ਦਰਸ਼ਨ ਸਿੰਘ ਕਤਲ ਮਾਮਲੇ ਵਿੱਚ ਲਾਈਟਰ ਬਣਿਆ ਅਹਿਮ ਸੁਰਾਗ; ਜਾਂਚ ਨੂੰ ਮਿਲੀ ਨਵੀਂ ਦਿਸ਼ਾ
ਈਪਰ, ਬੈਲਜੀਅਮ (ਪ੍ਰਗਟ ਸਿੰਘ ਜੋਧਪੁਰੀ): ਬੈਲਜੀਅਮ ਦੇ ਵੇਲਡੇ ਇਲਾਕੇ ਵਿੱਚ ਸਾਲ 2018 ਦੌਰਾਨ ਲਾਪਤਾ ਹੋਏ 42 ਸਾਲਾ ਦਰਸ਼ਨ ਸਿੰਘ ਦੇ ਕਤਲ ਦੀ ਗੁੱਥੀ ਕਈ ਸਾਲਾਂ ਬਾਅਦ ਸੁਲਝਦੀ ਨਜ਼ਰ ਆ ਰਹੀ ਹੈ। ਦਰਸ਼ਨ ਸਿੰਘ ਦੇ ਲਾਪਤਾ ਹੋਣ ਤੋਂ ਕੁਝ ਮਹੀਨੇ ਬਾਅਦ ਉੱਤਰੀ ਫਰਾਂਸ ਵਿੱਚ ਸੜਕ ਕਿਨਾਰੇ ਇੱਕ ਬੋਰੀ ਵਿੱਚੋਂ ਮਨੁੱਖੀ ਲਾਸ਼ ਮਿਲੀ ਸੀ। ਲਾਸ਼ ਦੀ ਪਹਿਚਾਣ ਕਰਨਾ ਪੁਲਿਸ ਲਈ ਵੱਡੀ ਚੁਣੌਤੀ ਬਣਿਆ ਹੋਇਆ ਸੀ।
ਲਾਸ਼ ਕੋਲ ਕੋਈ ਪਛਾਣ ਪੱਤਰ ਜਾਂ ਮੋਬਾਈਲ ਫੋਨ ਨਹੀਂ ਸੀ ਅਤੇ ਡੀ.ਐੱਨ.ਏ. ਤੇ ਉਂਗਲਾਂ ਦੇ ਨਿਸ਼ਾਨਾਂ ਰਾਹੀਂ ਵੀ ਸ਼ੁਰੂ ਵਿੱਚ ਪਹਿਚਾਣ ਨਹੀਂ ਹੋ ਸਕੀ। ਇਸ ਦੌਰਾਨ ਮ੍ਰਿਤਕ ਦੀ ਪੈਂਟ ਦੀ ਜੇਬ ਵਿੱਚੋਂ ਇੱਕ ਲਾਈਟਰ ਮਿਲਿਆ, ਜਿਸ ਉੱਤੇ “Café De Kroeg” ਲਿਖਿਆ ਹੋਇਆ ਸੀ। ਇਹ ਲਾਈਟਰ ਜਾਂਚ ਲਈ ਅਹਿਮ ਸੁਰਾਗ ਸਾਬਤ ਹੋਇਆ।
ਲਾਈਟਰ ’ਤੇ ਲਿਖੇ ਨਾਮ ਦੀ ਕੜੀ ਬੈਲਜੀਅਮ ਦੇ ਵੇਲਡੇ ਇਲਾਕੇ ਵਿੱਚ ਸਥਿਤ ਇੱਕ ਕੈਫੇ ਨਾਲ ਜੁੜੀ। ਜਾਂਚ ਦੌਰਾਨ ਪੁਲਿਸ ਨੇ ਲਾਪਤਾ ਦਰਸ਼ਨ ਸਿੰਘ ਬਾਰੇ ਜਾਣਕਾਰੀ ਇਕੱਠੀ ਕੀਤੀ ਅਤੇ ਬਾਅਦ ਵਿੱਚ ਉਸ ਦੀ ਪਹਿਚਾਣ ਦੀ ਪੁਸ਼ਟੀ ਹੋ ਗਈ।
ਸ਼ੱਕ ਦੀ ਸੂਈ ਦੋਸਤ ਵੱਲ
ਦਰਸ਼ਨ ਸਿੰਘ ਦੇ ਲਾਪਤਾ ਹੋਣ ਤੋਂ ਬਾਅਦ ਪੁਲਿਸ ਨੇ ਉਸ ਦੇ ਇੱਕ ਜਾਣਕਾਰ ’ਤੇ ਸ਼ੱਕ ਜਤਾਇਆ। ਸ਼ੱਕੀ ਵਿਅਕਤੀ ਨੂੰ ਉਸ ਸਮੇਂ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਠੋਸ ਸਬੂਤਾਂ ਦੀ ਘਾਟ ਕਾਰਨ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਉਸ ਦੇ ਦਰਸ਼ਨ ਸਿੰਘ ਨਾਲ ਸੰਪਰਕ ਸਨ ਅਤੇ ਮੋਬਾਈਲ ਫੋਨ ਸਬੰਧੀ ਜਾਣਕਾਰੀ ਵੀ ਪੁਲਿਸ ਲਈ ਮਹੱਤਵਪੂਰਨ ਸੀ।
ਕਤਲ ਦੀ ਜਾਂਚ ਲੰਮੇ ਸਮੇਂ ਤੱਕ ਬਿਨਾਂ ਕਿਸੇ ਨਤੀਜੇ ਦੇ ਚੱਲਦੀ ਰਹੀ। ਦਰਸ਼ਨ ਸਿੰਘ ਦੇ ਪਰਿਵਾਰ ਵੱਲੋਂ ਮਾਮਲੇ ਦੀ ਮੁੜ ਜਾਂਚ ਦੀ ਮੰਗ ਕੀਤੇ ਜਾਣ ਤੋਂ ਬਾਅਦ ਪੁਲਿਸ ਨੇ ਪੁਰਾਣੇ ਸਬੂਤਾਂ ਦੀ ਦੁਬਾਰਾ ਜਾਂਚ ਸ਼ੁਰੂ ਕੀਤੀ।
ਨਵੇਂ ਸਬੂਤਾਂ ਨੇ ਬਦਲੀ ਜਾਂਚ ਦੀ ਦਿਸ਼ਾ
ਨਵੀਂ ਜਾਂਚ ਦੌਰਾਨ ਪੁਲਿਸ ਨੂੰ ਕੁਝ ਅਜਿਹੇ ਸਬੂਤ ਮਿਲੇ ਜਿਨ੍ਹਾਂ ਨੇ ਮਾਮਲੇ ਨੂੰ ਮੁੜ ਗੰਭੀਰਤਾ ਨਾਲ ਅੱਗੇ ਵਧਾਇਆ। ਫੋਨ ਗੱਲਬਾਤਾਂ, ਸ਼ੱਕੀ ਵਿਅਕਤੀ ਦੀਆਂ ਗਤੀਵਿਧੀਆਂ ਅਤੇ ਹੋਰ ਸਬੂਤਾਂ ਦੀ ਮੁੜ ਜਾਂਚ ਕੀਤੀ ਗਈ।
ਸਾਲ 2025 ਵਿੱਚ ਇਸ ਮਾਮਲੇ ਦੇ ਸ਼ੱਕੀ ਵਿਅਕਤੀ ਨੂੰ ਮੁੜ ਗ੍ਰਿਫ਼ਤਾਰ ਕੀਤਾ ਗਿਆ। ਐਂਟਵਰਪ ਦੇ ਸਰਕਾਰੀ ਵਕੀਲ ਦੇ ਦਫ਼ਤਰ ਮੁਤਾਬਕ ਨਵੇਂ ਤੱਥ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਮੁੜ ਹਿਰਾਸਤ ਵਿੱਚ ਲਿਆ ਗਿਆ ਅਤੇ ਜਾਂਚ ਪੂਰੀ ਹੋਣ ਉਪਰੰਤ ਮਾਮਲਾ ਅਗਲੀ ਕਾਨੂੰਨੀ ਕਾਰਵਾਈ ਲਈ ਭੇਜਿਆ ਗਿਆ।
ਇਸ ਮਾਮਲੇ ਵਿੱਚ ਲਾਸ਼ ਦੀ ਜੇਬ ਵਿੱਚੋਂ ਮਿਲਿਆ ਇੱਕ ਛੋਟਾ ਜਿਹਾ ਲਾਈਟਰ ਪੁਲਿਸ ਲਈ ਸਭ ਤੋਂ ਅਹਿਮ ਸੁਰਾਗ ਬਣਿਆ। ਜਾਂਚ ਅਧਿਕਾਰੀਆਂ ਲਈ ਇਹ ਸੁਰਾਗ ਉਸ ਸਮੇਂ ਮਿਲਿਆ ਜਦੋਂ ਲਾਸ਼ ਦੀ ਪਹਿਚਾਣ ਬਾਰੇ ਕੋਈ ਹੋਰ ਠੋਸ ਜਾਣਕਾਰੀ ਉਪਲਬਧ ਨਹੀਂ ਸੀ।
ਪੁਲਿਸ ਲਈ ਇਹ ਮਾਮਲਾ ਕਈ ਸਾਲਾਂ ਤੱਕ ਇੱਕ ਪਹੇਲੀ ਬਣਿਆ ਰਿਹਾ, ਪਰ ਇੱਕ ਲਾਈਟਰ ਤੋਂ ਸ਼ੁਰੂ ਹੋਈ ਕੜੀ ਨੇ ਆਖ਼ਰਕਾਰ ਦਰਸ਼ਨ ਸਿੰਘ ਦੀ ਪਹਿਚਾਣ ਅਤੇ ਕਤਲ ਦੀ ਜਾਂਚ ਨੂੰ ਨਵੀਂ ਦਿਸ਼ਾ ਦੇ ਦਿੱਤੀ।