Sunday, 29 November 2026
BREAKING
• ਮੁਹਾਲੀ ਦੇ ਤਿੰਨ ਪਿੰਡਾਂ ਵਿੱਚ 651 ਪ੍ਰਾਪਰਟੀ ਕਾਰਡ ਵੰਡੇ ਗਏ — ਵਿਧਾਇਕ ਕੁਲਵੰਤ ਸਿੰਘ • ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ, ‘ਆਪ’ ਨੇ ਦੋ ਸੂਚੀਆਂ ਵਿੱਚ 17 ਉਮੀਦਵਾਰ ਐਲਾਨੇ • ਰਾਏਕੋਟ ਦੇ ਕਈ ਇਲਾਕਿਆਂ ਵਿੱਚ 27 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ • ਡਾਕ ਸੇਵਾਵਾਂ ਲਈ 1,141 ਕਰੋੜ ਅਤੇ ਡਾਕ ਵਿਭਾਗ ਦੀਆਂ ਇਮਾਰਤਾਂ ਲਈ 1,491 ਕਰੋੜ ਰੁਪਏ ਮਨਜ਼ੂਰ • ਭਾਰਤ ਵਿੱਚ ਉਸਾਰੀ ਮਸ਼ੀਨਰੀ ਬਣਾਉਣ ਲਈ 11,000 ਕਰੋੜ ਰੁਪਏ ਦੀ ਯੋਜਨਾ ਮਨਜ਼ੂਰ • ਜਨਕਪੁਰ ਧਾਮ ਤੋਂ ਅਯੁੱਧਿਆ ਲਈ ਰੇਲਗੱਡੀ ਨੂੰ ਹਰੀ ਝੰਡੀ, ਹਫ਼ਤਾਵਾਰੀ ਸੇਵਾ 28 ਨਵੰਬਰ ਤੋਂ • ਭਾਰਤ ਵਿੱਚ ਐੱਚਪੀਵੀ ਟੀਕੇ ਦੀਆਂ ਇੱਕ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ • ਜੇਈਈ ਮੇਨ 2027 ਲਈ ਲੇਟ ਫ਼ੀਸ ਨਾਲ ਅਰਜ਼ੀਆਂ ਸ਼ੁਰੂ, 26 ਨਵੰਬਰ ਤੱਕ ਮੌਕਾ • ਪੰਜਾਬ ਪੁਲਿਸ ਵੱਲੋਂ 581 ਥਾਵਾਂ ’ਤੇ ਛਾਪੇ, 243 ਗ੍ਰਿਫ਼ਤਾਰੀਆਂ ਤੇ ਪੰਜ ਹਥਿਆਰ ਬਰਾਮਦ • ਖੰਨਾ ਵਿੱਚ ਦੋ ਏਟੀਐੱਮ ਨਿਸ਼ਾਨਾ ਬਣੇ, ਸਮਰਾਲਾ ਰੋਡ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ

Article

ਨਵਾਬ ਕਪੂਰ ਸਿੰਘ: ਜੀਵਨ, ਸ਼ਖ਼ਸੀਅਤ ਅਤੇ ਕਾਰਜ

ਪ੍ਰੋ. ਨਵ ਸੰਗੀਤ ਸਿੰਘ | Updated on Tuesday, October 06, 2026 01:52 AM IST

ਨਵਾਬ ਕਪੂਰ ਸਿੰਘ: ਜੀਵਨ, ਸ਼ਖ਼ਸੀਅਤ ਅਤੇ ਕਾਰਜ

7 ਅਕਤੂਬਰ ਨੂੰ ਸਮਰਪਿਤ ਵਿਸ਼ੇਸ਼ ਲੇਖ।

ਬਾਬਾ ਬੰਦਾ ਸਿੰਘ ਬਹਾਦਰ (1670-1716 ਈ.) ਤੋਂ ਪਿੱਛੋਂ ਨਵਾਬ ਕਪੂਰ ਸਿੰਘ ਸਿੱਖਾਂ ਦੇ ਸਭ ਤੋਂ ਮਹਾਨ ਆਗੂ ਹੋ ਗੁਜ਼ਰੇ ਹਨ, ਜਿਨ੍ਹਾਂ ਨੇ ਖਿੱਲਰੀ ਹੋਈ ਸਿੱਖ ਸ਼ਕਤੀ ਨੂੰ ਇੱਕਮੁੱਠ ਕੀਤਾ। ਉਹ ਅਠਾਰ੍ਹਵੀਂ ਸਦੀ ਦੇ ਪੂਰਵਾਰਧ ਵਿੱਚ ਹੋਏ ਇੱਕ ਸੂਰਬੀਰ ਤੇ ਬਹਾਦਰ ਸਿੱਖ ਨਾਇਕ ਸਨ, ਜਿਨ੍ਹਾਂ ਨੇ ਦਲ ਖਾਲਸਾ ਦੀ ਸਥਾਪਨਾ ਕੀਤੀ। ਆਪ ਦਾ ਜਨਮ 1697 ਈ. ਵਿੱਚ ਪੱਛਮੀ ਪੰਜਾਬ (ਪਾਕਿਸਤਾਨ) ਸਥਿਤ ਜ਼ਿਲ੍ਹਾ ਸ਼ੇਖੂਪੁਰਾ ਦੇ ਇੱਕ ਪਿੰਡ ਕਾਲੋਕੇ ਵਿਖੇ ਸ. ਦਲੀਪ ਸਿੰਘ (ਜੱਟ, ਵਿਰਕ) ਦੇ ਘਰ ਹੋਇਆ। ਇਤਿਹਾਸ ਵਿੱਚ ਆਪ ਨੂੰ 'ਫੈਜ਼ਲਪੁਰੀਆ' ਅਤੇ 'ਸਿੰਘਪੁਰੀਆ' ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ। ਇਹਦਾ ਕਾਰਨ ਇਹ ਸੀ ਕਿ ਆਪ ਨੇ ਖ਼ਾਲਸੇ ਦਾ ਜਥੇਦਾਰ ਬਣ ਕੇ 'ਫ਼ੈਜ਼ਲਪੁਰ' ਪਿੰਡ ਨੂੰ ਜਿੱਤ ਲਿਆ ਸੀ ਅਤੇ ਇਸ ਥਾਂ ਆਪਣਾ ਕੇਂਦਰ ਖੋਲ੍ਹ ਲਿਆ ਸੀ। ਕੁਝ ਚਿਰ ਪਿੱਛੋਂ ਇਸ ਪਿੰਡ ਦਾ ਨਾਂ ਬਦਲ ਕੇ 'ਸਿੰਘਪੁਰਾ' ਰੱਖ ਦਿੱਤਾ ਗਿਆ।

ਇਸ ਤਰ੍ਹਾਂ ਆਪ ਦੇ ਨਾਂ ਨਾਲ ਪਹਿਲਾਂ ਫੈਜ਼ਲਪੁਰੀਆ ਅਤੇ ਪਿੱਛੋਂ ਸਿੰਘਪੁਰੀਆ ਤਖ਼ੱਲਸ ਜੁੜ ਗਏ। ਪਿੰਡ ਦੇ ਨਾਂ ਤੇ ਹੀ ਇਸ ਮਿਸਲ ਦਾ ਨਾਂ ਪਹਿਲਾਂ ਫ਼ੈਜ਼ਲਪੁਰੀਆ ਤੇ ਪਿੱਛੋਂ ਸਿੰਘਪੁਰੀਆ ਪ੍ਰਸਿੱਧ ਹੋਇਆ। ਆਪਦੇ ਪਿਤਾ ਸ.ਦਲੀਪ ਸਿੰਘ ਵਿਰਕ ਆਪਣੇ ਪਿੰਡ ਕਾਲੋਕੇ ਦੀਆਂ ਚਾਰ ਪੱਤੀਆਂ ਵਿੱਚੋਂ ਇੱਕ ਮਾਲੇਕੇ ਦੇ ਮਾਲਕ ਸਨ ਅਤੇ ਸੁੰਦਰ ਘੋੜੇ- ਘੋੜੀਆਂ ਪਾਲਣ ਦੇ ਸ਼ੌਕੀਨ ਸਨ। 1721 ਵਿੱਚ ਜਦੋਂ ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸਾ ਦਾ ਝਗੜਾ ਅੰਮ੍ਰਿਤਸਰ ਵਿਖੇ ਨਿਬੇੜਿਆ ਜਾ ਰਿਹਾ ਸੀ, ਉਸ ਸਮੇਂ ਕਪੂਰ ਸਿੰਘ ਨੇ ਭਾਈ ਮਨੀ ਸਿੰਘ ਪਾਸੋਂ ਖੰਡੇ ਦੀ ਪਾਹੁਲ ਪ੍ਰਾਪਤ ਕੀਤੀ। ਮੁਹੰਮਦ ਲਤੀਫ਼ ਅਨੁਸਾਰ, " ਉਹ (ਕਪੂਰ ਸਿੰਘ) ਸਾਰੇ ਸਿੱਖ ਆਗੂਆਂ ਨਾਲੋਂ ਸਿਰਕੱਢ ਸੀ।

ਉਹਨੇ ਕੌਮ ਨੂੰ ਮਹਾਨ ਬਣਾਉਣ ਅਤੇ ਆਜ਼ਾਦਾਨਾ ਤੌਰ ਤੇ ਹਕੂਮਤ ਕਰਨ ਲਈ ਰਾਹ ਪੱਧਰਾ ਕੀਤਾ।...ਉਸਨੇ ਬਹੁਤ ਸਾਰੇ ਲੋਕਾਂ, ਜੱਟਾਂ, ਤਰਖਾਣਾਂ, ਜੁਲਾਹਿਆਂ, ਝਿਉਰਾਂ, ਖੱਤਰੀਆਂ ਤੇ ਹੋਰਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਧਾਂਤ ਤੇ ਅਮਲ ਕਰਨ ਲਈ ਪ੍ਰੇਰਿਤ ਕੀਤਾ। ਧਾਰਮਕ ਖੇਤਰ ਵਿੱਚ ਉਸਦਾ ਇੰਨਾ ਮਾਣ ਤੇ ਸਤਿਕਾਰ ਸੀ ਕਿ ਲੋਕੀਂ ਉਸ ਪਾਸੋਂ ਪਾਹੁਲ (ਅੰਮ੍ਰਿਤ ਛਕਣ) ਪ੍ਰਾਪਤ ਕਰਨ ਵਿੱਚ ਗੌਰਵ ਸਮਝਦੇ ਸਨ।" ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ (1708 ਈ.) ਸਮੇਂ ਸ. ਕਪੂਰ ਸਿੰਘ ਦੀ ਉਮਰ 11 ਸਾਲ ਦੀ ਸੀ ਅਤੇ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ (1716 ਈ.) ਸਮੇਂ ਆਪ 19 ਵਰ੍ਹਿਆਂ ਦੇ ਸਨ। ਇਸ ਤਰ੍ਹਾਂ ਉਨ੍ਹਾਂ ਦੀ ਮੁੱਢਲੀ ਉਮਰ ਕੁਰਬਾਨੀ ਅਤੇ ਵਿਸ਼ਵਾਸ ਦੇ ਮਾਹੌਲ ਵਿੱਚ ਪ੍ਰਵਾਨ ਚੜ੍ਹੀ।

ਨਾਲੋ- ਨਾਲ ਉਨ੍ਹਾਂ ਨੇ ਧਾਰਮਿਕ ਅਨੁਸ਼ਾਸਨ ਦੀ ਪਾਲਣਾ ਕਰਦਿਆਂ ਘੋੜਸਵਾਰੀ ਅਤੇ ਤਲਵਾਰਬਾਜ਼ੀ ਦੀ ਸਿਖਲਾਈ ਵੀ ਜਾਰੀ ਰੱਖੀ। ਆਪ ਦੀ ਦਲੇਰੀ ਅਤੇ ਧਾਰਮਿਕ ਰੁਚੀ ਕਰਕੇ ਆਪ ਦੀ ਸਿੱਖ ਜਗਤ ਵਿੱਚ ਕਾਫ਼ੀ ਪ੍ਰਸਿੱਧੀ ਅਤੇ ਮਾਨਤਾ ਸੀ। ਆਪ ਦੀਆਂ ਸੈਨਿਕ ਕਾਰਵਾਈਆਂ ਕਰਕੇ ਲਾਹੌਰ ਦੇ ਸੂਬੇ ਜ਼ਕਰੀਆ ਖਾਨ ਨੇ 1733 ਈ. ਵਿੱਚ ਸਿੱਖਾਂ ਨਾਲ ਇੱਕ ਸਮਝੌਤਾ ਕਰਨ ਦੀ ਪੇਸ਼ਕਸ਼ ਕੀਤੀ। ਉਸਨੇ ਜੰਬਰ (ਲਾਹੌਰ) ਦੇ ਇੱਕ ਸਿੱਖ ਸ. ਸੁਬੇਗ ਸਿੰਘ, ਜੋ ਕਿਸੇ ਸਮੇਂ ਮੁਗਲ ਹਕੂਮਤ ਵੇਲੇ ਕੋਤਵਾਲ ਰਹਿ ਚੁੱਕਾ ਸੀ, ਰਾਹੀਂ ਵਿਸਾਖੀ ਦੇ ਮੌਕੇ ਅੰਮ੍ਰਿਤਸਰ ਵਿਖੇ ਜੁੜੀ ਸਿੱਖ- ਸੰਗਤ ਕੋਲ ਸਿੰਘਾਂ ਲਈ ਇੱਕ ਲੱਖ ਦੀ ਜਾਗੀਰ ਦਾ ਪਟਾ ਅਤੇ ਨਵਾਬੀ ਦਾ ਖਿਤਾਬ ਭੇਜਿਆ। ਸਿੰਘਾਂ ਨੇ ਜਾਗੀਰ ਦਾ ਪਟਾ (ਦੀਪਾਲਪੁਰ, ਕੰਗਣਵਾਲ ਅਤੇ ਝਬਾਲ ਦੇ ਪਰਗਣੇ) ਤਾਂ ਪ੍ਰਵਾਨ ਕਰ ਲਿਆ, ਪਰ ਨਵਾਬੀ ਦਾ ਖਿਤਾਬ ਲੈਣ ਲਈ ਕੋਈ ਤਿਆਰ ਨਾ ਹੋਇਆ।

ਸ. ਕਪੂਰ ਸਿੰਘ ਉਸ ਸਮੇਂ ਸੰਗਤ ਨੂੰ ਪੱਖਾ ਝੱਲ ਰਹੇ ਸਨ। ਸਰਬਸੰਮਤੀ ਨਾਲ ਉਹ ਖਿਤਾਬ ਸ. ਕਪੂਰ ਸਿੰਘ ਨੂੰ ਦੇ ਦਿੱਤਾ ਗਿਆ, ਜਿਸ ਵਿੱਚ ਇੱਕ ਸ਼ਾਲ, ਇੱਕ ਪਗੜੀ, ਇੱਕ ਜੜਾਊ ਕਲਗੀ,ਇੱਕ ਜੋੜਾ ਸੋਨੇ ਦੇ ਕੜਿਆਂ ਦਾ, ਇੱਕ ਹਾਰ, ਇੱਕ ਮੋਤੀਆਂ ਦੀ ਮਾਲਾ, ਇੱਕ ਜ਼ਰੀਦਾਰ ਚੋਗਾ ਅਤੇ ਇੱਕ ਤਲਵਾਰ ਸ਼ਾਮਲ ਸਨ। ਉਸ ਦਿਨ ਤੋਂ ਕਪੂਰ ਸਿੰਘ ਦੇ ਨਾਂ ਨਾਲ "ਨਵਾਬ" ਦਾ ਲਕਬ ਜੁੜ ਗਿਆ। ਉਨ੍ਹਾਂ ਨੇ ਇਸ ਖ਼ਿਤਾਬ ਨੂੰ ਪ੍ਰਵਾਨ ਕਰਨ ਤੋਂ ਪਹਿਲਾਂ ਪੰਜਾਂ ਪਿਆਰਿਆਂ ਦੇ ਪੈਰਾਂ ਨਾਲ ਛੁਹਾਇਆ। ਸਿੱਖ ਇਤਿਹਾਸ ਦੇ ਆਧੁਨਿਕ ਅਤੇ ਸਿੱਕੇਬੰਦ ਲੇਖਕ ਪ੍ਰੋਫੈਸਰ ਸੁਖਦਿਆਲ ਸਿੰਘ ਨੇ ਉਕਤ ਪ੍ਰਕਰਣ ਦੀ ਗਵਾਹੀ ਨਹੀਂ ਦਿੱਤੀ।

ਉਨ੍ਹਾਂ ਦੇ ਵਿਚਾਰ ਮੁਤਾਬਕ "ਸਿੱਖਾਂ ਦੇ ਬਜ਼ੁਰਗ ਰਾਹਨੁਮਾ ਭਾਈ ਮਨੀ ਸਿੰਘ ਨੇ ਸਮੁੱਚੇ ਪੰਥਕ ਧੜਿਆਂ ਨੂੰ ਸਲਾਹ ਦਿੱਤੀ ਕਿ ਜੇ ਉਨ੍ਹਾਂ ਨੇ ਹਕੂਮਤ ਦੇ ਜਬਰ ਦਾ ਮੁਕਾਬਲਾ ਕਰਨਾ ਹੈ, ਤਾਂ ਉਨ੍ਹਾਂ ਨੂੰ ਆਪਣਾ ਇੱਕ ਨੇਤਾ ਚੁਣਨਾ ਚਾਹੀਦਾ ਹੈ। ਇਸ ਮਸਲੇ ਨੂੰ ਹੱਲ ਕਰਨ ਲਈ ਭਾਈ ਸਾਹਿਬ ਨੇ ਸਾਰਿਆਂ ਨੂੰ ਸਰਬੱਤ ਖਾਲਸਾ ਦੇ ਰੂਪ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਜੁੜ ਕੇ ਬੈਠਣ ਲਈ ਕਿਹਾ। ਸਾਰੇ ਧੜੇ ਪਿਛਲੇ ਸਮੇਂ ਦੇ ਗਿਲੇ- ਸ਼ਿਕਵੇ ਭੁਲਾ ਕੇ ਇਕੱਠੇ ਹੋਏ ਅਤੇ ਸਭ ਕੁਝ ਵਿਚਾਰਨ ਪਿੱਛੋਂ ਸਾਰਾ ਪੰਥ ਸ. ਕਪੂਰ ਸਿੰਘ ਦੇ ਨਾਂ ਤੇ ਸਹਿਮਤ ਹੋ ਗਿਆ।" (ਸ਼ਿਰੋਮਣੀ ਸਿੱਖ ਇਤਿਹਾਸ, ਭਾਗ ਦੂਜਾ, ਪੰਨਾ 287) ਇਸ ਪ੍ਰਸੰਗ ਨੂੰ ਭਾਈ ਦਾਨ ਸਿੰਘ ਕੋਮਲ ਨੇ ਇਸ ਤਰ੍ਹਾਂ ਕਾਵਿਕ- ਅਭਿਵਿਅਕਤੀ ਦਿੱਤੀ ਹੈ: ਹੱਥ ਜੋੜ ਕੇ ਕਿਹਾ ਕਪੂਰ ਸਿੰਘ ਨੇ ਸਿਰ ਮੱਥੇ ਤੇ ਹੁਕਮ ਮਨਜ਼ੂਰ ਮੈਨੂੰ।

ਬਖਸ਼ਿਸ਼ ਪੰਥ ਦੀ, ਮੈਨੂੰ ਨਿਵਾਜਿਆ ਹੈ ਐਪਰ ਸੇਵਾ ਤੋਂ ਕਰਿਓ ਨਾ ਦੂਰ ਮੈਨੂੰ। ਸੇਵਾਦਾਰ ਮੈ ਤੁੱਛ ਹਾਂ ਗੁਰੂ ਘਰ ਦਾ ਪੱਖਾ ਕਰਨ ਵਾਲਾ, ਪਾਣੀ ਭਰਨ ਵਾਲਾ। ਭਾਂਡੇ ਲੰਗਰ ਦੇ ਮਾਂਜਣ ਤੇ ਧੋਣ ਵਾਲਾ ਲਿੱਦ ਘੋੜਿਆਂ ਦੀ ਸਾਫ ਕਰਨ ਵਾਲਾ। (ਵਿਰਸਾ ਖ਼ਾਲਸੇ ਦਾ, ਪੰਨਾ 185) ਪ੍ਰੋ. ਸੁਖਦਿਆਲ ਸਿੰਘ ਦੇ ਮੱਤ ਅਨੁਸਾਰ ਇਹ ਗੱਲ 1732-33 ਈ.ਦੀ ਹੈ। ਸ. ਕਪੂਰ ਸਿੰਘ ਉਦੋਂ ਕਰੀਬ ਛੱਤੀ- ਸੈਂਤੀ ਵਰ੍ਹਿਆਂ ਦੇ ਨੌਜਵਾਨ ਸਨ। ਉਨ੍ਹਾਂ ਨੂੰ ਕਿਉਂਕਿ ਘੋੜੇ ਪਾਲਣ ਦਾ ਸ਼ੌਕ ਸੀ, ਇਸ ਸਮੇਂ ਵੀ ਉਹ ਤਬੇਲੇ ਵਿੱਚ ਖੜ੍ਹੇ ਘੋੜਿਆਂ ਦੇ ਪਿੰਡਿਆਂ ਤੇ ਹੱਥ ਫੇਰ ਰਹੇ ਸਨ ਅਤੇ ਖੁਦ ਹੀ ਘੋੜਿਆਂ ਦੀ ਲਿੱਦ ਚੁੱਕ ਰਹੇ ਸਨ। ਕਿਹਾ ਜਾਂਦਾ ਹੈ ਕਿ ਸ. ਕਪੂਰ ਸਿੰਘ ਆਪਣੇ ਲਿੱਬੜੇ ਹੱਥਾਂ ਨਾਲ ਹੀ ਸਿਰ ਤੇ ਪਰਨਾ ਲਪੇਟਦੇ ਹੋਏ ਇਕੱਠ ਵਿੱਚ ਹਾਜ਼ਰ ਹੋਏ ਅਤੇ ਪੰਥ ਨੇ ਜੈਕਾਰਿਆਂ ਦੀ ਗੂੰਜ ਵਿੱਚ ਉਨ੍ਹਾਂ ਨੂੰ ਆਪਣਾ ਨੇਤਾ ਚੁਣ ਲਿਆ।

ਸਾਰੇ ਹੀ ਸਿੰਘਾਂ ਨੂੰ ਆਪਣਾ ਨੇਤਾ ਚੁਣ ਲੈਣ ਦਾ ਇੰਨਾ ਚਾਅ ਤੇ ਜੋਸ਼ ਸੀ ਕਿ ਉਹ ਖੁਦ ਨੂੰ ਮੁਗਲ ਹਕੂਮਤ ਦੇ ਬਰਾਬਰ ਹੀ ਹਾਕਮ ਸਮਝਣ ਲੱਗ ਪਏ ਸਨ। ਉਨ੍ਹਾਂ ਨੇ ਆਪਣੇ ਨੇਤਾ ਸ. ਕਪੂਰ ਸਿੰਘ ਨੂੰ ਲਾਹੌਰ ਦੇ ਨਵਾਬ ਵਾਂਗ ਹੀ ਆਪਣਾ ਨਵਾਬ ਸਮਝਣਾ ਸ਼ੁਰੂ ਕਰ ਦਿੱਤਾ ਸੀ। ਪ੍ਰੋ. ਸੁਖਦਿਆਲ ਸਿੰਘ ਨੇ ਇਸ ਵਿਚਾਰ ਦੀ ਸਖ਼ਤ ਨੁਕਤਾਚੀਨੀ ਕੀਤੀ ਹੈ ਕਿ ਰਤਨ ਸਿੰਘ ਭੰਗੂ ਨੇ ਪੰਥ ਵਿੱਚ ਇੱਕ ਜ਼ਬਰਦਸਤ ਭੁਲੇਖਾ ਪਾਇਆ ਹੈ ਕਿ ਸ. ਕਪੂਰ ਸਿੰਘ ਨੂੰ ਨਵਾਬ, ਪੰਥ ਨੂੰ ਹਕੂਮਤ ਵੱਲੋਂ ਜਾਗੀਰ ਮਿਲਣ ਕਰਕੇ ਕਿਹਾ ਜਾਣਾ ਸ਼ੁਰੂ ਹੋਇਆ ਸੀ। ਉਨ੍ਹਾਂ ਦੇ ਵਿਚਾਰ ਮੁਤਾਬਕ ਪੰਥ ਨੇ ਕਦੇ ਵੀ ਹਕੂਮਤ ਦੀ ਜਾਗੀਰ ਪ੍ਰਵਾਨ ਨਹੀਂ ਕੀਤੀ। (ਉਹੀ, ਪੰਨਾ 288) ਭਾਈ ਕਾਹਨ ਸਿੰਘ ਤੇ ਭਾਈ ਬਿਨੋਦ ਸਿੰਘ ਨੇ ਨਵਾਬ ਕਪੂਰ ਸਿੰਘ ਨੂੰ ਖਾਲਸਾ ਪੰਥ ਦੇ ਜੱਥੇ ਬਣਾਉਣ ਦੀ ਸਲਾਹ ਦਿੱਤੀ।

ਨਵਾਬ ਕਪੂਰ ਸਿੰਘ ਨੇ ਸਰਬੱਤ ਖਾਲਸਾ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ- ਬੁੱਢਾ ਦਲ ਅਤੇ ਤਰਣਾ ਦਲ। ਦੋਹਾਂ ਦੇ ਸੁਪਰੀਮ ਆਗੂ ਨਵਾਬ ਕਪੂਰ ਸਿੰਘ ਆਪ ਸਨ। ਜਥੇਬੰਦੀ ਦੇ ਹੋਂਦ ਵਿੱਚ ਆਉਣ ਕਰਕੇ ਸਿੱਖ ਜਗਤ ਵਿੱਚ ਇੰਨੀ ਉਤਸੁਕਤਾ ਆ ਗਈ ਸੀ ਕਿ ਪਿੰਡਾਂ ਵਿੱਚੋਂ ਸਿੱਖ ਨੌਜਵਾਨ ਵਹੀਰਾਂ ਘੱਤ ਕੇ ਅੰਮ੍ਰਿਤਸਰ ਪਹੁੰਚਣੇ ਸ਼ੁਰੂ ਹੋ ਗਏ। ਇਹਦਾ ਸਿੱਟਾ ਇਹ ਨਿਕਲਿਆ ਕਿ ਕੁਝ ਹੀ ਸਾਲਾਂ ਵਿੱਚ ਤਰਣਾ ਦਲ ਦੀ ਗਿਣਤੀ ਬਹੁਤ ਵਧ ਗਈ, ਜਿਸ ਕਰਕੇ ਤਰਣਾ ਦਲ ਨੂੰ ਅੱਗੋਂ ਪੰਜ ਹੋਰ ਭਾਗਾਂ ਵਿੱਚ ਵੰਡਣਾ ਪਿਆ। ਇਨ੍ਹਾਂ ਪੰਜਾਂ ਜੱਥਿਆਂ ਦੇ ਡੇਰੇ ਅੰਮ੍ਰਿਤਸਰ ਵਿੱਚ ਹੀ ਨੀਯਤ ਕੀਤੇ ਗਏ।

ਇਹ ਪੰਜ ਜੱਥੇ ਸਨ- ਨਿਹੰਗ ਸਿੰਘਾਂ ਦਾ ਜੱਥਾ, ਜਿਸ ਦੀ ਅਗਵਾਈ ਬਾਬਾ ਦੀਪ ਸਿੰਘ ਨੂੰ ਸੌਂਪੀ ਗਈ; ਖੱਤਰੀਆਂ ਦਾ ਜੱਥਾ, ਜਿਸ ਦੀ ਅਗਵਾਈ ਭਾਈ ਕਰਮ ਸਿੰਘ- ਧਰਮ ਸਿੰਘ ਕੋਲ ਸੀ; ਜੱਟਾਂ ਦਾ ਜੱਥਾ, ਜਿਸ ਦੀ ਅਗਵਾਈ ਭਾਈ ਦਸੌਂਧਾ ਸਿੰਘ ਕੋਲ ਸੀ; ਬਾਵਿਆਂ ਦਾ ਜੱਥਾ, ਜਿਸ ਦੀ ਅਗਵਾਈ ਬਾਬਾ ਬਿਨੋਦ ਸਿੰਘ- ਭਾਈ ਕਾਹਨ ਸਿੰਘ ਕੋਲ ਸੀ; ਰੰਘਰੇਟਿਆਂ ਦਾ ਜੱਥਾ, ਜਿਸ ਦੀ ਅਗਵਾਈ ਭਾਈ ਵੀਰ ਸਿੰਘ- ਭਾਈ ਜੀਵਨ ਸਿੰਘ ਨੂੰ ਸੌਂਪੀ ਗਈ। ਤਰਣਾ ਦਲ ਦੇ ਪੰਜ ਕੇਂਦਰ ਸਨ- ਵਿਵੇਕ ਸਰ ਲਛਮਣ ਸਰ, ਰਾਮ ਸਰ, ਕੌਲ ਸਰ ਅਤੇ ਸੰਤੋਖ ਸਰ। ਬੁੱਢਾ ਦਲ ਦੇ ਜ਼ਿੰਮੇ ਸਮੂਹ ਗੁਰਦੁਆਰਿਆਂ ਦੀ ਸੇਵਾ- ਸੰਭਾਲ ਦਾ ਕਾਰਜ ਸੀ, ਜਦਕਿ ਤਰਣਾ ਦਲ ਦੇ ਸਿੰਘਾਂ ਨੇ ਸਰਕਾਰੀ ਧੱਕੇ ਦੇ ਖਿਲਾਫ ਦੀਵਾਰ ਬਣ ਕੇ ਖੜ੍ਹਨਾ ਸੀ। ਇਹ ਸਾਰੇ ਜਥੇ ਗੁਰਦੁਆਰਿਆਂ ਵਿੱਚ ਰਹਿੰਦੇ ਸਨ ਅਤੇ ਕਿਸੇ ਵੀ ਤਰ੍ਹਾਂ ਸਰਕਾਰ ਦੇ ਕੰਮਾਂ ਵਿੱਚ ਦਖ਼ਲ ਨਹੀਂ ਸਨ ਦਿੰਦੇ।

ਪਰ ਜੇਕਰ ਸਰਕਾਰ, ਸ਼ਾਂਤੀ ਨਾਲ ਰਹਿ ਰਹੇ ਇਨ੍ਹਾਂ ਸਿੰਘਾਂ ਨੂੰ ਤਾਕਤ ਦੇ ਜ਼ੋਰ ਨਾਲ ਦਬਾਉਣ ਦੀ ਕੋਸ਼ਿਸ਼ ਕਰਦੀ ਸੀ ਤਾਂ ਇਹ ਹਮੇਸ਼ਾ ਜੰਗੇ- ਮੈਦਾਨ ਲਈ ਤਿਆਰ ਰਹਿੰਦੇ ਸਨ। ਇਸ ਜਥੇਬੰਦੀ ਦੀ ਅਸਲ ਪਰਖ ਉਦੋਂ ਹੋਈ, ਜਦੋਂ ਮਈ 1739 ਵਿੱਚ ਨਾਦਰ ਸ਼ਾਹ ਭਾਰਤ ਨੂੰ ਲੁੱਟ ਕੇ ਈਰਾਨ ਵਾਪਸ ਜਾ ਰਿਹਾ ਸੀ। ਭਾਵੇਂ ਜ਼ਕਰੀਆ ਖਾਨ ਨੇ ਕਾਫ਼ੀ ਮੁਆਵਜ਼ਾ ਅਦਾ ਕਰਕੇ ਲਾਹੌਰ ਅਤੇ ਪੰਜਾਬ ਨੂੰ ਨਾਦਰਸ਼ਾਹੀ ਲੁੱਟ ਤੋਂ ਕਾਫੀ ਹੱਦ ਤੱਕ ਬਚਾ ਲਿਆ ਸੀ, ਪਰ ਇਹੀ ਕਸਰ ਸਿੰਘਾਂ ਨੇ ਖੁਦ ਸਰਕਾਰੀ ਖਜ਼ਾਨੇ ਨੂੰ ਲੁੱਟ ਕੇ ਪੂਰੀ ਕਰ ਦਿੱਤੀ ਸੀ, ਜਦੋਂ ਨਾਦਰ ਸ਼ਾਹ ਅਜੇ ਦਿੱਲੀ ਵਿੱਚ ਹੀ ਸੀ। ਜ਼ਕਰੀਆ ਖਾਨ ਵੀ ਆਪਣੀ ਪੂਰੀ ਫੌਜ ਨਾਲ ਨਾਦਰ ਸ਼ਾਹ ਦੇ ਨਾਲ ਹੀ ਗਿਆ ਹੋਇਆ ਸੀ। ਪਿੱਛੋਂ ਲਾਹੌਰ ਵੀ ਖਾਲੀ ਸੀ ਅਤੇ ਬਾਕੀ ਦੇ ਜਾਗੀਰਦਾਰਾਂ ਦੀਆਂ ਹਵੇਲੀਆਂ ਅਤੇ ਗੜ੍ਹੀਆਂ ਵੀ ਖਾਲੀ ਸਨ।

ਨਵਾਬ ਕਪੂਰ ਸਿੰਘ ਦੀ ਅਗਵਾਈ ਹੇਠ ਦਲ ਖ਼ਾਲਸਾ ਨੇ ਲਾਹੌਰ ਸਮੇਤ ਸਾਰੇ ਸ਼ਹਿਰਾਂ ਵਿਚਲੇ ਸਰਕਾਰੀ ਅਸਲੇ ਨੂੰ ਲੁੱਟ ਲਿਆ। ਜਦੋਂ ਨਾਦਰਸ਼ਾਹ ਵਾਪਸੀ ਸਮੇਂ ਪੰਜਾਬ 'ਚੋਂ ਲੰਘਦਾ ਹੋਇਆ ਲਾਹੌਰ ਪਹੁੰਚਿਆ ਤਾਂ ਨਵਾਬ ਕਪੂਰ ਸਿੰਘ ਨੇ ਆਪਣੇ ਸਿੰਘਾਂ ਸਮੇਤ ਪਹਿਲਾਂ ਉਹਨੂੰ ਸਤਲੁਜ ਨੇੜੇ ਲੁੱਟਿਆ ਅਤੇ ਫਿਰ ਬਿਆਸ ਪਾਰ ਕਰਦੇ ਨੂੰ ਲੁੱਟਿਆ। ਝਨਾਂ ਦਰਿਆ ਤੇ ਅਖਨੂਰ ਕੋਲ ਸ. ਕਪੂਰ ਸਿੰਘ ਦੇ ਜੱਥੇ ਨੇ ਨਾਦਰਸ਼ਾਹ ਦੀ ਫ਼ੌਜ ਤੋਂ ਅਣਗਿਣਤ ਮਾਸੂਮ ਲੜਕੀਆਂ ਨੂੰ ਛੁਡਵਾ ਕੇ ਉਨ੍ਹਾਂ ਨੂੰ ਘਰੋ- ਘਰੀ ਪਹੁੰਚਾਇਆ। ਦਰਿਆ ਦੇ ਦੋਵੇਂ ਪੱਤਣਾਂ ਤੇ ਵੰਡੀ ਹੋਈ ਫ਼ੌਜ ਉੱਤੇ ਸਰਕੜਿਆਂ ਅਤੇ ਮਲ੍ਹਿਆਂ ਵਿੱਚ ਛੁਪੇ ਸਿੰਘ- ਜੱਥੇ ਅਚਾਨਕ ਹਮਲਾ ਕਰ ਦਿੰਦੇ ਸਨ। ਇਉਂ ਗੁਰੀਲਾ ਯੁੱਧ ਰਾਹੀਂ ਸਿੰਘ, ਨਾਦਰਸ਼ਾਹ ਨੂੰ ਜੇਹਲਮ ਦਰਿਆ ਤੱਕ ਪ੍ਰੇਸ਼ਾਨ ਕਰਦੇ ਰਹੇ।

ਸਿੰਘਾਂ ਬਾਰੇ ਨਾਦਰਸ਼ਾਹ ਦੇ ਪੁੱਛਣ ਤੇ ਜ਼ਕਰੀਆ ਖਾਨ ਨੇ ਦੱਸਿਆ ਸੀ ਕਿ ਹਕੂਮਤ ਨੇ ਇਨ੍ਹਾਂ ਨੂੰ ਬਹੁਤ ਕੁੱਟਿਆ ਹੈ ਤੇ ਹੁਣ ਇਹ ਸਭ ਕੁਝ ਛੱਡ- ਛਡਾ ਕੇ ਜੰਗਲਾਂ ਵੱਲ ਭੱਜ ਗਏ ਹਨ, ਹੁਣ ਘੋੜਿਆਂ ਦੀਆਂ ਕਾਠੀਆਂ ਹੀ ਇਨ੍ਹਾਂ ਦੇ ਘਰ ਹਨ। ਅਜਿਹੀ ਮਾਰਸ਼ਲ ਕੌਮ ਬਾਰੇ ਨਾਦਰਸ਼ਾਹ ਨੇ ਟਿੱਪਣੀ ਕੀਤੀ ਸੀ ਕਿ ਇੱਕ ਦਿਨ ਇਹ ਕੌਮ ਧਰਤੀ ਦੀ ਮਾਲਕ ਬਣ ਜਾਵੇਗੀ। ਜ਼ਕਰੀਆ ਖਾਨ ਨੇ ਸਿੰਘਾਂ ਨੂੰ ਸਬਕ ਸਿਖਾਉਣ ਹਿੱਤ ਸਭ ਤੋਂ ਪਹਿਲਾਂ ਇੱਕ ਸਾਜ਼ਿਸ਼ ਅਧੀਨ ਭਾਈ ਮਨੀ ਸਿੰਘ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ। ਉਹਨੇ ਸਿੰਘਾਂ ਉੱਤੇ ਹੋਰ ਵੀ ਸਖਤੀਆਂ ਸ਼ੁਰੂ ਕਰ ਦਿੱਤੀਆਂ। ਸਿੰਘ ਆਪਣਾ ਘਰਘਾਟ ਛੱਡ ਕੇ ਜੰਗਲਾਂ, ਬੀਆਬਾਨਾਂ ਤੇ ਮਾਰੂਥਲਾਂ ਵਿੱਚ ਚਲੇ ਗਏ ਪਰ ਇਸ ਬਿਪਤਾ ਭਰੇ ਸਮੇਂ ਵਿੱਚ ਵੀ ਸਿੰਘ ਚੜ੍ਹਦੀ ਕਲਾ ਵਿੱਚ ਰਹੇ। ਉਨ੍ਹਾਂ ਨੇ ਆਪਣੀ ਬੋਲਚਾਲ ਦੀ ਭਾਸ਼ਾ ਵਿੱਚ ਨਵੇਂ ਤੇ ਵੱਖਰੇ ਸ਼ਬਦਾਂ ਦਾ ਇਸਤੇਮਾਲ ਸ਼ੁਰੂ ਕਰ ਦਿੱਤਾ।

ਛੋਲਿਆਂ ਨੂੰ ਬਦਾਮ, ਇੱਕ ਨੂੰ ਸਵਾ ਲੱਖ, ਦੁੱਧ ਨੂੰ ਸਮੁੰਦਰ, ਖਤਮ ਨੂੰ ਫਤਹਿ ਕਿਹਾ ਜਾਣ ਲੱਗ ਪਿਆ। ਸਿੰਘਾਂ ਨੇ ਹਕੂਮਤ ਦੇ ਇਰਾਦਿਆਂ ਨੂੰ ਭਾਂਪ ਕੇ ਨਵੇਂ ਪੈਂਤੜੇ ਅਖਤਿਆਰ ਕਰ ਲਏ। ਦਿਨ ਵੇਲੇ ਹਕੂਮਤ ਦਾ ਰਾਜ ਹੁੰਦਾ ਤਾਂ ਰਾਤ ਨੂੰ ਸਿੱਖਾਂ ਦਾ ਬੋਲਬਾਲਾ ਹੁੰਦਾ। ਨਵਾਬ ਕਪੂਰ ਸਿੰਘ ਨੇ ਮਾਝੇ ਅਤੇ ਦੁਆਬੇ ਵਿੱਚ ਹਕੂਮਤ ਦੀ ਨੀਂਦ ਹਰਾਮ ਕਰ ਦਿੱਤੀ ਸੀ। ਹਕੂਮਤ ਨੇ ਸਿੰਘ ਸਜੇ ਹੋਏ (ਅੰਮ੍ਰਿਤਧਾਰੀ) ਵਿਅਕਤੀਆਂ ਨੂੰ ਖਾਸ ਤੌਰ ਤੇ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਡਾ. ਗੋਕਲ ਚੰਦ ਨਾਰੰਗ ਨੇ ਇਸ ਸਬੰਧੀ ਲਿਖਿਆ ਹੈ ਕਿ ਜੇ ਕਿਸੇ ਬਾਪ ਤੋਂ ਉਸ ਦੇ ਪੁੱਤਰਾਂ ਬਾਰੇ ਪੁੱਛਿਆ ਜਾਂਦਾ ਤਾਂ ਉਹ ਆਪਣੇ ਸਿੰਘ ਸਜੇ ਪੁੱਤਰ ਨੂੰ ਘਟਾ ਕੇ ਦੱਸਦਾ ਸੀ, ਕਿਉਂਕਿ ਅਜਿਹੇ ਪੁੱਤਰ ਨੂੰ ਉਹ ਮਰਿਆ- ਮੁੱਕਿਆ ਹੀ ਸਮਝਦਾ ਸੀ।

(ਟਰਾਂਸਫਰਮੇਸ਼ਨ ਆਫ ਸਿੱਖਿਜ਼ਮ, ਪੰਨਾ 116) ਅਜਿਹੇ ਭਿਆਨਕ ਸਮਿਆਂ ਵਿੱਚ ਨਵਾਬ ਕਪੂਰ ਸਿੰਘ ਨੇ ਸਿੰਘ- ਜੱਥਿਆਂ ਦੀ ਢੁਕਵੀਂ ਅਗਵਾਈ ਕੀਤੀ। 1745 ਈ. ਵਿੱਚ ਜ਼ਕਰੀਆ ਖਾਨ ਦੀ ਮੌਤ ਪਿੱਛੋਂ ਉਹਦੇ ਪੁੱਤਰ ਯਾਹੀਆ ਖ਼ਾਨ ਨੇ ਸਿੰਘਾਂ ਨੂੰ ਖ਼ਤਮ ਕਰਨ ਲਈ ਦੀਵਾਨ ਜਸਪਤ ਰਾਏ ਦੀ ਅਗਵਾਈ ਹੇਠ ਵਿਸ਼ੇਸ਼ ਫੌਜ ਨੂੰ ਲੜਾਈ ਦਾ ਹੁਕਮ ਦਿੱਤਾ। ਨਵਾਬ ਕਪੂਰ ਸਿੰਘ ਨੇ ਇਸ ਫ਼ੌਜ ਦਾ ਡਟ ਕੇ ਮੁਕਾਬਲਾ ਕੀਤਾ ਤੇ ਦੀਵਾਨ ਜਸਪਤ ਰਾਏ ਮਾਰਿਆ ਗਿਆ। ਉਸ ਦੇ ਛੋਟੇ ਭਰਾ ਲਖਪਤ ਰਾਏ ਨੇ ਗੁੱਸਾ ਖਾ ਕੇ 1746 ਈ. ਵਿੱਚ ਕਾਹਨੂੰਵਾਨ ਦੇ ਛੰਭ ਤੇ ਸਿੰਘਾਂ ਨੂੰ ਜਾ ਘੇਰਿਆ। ਉਸਨੇ ਛੰਭ ਨੂੰ ਤਿੰਨ ਪਾਸਿਆਂ ਤੋਂ ਅੱਗ ਲਾ ਦਿੱਤੀ ਅਤੇ ਦਰਿਆ ਵਾਲੇ ਚੌਥੇ ਪਾਸੇ ਉੱਤੇ ਮੁਗ਼ਲ ਫ਼ੌਜ ਨੂੰ ਖੜ੍ਹਾ ਕਰ ਦਿੱਤਾ।

ਨਵਾਬ ਕਪੂਰ ਸਿੰਘ ਨੇ ਆਪਣੇ ਯੋਧਿਆਂ ਨਾਲ ਇਸ ਮੁਸ਼ਕਿਲ ਘੜੀ ਵਿੱਚ ਤਲਵਾਰਾਂ ਸੂਤ ਕੇ ਸਿਰ- ਧੜ ਦੀ ਬਾਜ਼ੀ ਲਾ ਦਿੱਤੀ ਅਤੇ ਉਹ ਮੁਕਾਬਲਾ ਕਰਦੇ ਹੋਏ ਅੱਧੇ ਤੋਂ ਵੱਧ ਸਿੰਘਾਂ ਨਾਲ ਭੱਜ ਕੇ ਨਿਕਲਣ ਵਿੱਚ ਕਾਮਯਾਬ ਹੋ ਗਏ। ਸਿੱਖ ਇਤਿਹਾਸ ਵਿਚ ਇਸ ਘਟਨਾ ਨੂੰ "ਛੋਟਾ ਘੱਲੂਘਾਰਾ" ਦਾ ਨਾਂ ਦਿੱਤਾ ਗਿਆ ਹੈ। ਨਵਾਬ ਕਪੂਰ ਸਿੰਘ ਆਪਣੇ ਸਾਥੀਆਂ ਨਾਲ ਬਰਨਾਲਾ ਇਲਾਕੇ ਦੇ ਪਿੰਡ ਠੀਕਰੀਵਾਲਾ ਪਹੁੰਚੇ, ਜਿੱਥੇ ਬਾਬਾ ਆਲਾ ਸਿੰਘ ਨੇ ਸਿੰਘਾਂ ਦਾ ਸਵਾਗਤ ਕੀਤਾ ਅਤੇ ਨਵਾਬ ਜੀ ਦੇ ਜੱਥੇ ਤੋਂ ਅੰਮ੍ਰਿਤ ਛਕਿਆ। ਉਨ੍ਹਾਂ ਨੇ ਸ. ਕਪੂਰ ਸਿੰਘ ਦੀ ਯਾਦ ਵਿੱਚ ਠੀਕਰੀਵਾਲਾ ਵਿਖੇ ਇੱਕ ਖੂਹ ਖੁਦਵਾਇਆ, ਜੋ ਅੱਜ ਵੀ ਉੱਥੇ ਮੌਜੂਦ ਹੈ। ਕੁਝ ਸਮਾਂ ਇੱਥੇ ਰੁਕਣ ਪਿੱਛੋਂ ਨਵਾਬ ਕਪੂਰ ਸਿੰਘ ਆਪਣੇ ਖਾਲਸਾ ਦਲ ਨਾਲ ਫਿਰ ਅੰਮ੍ਰਿਤਸਰ ਚਲੇ ਗਏ।

ਉਥੋਂ ਉਹ ਚੁੱਪ- ਚੁਪੀਤੇ ਆਪਣੇ ਚੋਣਵੇਂ ਸਿੰਘਾਂ ਨਾਲ ਲਾਹੌਰ ਗਏ ਅਤੇ ਜਾਂਦਿਆਂ ਹੀ ਕੋਤਵਾਲੀ ਤੇ ਕਬਜ਼ਾ ਕਰਕੇ ਸਾਰੇ ਕੈਦੀ ਛੁਡਵਾ ਲਏ, ਅਸਲਾ ਤੇ ਰੁਪਏ- ਪੈਸੇ ਹਥਿਆ ਲਏ, ਮਾਰਧਾੜ ਕਰਨ ਪਿੱਛੋਂ ਮੁਗ਼ਲਾਂ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਸਾਰੇ ਸਿੰਘ ਅੰਮ੍ਰਿਤਸਰ ਪਹੁੰਚ ਗਏ। ਅੰਮ੍ਰਿਤਸਰ ਵਿਖੇ ਸੱਦੇ ਸਰਬੱਤ ਖਾਲਸਾ ਮੌਕੇ ਨਵਾਬ ਕਪੂਰ ਸਿੰਘ ਨੇ ਇੱਕ ਕਿਲ੍ਹਾ ਉਸਾਰਨ ਦਾ ਗੁਰਮਤਾ ਪਾਸ ਕਰਵਾਇਆ, ਜਿਸ ਦਾ ਨਾਮ ਰਾਮਗੜ੍ਹ ਰੱਖਿਆ ਗਿਆ। ਇਸ ਵਿੱਚ ਅਸਲਾ, ਅਨਾਜ ਤੇ ਹੋਰ ਰਸਦ ਇਕੱਠੀ ਕਰਕੇ ਰੱਖੀ ਗਈ। ਇਹਦਾ ਮੁਖੀ ਸ. ਜੱਸਾ ਸਿੰਘ (ਰਾਮਗੜ੍ਹੀਆ) ਨੂੰ ਨਿਯੁਕਤ ਕੀਤਾ ਗਿਆ। ਹਕੂਮਤ ਨੇ ਸ਼ਾਹ ਨਵਾਜ਼ ਖਾਨ ਦੀ ਅਗਵਾਈ ਹੇਠ ਰਾਮਗੜ੍ਹ ਨੂੰ ਘੇਰਾ ਪਾ ਲਿਆ। ਘੇਰਾ ਪਾਏ ਨੂੰ ਕੁਝ ਹੀ ਸਮਾਂ ਹੋਇਆ ਸੀ ਕਿ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਉੱਤੇ ਹਮਲਾ ਕਰ ਦਿੱਤਾ।

ਮਜ਼ਬੂਰੀ ਵਿੱਚ ਸ਼ਾਹ ਨਵਾਜ਼ ਖ਼ਾਨ ਨੂੰ ਘੇਰਾ ਚੁੱਕਣਾ ਪਿਆ ਅਤੇ ਸਿੰਘਾਂ ਨੇ ਕਿਲ੍ਹੇ ਨੂੰ ਹੋਰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ। ਨਵਾਬ ਕਪੂਰ ਸਿੰਘ ਨੇ ਨਵੀਆਂ ਪਰਿਸਥਿਤੀਆਂ ਮੁਤਾਬਕ ਖਾਲਸਾ ਜੱਥਿਆਂ ਨੂੰ ਫਿਰ ਤੋਂ ਜਥੇਬੰਦ ਕਰਨਾ ਸ਼ੁਰੂ ਕਰ ਦਿੱਤਾ। ਉਦੋਂ ਤੱਕ 65 ਸਿੰਘ- ਜਥੇ ਬਣ ਚੁੱਕੇ ਸਨ। 1748 ਈ. ਵਿੱਚ ਵਿਸਾਖੀ (29 ਮਾਰਚ) ਮੌਕੇ ਸ੍ਰੀ ਅਕਾਲ ਤੱਕ ਉੱਤੇ ਸਰਬੱਤ ਖਾਲਸਾ ਸਾਹਮਣੇ ਪੁਰਾਣੇ ਜਥੇਬੰਦਕ ਢਾਂਚੇ ਨੂੰ ਖਤਮ ਕਰਕੇ 11 ਇਕਾਈਆਂ ਬਣਾਈਆਂ, ਜਿਸ ਦਾ ਮੁਖੀ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਥਾਪਿਆ ਗਿਆ। ਨਵਾਬ ਕਪੂਰ ਸਿੰਘ ਨੇ 51 ਵਰ੍ਹਿਆਂ ਦੀ ਉਮਰ ਵਿੱਚ ਆਪਣਾ ਅਹੁਦਾ ਤਿਆਗ ਕੇ 28 ਵਰ੍ਹਿਆਂ ਦੇ ਨੌਜਵਾਨ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਲੀਡਰ ਥਾਪ ਦਿੱਤਾ। ਉਹ ਆਪ ਵੀ ਸ. ਆਹਲੂਵਾਲੀਆ ਦੀ ਕਮਾਨ ਹੇਠ ਕਾਰਜ ਕਰਨ ਲੱਗ ਪਏ।

ਪੰਥ ਦਾ ਇਹ ਮਹਾਨ ਨੇਤਾ 7 ਅਕਤੂਬਰ 1753 ਨੂੰ 56 ਵਰ੍ਹਿਆਂ ਦੀ ਆਯੂ ਵਿੱਚ ਅਕਾਲ ਚਲਾਣਾ ਕਰ ਗਿਆ। ਉਨ੍ਹਾਂ ਦੇ ਸਰੀਰ ਦਾ ਕੋਈ ਅੰਗ ਅਜਿਹਾ ਨਹੀਂ ਸੀ, ਜੋ ਜੰਗਾਂ- ਯੁੱਧਾਂ ਵਿੱਚ ਕੱਟਿਆ- ਵੱਢਿਆ ਨਾ ਗਿਆ ਹੋਵੇ। ਇਨ੍ਹਾਂ ਸੱਟਾਂ ਕਰਕੇ ਉਹ ਉਮਰ ਤੋਂ ਪਹਿਲਾਂ ਹੀ ਬਜ਼ੁਰਗ ਦਿੱਸਣ ਲੱਗ ਪਏ ਸਨ। ਉਨ੍ਹਾਂ ਨੇ ਇਕੱਲਿਆਂ ਵੱਖ- ਵੱਖ ਯੁੱਧਾਂ ਵਿੱਚ ਕਰੀਬ 500 ਵੈਰੀਆਂ ਨੂੰ ਸੋਧਿਆ ਸੀ। ਆਪ ਦਾ ਸਸਕਾਰ ਗੁਰਦੁਆਰਾ ਬਾਬਾ ਅਟੱਲ ਰਾਏ ਦੇ ਕੰਪਲੈਕਸ ਵਿੱਚ ਕੀਤਾ ਗਿਆ, ਜਿੱਥੇ ਬਣੀ ਯਾਦਗਾਰ ਤੇ ਇਹ ਸ਼ਬਦ ਉੱਕਰੇ ਹੋਏ ਹਨ: ਸਮਾਧ ਨਵਾਬ ਕਪੂਰ ਸਿੰਘ ਜੀ ਬਹਾਦਰ ਬਜ਼ੁਰਗ ਮਹਾਰਾਜਾ ਸਾਹਿਬ ਬਹਾਦਰ ਵਾਲੀਏ ਕਪੂਰਥਲਾ। ਔਖੇ ਅਤੇ ਬਿਪਤਾ ਭਰੇ ਸਮੇਂ ਵਿੱਚ ਪੰਥ ਦੀ ਸੁਯੋਗ ਅਗਵਾਈ ਕਰਨ ਬਦਲੇ ਨਵਾਬ ਕਪੂਰ ਸਿੰਘ ਦਾ ਨਾਂ ਸਿੱਖ ਇਤਿਹਾਸ ਵਿੱਚ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਉਨ੍ਹਾਂ ਨੇ ਨਾਦਰਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਜਿਹੇ ਸ਼ਕਤੀਸ਼ਾਲੀ ਜਰਨੈਲਾਂ ਨਾਲ ਦੋ- ਦੋ ਹੱਥ ਕੀਤੇ। ਅਸਲ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ (1716 ਈ.) ਪਿੱਛੋਂ ਸਾਹ- ਸੱਤ- ਹੀਣ ਅਤੇ ਆਗੂਹੀਣ ਹੋਈ ਸਿੱਖ ਕੌਮ ਨੂੰ ਨਵਾਬ ਕਪੂਰ ਸਿੰਘ ਨੇ ਹੀ ਸਹੀ ਦਿਸ਼ਾ ਪ੍ਰਦਾਨ ਕੀਤੀ ਸੀ। ਆਪ ਪੰਥ ਦੇ ਇੱਕ ਮਹਾਨ ਤੇ ਨਿਰਸੁਆਰਥ ਨੇਤਾ ਸਨ।

Have something to say? Post your comment
X