ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਅਤੇ ਬੀੜ ਸਾਹਿਬ ਦਾ ਜੋੜ ਮੇਲਾ
7–8 ਅਕਤੂਬਰ ਦੇ ਜੋੜ ਮੇਲੇ ’ਤੇ ਵਿਸ਼ੇਸ਼ ਲੇਖ।
ਜਿੱਥੇ ਅੱਜ ਬੀੜ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਸਾਹਿਬ ਸਥਿੱਤ ਹੈ, ਕਦੇ ਇੱਥੇ ਜੰਗਲ ਹੁੰਦੇ ਸਨ ਤੇ ਅਕਬਰ ਬਾਦਸ਼ਾਹ ਜਦੋਂ ਸ੍ਰੀ ਗੁਰੂ ਅਮਰਦਾਸ ਜੀ ਕੋਲ ਦਰਸ਼ਨਾਂ ਲਈ ਗਏ ਤਾਂ ਅਕਬਰ ਬਾਦਸ਼ਾਹ ਨੇ ਬੀਬੀ ਭਾਨੀ ਜੀ ਨੂੰ ਆਪਣੀ ਪੁੱਤਰੀ ਕਿਹਾ ਸੀ ਤੇ ਨਾਲੇ ਇੱਥੇ ਹੀ ਗੋਇੰਦਵਾਲ ਸਾਹਬ ਸੰਗਤ ਵਿੱਚ ਬੈਠ ਕੇ ਲੰਗਰ ਛਕਿਆ ਸੀ। ਉਦੋਂ ਇਹ ਜੰਗਲ ਦਾ ਇਲਾਕਾ (ਕੁੱਝ ਉਪਜਾਊ ਭੂਮੀ ਵੀ ਸੀ) ਇੰਨ੍ਹਾਂ ਦੇ ਨਾਂਅ ਕਰ ਦਿੱਤਾ ਸੀ। ਇੱਥੋਂ ਦੀ ਦੇਖ ਰੇਖ ਬਾਬਾ ਬੁੱਢਾ ਜੀ ਕਰਦੇ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ੧ ਸਤੰਬਰ ੧੫੮੧, ਭਾਦੋਂ ਸੁਦੀ ੩, ੧੬੩੮ ਨੂੰ ਗੁਰਗੱਦੀ ਮਿਲਣ ਉਪਰੰਤ ਆਪ ਦੇ ਵੱਡੇ ਭਰਾ ਪ੍ਰਿਥੀ ਚੰਦ ਨੇ ਬਹੁਤ ਬੁਰਾ ਮਨਾਇਆ। ਪ੍ਰਿਥੀ ਚੰਦ ਨੇ ਬਾਬਾ ਬੁੱਢਾ ਜੀ ਅਤੇ ਪਿਤਾ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੂੰ ਬੋਲ ਕੁਬੋਲ ਕਹੇ। ਸ੍ਰੀ ਗੁਰੂ ਰਾਮਦਾਸ ਜੀ ਦੇ ਸਮਝਾਉਣ ਤੇ ਵੀ ਪ੍ਰਿਥੀ ਚੰਦ ਨਹੀ ਸਮਝਿਆ।
ਪ੍ਰਿਥੀ ਚੰਦ ਗੁਰੂ ਘਰ ਦੇ ਨਿੰਦਕਾਂ ਦੀ ਚੁੱਕਣਾ ਵਿੱਚ ਆ ਕੇ ਆਪੇ ਤੋਂ ਬਾਹਰ ਹੋ ਗਿਆ। ਛਲ ਕਪਟ ਨਾਲ ਇਕੱਠੀ ਕੀਤੀ ਹੋਈ ਮਾਇਆ ਦਾ ਹੰਕਾਰ ਸਿਰ ਚੜ੍ਹ ਕੇ ਬੋਲ ਰਿਹਾ ਸੀ। ਗੁਰੂ ਰਾਮਦਾਸ ਜੀ ਨੇ ਕਿਹਾ ਕਿ ‘ਤੂੰ ਮੀਣਾ ਹੈ, ਸਾਡੇ ਸਿੱਖ ਤੇਰੇ ਨਾਲ ਸਾਂਝ ਨਹੀ ਰੱਖਣਗੇ। ਸਾਡੀਆਂ ਨਜ਼ਰਾਂ ਤੋਂ ਦੂਰ ਹੋ ਜਾ।’ ਪ੍ਰਿਥੀ ਚੰਦ ਵੱਲੋਂ ਸੰਗਤ ਦੁਆਰਾ ਭੇਜੀ ਜਾਂਦੀ ਸਾਰੀ ਭੇਟਾ ਰਸਤੇ ਵਿੱਚ ਹੀ ਕਾਬੂ ਕਰ ਲਈ ਜਾਂਦੀ ਸੀ, ਕਿਉਂਕਿ ਸ੍ਰੀ ਗੁਰੂ ਰਾਮਦਾਸ ਜੀ ਵੇਲੇ ਵੀ ਪ੍ਰਿਥੀ ਚੰਦ ਹੀ ਸਾਰੀ ਭੇਟਾ ਦਾ ਹਿਸਾਬ ਰੱਖਦਾ ਸੀ। ਸੰਗਤ ਅਨਜਾਣ ਸੀ, ਇਸ ਲਈ ਇਸ ਦੇ ਬਹਿਕਾਵੇ ਵਿੱਚ ਆ ਕੇ ਸਾਰੀ ਭੇਟਾ ਇਸ ਦੇ ਹਵਾਲੇ ਕਰ ਜਾਂਦੀ ਸੀ। ਪੂਰੀ ਭੇਟਾ ਗੁਰੂ ਜੀ ਕੋਲ ਨਾ ਪਹੁੰਚਣ ਕਰਕੇ ਗੁਰੂ ਘਰ ਦੇ ਲੰਗਰ ਦੀ ਹਾਲਤ ਬੜੀ ਪਤਲੀ ਹੋ ਗਈ। ਭਾਈ ਗੁਰਦਾਸ ਜੀ ਨੂੰ ਗੁਰੂ ਰਾਮਦਾਸ ਜੀ ਨੇ ਆਗਰੇ ਪ੍ਰਚਾਰ ਲਈ ਭੇਜਿਆ ਸੀ।
ਜਦੋਂ ਉਹਨਾਂ ਨੂੰ ਗੁਰੂ ਰਾਮਦਾਸ ਜੀ ਦੇ ਸੱਚਖੰਡ ਬਿਰਾਜਣ ਦੀ ਖਬਰ ਮਿਲੀ ਤਾਂ ਆਪ ਦੇ ਸ੍ਰੀ ਅੰਮ੍ਰਿਤਸਰ ਪਹੁੰਚਣ ਤੇ ਜਦ ਦੋ ਛੋਲਿਆਂ ਦੇ ਪ੍ਰਸ਼ਾਦੇ ਮਿਲੇ ਤਾਂ ਭਾਈ ਗੁਰਦਾਸ ਜੀ ਨੂੰ ਮਾਤਾ ਭਾਨੀ ਨੂੰ ਪੁੱਛਣ ਤੇ ਪਤਾ ਲੱਗਾ ਕਿ ਇਹ ਸਭ ਪ੍ਰਿਥੀ ਚੰਦ ਕਰਕੇ ਹੋ ਰਿਹਾ ਹੈ ਤਾਂ ਭਾਈ ਗੁਰਦਾਸ ਜੀ ਨੇ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਪ੍ਰਿਥੀ ਚੰਦ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ , ਪਰ ਉਹ ਕਿੱਥੇ ਮੰਨਣ ਵਾਲਾ ਸੀ। ਭਾਈ ਗੁਰਦਾਸ ਜੀ ਨੇ ਬਾਬਾ ਬੁੱਢਾ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਸਲਾਹ ਮਸ਼ਵਰਾ ਕੀਤਾ। ਇਸ ਲਈ ਉਹਨਾਂ ਨੇ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਬਾਹਰਵਾਰ ਹੀ ਸਿੱਖਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਕਿ ਸ਼ਹਿਰ ਦੇ ਬਾਹਰ ਹੀ ਸੰਗਤਾਂ ਕੋਲੋਂ ਭੇਟਾ ਇੱਕਠੀ ਕਰ ਲਈ ਜਾਵੇ, ਪ੍ਰਿਥੀ ਚੰਦ ਤੱਕ ਪਹੁੰਚਣ ਹੀ ਨਾ ਦਿੱਤੀ ਜਾਵੇ। ਇਸ ਕੰਮ ਲਈ ਪਿੱਪਲੀ ਸਾਹਿਬ ਪੁਤਲੀਘਰ ਤੇ ਬੀੜ ਸਾਹਿਬ ਨੂੰ ਚੁਣਿਆ ਗਿਆ।
ਬਾਬਾ ਬੁੱਢਾ ਸਾਹਿਬ ਜੀ ਨੂੰ ਬੀੜ ਸਾਹਿਬ ਭੇਜਿਆ ਗਿਆ। ਜਿੱਥੇ ਬਾਬਾ ਬੁੱਢਾ ਜੀ ਨੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ। ਜਦ ਪ੍ਰਿਥੀ ਚੰਦ ਕੋਲ ਕੋਈ ਭੇਟਾ ਨਾ ਪਹੁੰਚੀ ਤਾਂ ਉਹ ਬੜਾ ਅੱਗ ਬਬੂਲਾ ਹੋਇਆ, ਫਿਰ ਸਾਰੇ ਪ੍ਰੀਵਾਰ ਨੇ ਸੋਚਿਆ ਕਿ ਅਰਜਨ (ਗੁਰੂ ਅਰਜਨ ਦੇਵ ਜੀ) ਦੇ ਕਿਹੜੀ ਔਲਾਦ ਹੋਣੀ ਹੈ, ਸਭ ਕੁੱਝ ਸਾਡਾ ਹੀ ਹੈ। ਪ੍ਰਿਥੀ ਚੰਦ ਦੀ ਪਤਨੀ ਮਾਤਾ ਗੰਗਾ ਜੀ ਨੂੰ ਤਾਹਨੇ ਮਿਹਣੇ ਦੇਂਦੀ ਰਹਿੰਦੀ ਸੀ। ਜਦ ਮਾਤਾ ਗੰਗਾ ਜੀ ਨੇ ਗੁਰੂ ਜੀ ਨੂੰ ਪੁੱਤਰ ਪ੍ਰਾਪਤੀ ਲਈ ਬੰਦਨਾ ਕੀਤੀ ਤਾਂ ਗੁਰੂ ਸਾਹਬ ਜੀ ਨੇ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਕੋਲ ਜਾ ਕੇ ਅਰਦਾਸ ਕਰਨ ਲਈ ਕਿਹਾ। ਮਾਤਾ ਗੰਗਾ ਜੀ ਨੰਗੇ ਪੈਰੀਂ ਮਿੱਸੇ ਪ੍ਰਸ਼ਾਦੇ ਆਪਣੇ ਹੱਥੀਂ ਪਕਾ ਕੇ ਨਾਲ ਗੰਡਾ, ਦਹੀਂ ਤੇ ਲੱਸੀ ਲੈ ਕੇ ਬੀੜ ਸਾਹਬ ਬਾਬਾ ਬੁੱਢਾ ਜੀ ਕੋਲ ਗਏ।
ਬਾਬਾ ਬੁੱਢਾ ਜੀ ਬੜੇ ਖੁਸ਼ ਹੋਏ ਤੇ ਮਿੱਸੇ ਪ੍ਰਸ਼ਾਦੇ ਛਕ ਕੇ ਪੁੱਤਰ ਦਾ ਵਰ ਦਿੱਤਾ ਤੇ ਕਿਹਾ ਕਿ ‘ਮਹਾਂਬਲੀ ਸੂਰਮਾ ਪੈਦਾ ਹੋਵੇਗਾ, ਜੋ ਤੁਰਕਾਂ ਦੇ ਸਿਰ ਗੰਡੇ ਵਾਂਗ ਭੰਨੇਗਾ’। ਬਾਬਾ ਬੁੱਢਾ ਜੀ ਦੇ ਵਰ ਨਾਲ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਅੱਜ ਵੀ ਉਹ ਪ੍ਰੰਪਰਾ ਕਾਇਮ ਹੈ। ਪੁੱਤਰ ਪ੍ਰਾਪਤੀ ਲਈ ਸੰਗਤਾਂ ਮਿੱਸੇ ਪ੍ਰਸ਼ਾਦੇ ਪਕਾ ਕੇ ਨਾਲ ਗੰਡਾ, ਦਹੀਂ ਤੇ ਲੱਸੀ ਲੈ ਕੇ ਬਾਬਾ ਬੁੱਢਾ ਜੀ ਦੇ ਦਰਬਾਰ ਝਬਾਲ ਪਿੰਡ ਠੱਠਾ ਵਿਖੇ ਆਉਂਦੀਆਂ ਹਨ ਤੇ ਝੋਲੀਆਂ ਭਰ ਕੇ ਖੁਸ਼ੀ-ਖੁਸ਼ੀ ਘਰਾਂ ਨੂੰ ਪਰਤਦੀਆਂ ਹਨ। ਇਸ ਗੁਰਦੁਆਰੇ ਦਾ ਪ੍ਰਬੰਧ ਸ਼ਰੋਮਣੀ ਕਮੇਟੀ ਦੇ ਹੱਥਾਂ ਵਿੱਚ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਹ ਜੋੜ ਮੇਲਾ ੭ ਤੇ ੮ ਅਕਤੂਬਰ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।