ਰਾਜੇਸ਼ ਮਹੰਤ ਬਣੇ ਕੁੱਲ ਹਿੰਦ ਬੈਰਾਗੀ ਵੈਸ਼ਨਵ ਸੁਆਮੀ ਮਹਾਂ ਮੰਡਲ ਦੀ ਲੁਧਿਆਣਾ ਇਕਾਈ ਦੇ ਪ੍ਰਧਾਨ
16 ਅਕਤੂਬਰ ਨੂੰ ਰਕਬਾ ਭਵਨ ਮੁੱਲਾਂਪੁਰ ਵਿਖੇ ਮਨਾਇਆ ਜਾਵੇਗਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਉਤਸਵ
ਰਾਏਕੋਟ (ਗੁਰਭਿੰਦਰ ਗੁਰੀ) — ਕੁੱਲ ਹਿੰਦ ਬੈਰਾਗੀ ਵੈਸ਼ਨਵ ਸੁਆਮੀ ਮਹਾਂ ਮੰਡਲ ਦੀ ਇੱਕ ਅਹਿਮ ਮੀਟਿੰਗ ਕੌਮੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਸੂਬਾ ਚੇਅਰਮੈਨ ਮਨਜੀਤ ਸਿੰਘ ਝੱਮਟ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਹਾਜ਼ਰ ਆਗੂਆਂ ਵੱਲੋਂ ਰਾਜੇਸ਼ ਮਹੰਤ, ਪੁੱਤਰ ਸਵਰਗੀ ਨਰਾਇਣ ਦਾਸ ਮਹੰਤ, ਨੂੰ ਕੁੱਲ ਹਿੰਦ ਬੈਰਾਗੀ ਵੈਸ਼ਨਵ ਸੁਆਮੀ ਮਹਾਂ ਮੰਡਲ ਦੀ ਜ਼ਿਲ੍ਹਾ ਲੁਧਿਆਣਾ ਇਕਾਈ ਦਾ ਪ੍ਰਧਾਨ ਐਲਾਨਿਆ ਗਿਆ।
ਮੀਟਿੰਗ ਦੌਰਾਨ ਕੌਮੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 16 ਅਕਤੂਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਉਤਸਵ ਰਕਬਾ ਭਵਨ, ਮੁੱਲਾਂਪੁਰ ਵਿਖੇ ਬੜੀ ਸ਼ਰਧਾ, ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਵੱਖ-ਵੱਖ ਆਗੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਜ਼ਿਲ੍ਹਾ ਪ੍ਰਧਾਨ ਨਿਯੁਕਤ ਹੋਣ ਉਪਰੰਤ ਰਾਜੇਸ਼ ਮਹੰਤ ਨੇ ਸਮੂਹ ਆਗੂਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਪੂਰੀ ਤਨਦੇਹੀ, ਇਮਾਨਦਾਰੀ ਅਤੇ ਲਗਨ ਨਾਲ ਨਿਭਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ 16 ਅਕਤੂਬਰ ਨੂੰ ਹੋਣ ਵਾਲੇ ਜਨਮ ਉਤਸਵ ਵਿੱਚ ਰਾਏਕੋਟ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਜਥਾ ਸ਼ਮੂਲੀਅਤ ਕਰੇਗਾ।
ਇਸ ਮੌਕੇ ਰਘਵੀਰ ਦਾਸ, ਡਾ. ਬਲਰਾਜ ਕ੍ਰਿਸ਼ਨ, ਮਨਿੰਦਰ ਦਾਸ, ਨਰਿੰਦਰ ਦਾਸ, ਹੰਸਰਾਜ ਮਹੰਤ, ਗੋਪਾਲ ਕ੍ਰਿਸ਼ਨ ਜੋਸ਼ੀ, ਸੁਮਨਦੀਪ ਸਿੰਘ ਦੀਪਾ, ਇੰਦਰਪਾਲ ਨਾਰੰਗ, ਸਚਿਨ ਗੋਗਨਾ, ਮਨਦੀਪ ਜੈਨ, ਸਤੀਸ਼ ਪਰੂਥੀ ਅਤੇ ਸੁਰੇਸ਼ ਅਰੋੜਾ ਸਮੇਤ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਸਨ।