ ਪ੍ਰਧਾਨ ਗੁਲਸ਼ਨ ਮਿੱਤਲ, ਸ਼ਿਵ ਮੰਦਰ ਕਮੇਟੀ ਦੇ ਸਾਬਕਾ ਪ੍ਰਧਾਨ ਸੁਰਿੰਦਰ ਅਗਰਵਾਲ, ਮਾਂ ਕਾਲੀ ਕੀਰਤਨ ਮੰਡਲ ਦੇ ਪ੍ਰਮੁੱਖ ਸੇਵਾਦਾਰ ਸੋਮਨਾਥ ਗੋਇਲ, ਅਗਰਵਾਲ ਸਭਾ ਦੇ ਸਾਬਕਾ ਪ੍ਰਧਾਨ ਅਨਿਲ ਅਗਰਵਾਲ, ਸਮਾਜ ਸੇਵਕ ਨਰੇਸ਼ ਕੁਮਾਰ ਟੋਨੀ, ਬਾਲਾਜੀ ਪਰਿਵਾਰ ਦੇ ਪ੍ਰਮੁੱਖ ਸੇਵਾਦਾਰ ਸ਼ਿਆਮ ਲਾਲ ਗੋਇਲ ਅਤੇ ਭਾਰਤੀ ਜਨਤਾ ਪਾਰਟੀ ਦੇ ਟਰੇਡ ਵਿੰਗ ਦੀ ਸਟੇਟ ਕਮੇਟੀ ਦੇ ਮੈਂਬਰ ਕਪਿਲ ਗਰਗ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਹਾਜ਼ਰ ਸ਼ਖ਼ਸੀਅਤਾਂ ਅਤੇ ਸਮਾਜ ਦੇ ਮੈਂਬਰਾਂ ਨੇ ਮਹਾਰਾਜਾ ਅਗਰਸੇਨ ਜੀ ਦੇ ਦਰਸਾਏ ਮਾਰਗ ’ਤੇ ਚੱਲਣ, ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਅਤੇ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਪ੍ਰਗਟਾਇਆ। ਸਮੁੱਚੇ ਤੌਰ ’ਤੇ ਇਹ ਸਮਾਗਮ ਧਾਰਮਿਕ ਸ਼ਰਧਾ, ਸਮਾਜਿਕ ਏਕਤਾ ਅਤੇ ਸੇਵਾ ਭਾਵਨਾ ਦਾ ਸੰਦੇਸ਼ ਦੇਣ ਵਾਲਾ ਰਿਹਾ।