ਦੁੱਧ: ਭੋਜਨ, ਪਸ਼ੂ ਪਾਲਣ ਦੀ ਆਰਥਿਕਤਾ ਅਤੇ ਮਿਲਾਵਟ ਦੀ ਚਿੰਤਾ
ਮਨੁੱਖ ਨੂੰ ਜਿਉਂਦੇ ਰਹਿਣ ਲਈ ਸਾਂਹ ਲੈਣ ਤੋਂ ਬਾਅਦ ਭੋਜ਼ਨ ਦੀ ਲੋੜ ਪੈਂਦੀ ਹੈ। ਭੋਜ਼ਨ ਦੀ ਗੱਲ ਕਰੀਏ ਤਾਂ ਸਿਹਤ ਮਾਹਿਰ ਸਾਨੂੰ ਸੰਤੁਲਿਤ ਭੋਜਨ ਖਾਣ ਦੀ ਸਲਾਹ ਦਿੰਦੇ ਹਨ। ਸੰਤੁਲਿਤ ਭੋਜਨ ਇੱਕ ਅਜਿਹਾ ਭੋਜ਼ਨ ਹੁੰਦਾ ਹੈ ਜਿਸ ਵਿੱਚ ਸ਼ਰੀਰ ਨੂੰ ਲੋੜ ਅਨੁਸਾਰ ਸਾਰੇ ਪੌਸ਼ਟਿਕ ਤੱਤ ਜਿਵੇਂ ਕਿ ਕਾਰਬੋਹਾਈਡ੍ਰੇਟ, ਪ੍ਰੋਟੀਨ,ਖਣਿਜ ਪਦਾਰਥ, ਚਰਬੀ ਅਤੇ ਵਿਟਾਮਿਨ ਸ਼ਾਮਿਲ ਹੋਣ। ਅਜੋਕੇ ਸਮੇਂ ਮਹਿੰਗਾਈ ਦੇ ਸਮੇਂ ਵਿੱਚ ਜਦੋਂ ਆਮ ਆਦਮੀ ਦੋ ਸਮੇਂ ਦੀ ਰੋਟੀ ਲਈ ਜੂਝ ਰਿਹਾ ਹੈ ਉਹ ਉਪਰੋਕਤ ਸਾਰੇ ਪੌਸ਼ਟਿਕ ਤੱਤ ਕਿੱਥੋਂ ਲੈ ਪਾਵੇਗਾ? ਦੁੱਧ ਪ੍ਰੋਟੀਨ, ਕੈਲਸ਼ੀਅਮ ਅਤੇ ਹੋਰ ਪੌਸ਼ਟਿਕ ਤੱਤਾਂ ਦਾ ਸਰੋਤ ਹੈ, ਪਰ ਇਹ ਇਕੱਲਾ ਸਰੀਰ ਦੀਆਂ ਸਾਰੀਆਂ ਪੌਸ਼ਟਿਕ ਲੋੜਾਂ ਪੂਰੀਆਂ ਨਹੀਂ ਕਰਦਾ। ਸੰਤੁਲਿਤ ਭੋਜਨ ਲਈ ਵੱਖ-ਵੱਖ ਖੁਰਾਕੀ ਸਮੂਹਾਂ ਦੀ ਲੋੜ ਹੁੰਦੀ ਹੈ। ਦੁੱਧ ਜ਼ੋ ਆਸਾਨੀ ਨਾਲ ਮਿਲ਼ਦਾ ਹੈ ਜ਼ਰੂਰੀ ਨਹੀਂ ਉਹ ਸਹੀ ਹੋਵੇ।
ਅਜੋਕੇ ਸਮੇਂ ਵਿੱਚ ਮਿਲਾਵਟੀ ਦੁੱਧ ਦਾ ਕਾਰੋਬਾਰ ਪੂਰੇ ਜ਼ੋਰਾਂ ਸ਼ੋਰਾਂ ਨਾਲ ਚਲ ਰਿਹਾ ਹੈ। ਫੂਡ ਸੇਫਟੀ ਵਿਭਾਗ ਸਾਰਾ ਸਾਲ ਕੁੰਭਕਰਨੀ ਨੀਂਦ ਸੌਂਦਾ ਹੈ ਜਦੋਂ ਤਿਉਹਾਰਾਂ ਦਾ ਸਮਾਂ ਸ਼ੁਰੂ ਹੁੰਦਾ ਉਦੋਂ ਖ਼ਾਨਾਪੂਰਤੀ ਕਰਦੇ ਹੋਏ ਦੋ ਚਾਰ ਮਿਲਾਵਟੀ ਦੁੱਧ ਅਤੇ ਉਸ ਤੋਂ ਬਣੇ ਪਦਾਰਥਾਂ ਦੇ ਫੜਣ ਦੀਆਂ ਖਬਰਾਂ ਅਖ਼ਬਾਰ ਦੀਆਂ ਸ਼ਿੰਗਾਰ ਬਣਦੀਆਂ ਹਨ। ਕਸੂਰ ਮਿਲਾਵਟੀ ਦੁੱਧ ਬਣਾਉਣ ਵਾਲਿਆਂ ਦਾ ਤਾ ਜ਼ੋ ਹੈ ਉਹ ਹੈ, ਉਹਨਾਂ ਦੇ ਨਾਲ ਨਾਲ ਅਸੀਂ ਵੀ ਕਸੂਰਵਾਰ ਹਾਂ। ਅਸੀਂ ਆਧੁਨਿਕ ਹੁੰਦੇ ਜਾ ਰਹੇ ਹਾਂ। ਅਸੀਂ ਮੰਗਲ ਗ੍ਰਹਿ ਤੇ ਪਹੁੰਚਣ ਲਈ ਤਾਂ ਨਵੇਂ ਨਵੇਂ ਤਰੀਕੇ ਈਜਾਦ ਕਰ ਰਹੇ ਹਾਂ ਪ੍ਰੰਤੂ ਅਕਲ ਸਾਨੂੰ ਅਜ਼ੇ ਤੱਕ ਧਰਤੀ ਤੇ ਰਹਿਣ ਦੀ ਵੀ ਨਹੀਂ ਆਈ। ਪਸ਼ੂ ਪਾਲਣ ਦਾ ਕਿੱਤਾ ਸਾਡਾ ਵਡਮੁੱਲਾ ਸਰਮਾਇਆ ਹੈ।
ਖੇਤੀਬਾੜੀ ਦੀ ਰਹਿੰਦ ਖੂਹੰਦ ਪਸ਼ੂਆਂ ਲਈ ਭੋਜ਼ਨ ਜਦਕਿ ਪਸ਼ੂਆਂ ਦਾ ਗੋਹਾ ਅਤੇ ਮਲਮੂਤਰ ਖੇਤਾਂ ਲਈ ਖਾਦ ਅਤੇ ਬਾਇਉਗੈਂਸ ਪਲਾਂਟ ਲਈ ਕੰਮ ਆ ਕੇ ਭੋਜ਼ਨ ਬਣਾਉਣ ਲਈ ਗੈਂਸ ਵਜੋਂ ਕੰਮ ਆ ਕੇ ਸੋਨੇ ਤੇ ਸੁਹਾਗੇ ਦਾ ਕੰਮ ਕਰਦਾ ਹੈ। ਇਹ ਗੈਂਸ ਵਰਤਣ ਨਾਲ ਜਿਥੇ ਐੱਲ ਪੀ ਜੀ ਗੈਂਸ ਅਤੇ ਪਾਥੀਆਂ ਦੇ ਧੂੰਏਂ ਤੋਂ ਛੁਟਕਾਰਾ ਮਿਲਦਾ ਹੈ ਉਥੇ ਵਾਤਾਵਰਨ ਵਿੱਚ ਹੋਣ ਵਾਲੇ ਹਵਾ ਪ੍ਰਦੂਸ਼ਣ ਤੋਂ ਵੀ ਕੁੱਝ ਹੱਦ ਤੱਕ ਮੁਕਤੀ ਮਿਲਦੀ ਹੈ। ਇਹ ਖੇਤੀਬਾੜੀ ਦੇ ਕਿੱਤੇ ਨਾਲ ਮੋਢੇ ਨਾਲ ਮੋਢਾ ਲਾ ਕੇ ਚਲਦਾ ਹੈ ਪ੍ਰੰਤੂ ਅਸੀਂ ਦੇਖਾ ਦੇਖੀ ਵਿੱਚ ਪਸ਼ੂਆਂ ਤੋਂ ਦੂਰ ਹੋ ਕੇ ਮਿਲਾਵਟੀ ਦੁੱਧ ਪੀਣ ਲਈ ਮਜਬੂਰ ਹੋ ਚੁੱਕੇ ਹਾਂ। ਪਸ਼ੂ ਪਾਲਣ ਦੇ ਕਿੱਤੇ ਤੋਂ ਬੇਮੁੱਖ ਹੋਣ ਵਾਲੇ ਪਸ਼ੂ ਪਾਲਕਾਂ ਦਾ ਕਹਿਣਾ ਹੈ ਕਿ ਦੁੱਧ ਦਾ ਉਹਨਾਂ ਨੂੰ ਸਹੀ ਰੇਟ ਨਹੀਂ ਮਿਲਦਾ ਇਹ ਗੱਲ ਸਹੀ ਹੈ। ਮੈਂ ਤੁਹਾਨੂੰ ਉਦਾਹਰਣ ਦਿੰਦਾ ਹਾਂ। ਮੇਰੇ ਘਰ ਇੱਕ ਗਾਂ ਰੱਖੀ ਹੋਈ ਹੈ।
ਉਹ ਸੂਣ ਵਾਲੀ ਸੀ ,ਦੋ ਮਹੀਨੇ ਬਾਕੀ ਸਨ ਇਸ ਕਰਕੇ ਨੇੜੇ ਦੀ ਇੱਕ ਡੇਅਰੀ ਤੋਂ ਦੋ ਕਿੱਲੋ ਦੁੱਧ ਲੈ ਲਿਆ ਕਰਾਂ। ਇੱਕ ਦਿਨ ਮੇਰਾ ਦੋਸਤ ਡੇਅਰੀ ਤੇ ਦੁੱਧ ਪਾਉਣ ਗਿਆ ਸੀ ਅਤੇ ਮੈਂ ਲੈਣ ਗਿਆ ਸੀ। ਮੈਂ ਦੇਖਿਆ ਉਸਦਾ ਦੁੱਧ ਅਠੱਤੀ ਉਨਤਾਲੀ ਰੁਪਏ ਲੱਗਿਆ ਜਦਕਿ ਮੈਨੂੰ ਡੇਅਰੀ ਤੋਂ ਓਹੀ ਦੁੱਧ ਪੰਜਾਹ ਰੁਪਏ ਕਿੱਲੋ ਮਿਲਿਆ। ਸੋਚਣ ਵਾਲੀ ਗੱਲ ਹੈ ਕਿ ਡੇਅਰੀ ਵਾਲੇ ਜਾਂ ਦੋਧੀ ਨੇ ਗਿਆਰਾਂ ਰੁਪਏ ਕਮਾ ਲਏ ਪਰੰਤੂ ਇਹ ਪੈਸੇ ਦੁੱਧ ਉਤਪਾਦਕ ਦੇ ਸਨ ਜਿਸਨੇ ਮਿਹਨਤ ਕੀਤੀ ਉਸਨੂੰ ਤਾਂ ਲਾਗਤ ਵੀ ਮਸਾਂ ਪੱਲੇ ਪਈ ਜਦਕਿ ਮਲਾਈ ਕੋਈ ਹੋਰ ਹੀ ਖਾ ਰਿਹਾ ਹੈ। ਦੁੱਧ ਉਤਪਾਦਕ ਦੁੱਧ ਦਾ ਉਤਪਾਦਨ ਕਰਕੇ ਆਪ ਵੇਚਣ ਲਈ ਅੱਗੇ ਆਉਣ। ਜ਼ੇਕਰ ਕਿਸਾਨਾਂ ਨੂੰ ਦੁੱਧ ਦਾ ਰੇਟ ਵਾਜਿਬ ਮਿਲੇਗਾ ਤਾਂ ਹੋਰ ਦੁੱਧ ਉਤਪਾਦਕ ਵੀ ਉਹਨਾਂ ਨੂੰ ਦੇਖ ਪਸ਼ੂ ਪਾਲਣ ਦੇ ਕਿੱਤੇ ਵੱਲ ਆਕਰਸ਼ਿਤ ਹੋਣਗੇ।
ਪਸ਼ੂ ਪਾਲਣ ਦੇ ਕਿੱਤੇ ਨੂੰ ਕਾਮਯਾਬ ਕਰਨ ਲਈ ਜਿਥੇ ਦੁੱਧ ਦੀ ਸਹੀ ਕੀਮਤ ਦੇਣ ਦੇ ਨਾਲ ਨਾਲ ਪਾਲਣ ਪਾਲਣ ਦੇ ਕਿੱਤੇ ਦੀ ਮੁੱਢਲੀ ਜਾਣਕਾਰੀ ਪਸ਼ੂ ਪਾਲਕਾਂ ਤੱਕ ਪਹੁੰਚਾਉਣਾ ਜ਼ਰੂਰੀ ਹੈ ਉਥੇ ਨਕਲੀ ਦੁੱਧ ਨੂੰ ਨੱਥ ਪਾਉਣਾ ਵੀ ਸਮੇਂ ਦੀ ਲੋੜ ਹੈ ਨਹੀਂ ਤਾਂ ਨਕਲੀ ਦੁੱਧ ਬਹੁਤ ਜਲਦ ਸੱਤਵੇਂ ਦਰਿਆ ਦਾ ਰੂਪ ਅਖ਼ਤਿਆਰ ਕਰੇਗਾ ਜ਼ੋ ਸਾਡੇ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਨਾੜਾਂ ਵਿੱਚ ਵਹੇਗਾ।
ਇਹ ਲੇਖ ਲੇਖਕ ਦੇ ਵਿਚਾਰ ਹਨ। ਕਿਸੇ ਖ਼ਾਸ ਦੁੱਧ ਜਾਂ ਉਤਪਾਦ ਵਿੱਚ ਮਿਲਾਵਟ ਦੀ ਪੁਸ਼ਟੀ ਪ੍ਰਮਾਣਿਤ ਜਾਂਚ ਨਾਲ ਹੀ ਹੁੰਦੀ ਹੈ।