ਪ੍ਰੋ. ਨਵ ਸੰਗੀਤ ਸਿੰਘ | Updated on Tuesday, October 06, 2026 01:52 AM IST
ਠੁਮਰੀ, ਦਾਦਰਾ ਅਤੇ ਗ਼ਜ਼ਲ ਦੀ ਤ੍ਰਿਬੈਣੀ: ਬੇਗ਼ਮ ਅਖ਼ਤਰ
7 ਅਕਤੂਬਰ ਨੂੰ ਸਮਰਪਿਤ ਵਿਸ਼ੇਸ਼ ਲੇਖ।
ਬੇਗ਼ਮ ਅਖ਼ਤਰ ਭਾਰਤੀ ਸੰਗੀਤ ਵਿੱਚ ਇੱਕ ਯਾਦਗਾਰੀ ਨਾਂ ਹੈ। ਉਹਦਾ ਅਸਲ ਨਾਂ ਅਖ਼ਤਰੀ ਬਾਈ ਫ਼ੈਜ਼ਾਬਾਦੀ ਸੀ। 7 ਅਕਤੂਬਰ 1914 ਨੂੰ ਫ਼ੈਜ਼ਾਬਾਦ (ਉੱਤਰਪ੍ਰਦੇਸ਼) ਵਿੱਚ ਜਨਮੀ ਬੇਗ਼ਮ ਸੰਗੀਤ ਜਗਤ ਵਿੱਚ 'ਮੱਲਿਕਾ-ਏ-ਗ਼ਜ਼ਲ' ਦੇ ਨਾਂ ਨਾਲ ਵਿਖਿਆਤ ਹੈ। ਉਹਦੀਆਂ ਠੁਮਰੀ ਅਤੇ ਦਾਦਰਾ ਦੀਆਂ ਪੇਸ਼ਕਾਰੀਆਂ ਵੀ ਉਨੀਆਂ ਹੀ ਅਦੁੱਤੀ ਅਤੇ ਲੋਕਪ੍ਰਿਯ ਹਨ। ਉਹਦੀ ਗਾਇਕੀ ਵਿੱਚ ਪੂਰਬ ਅੰਗ ਦੀ ਠੁਮਰੀ ਦੀ ਮਿਠਾਸ, ਡੂੰਘੀ ਭਾਵਨਾ ਅਤੇ ਦਰਦ ਦਾ ਅਹਿਸਾਸ ਝਲਕਦਾ ਸੀ। ਬੇਗ਼ਮ ਦੀਆਂ ਪੇਸ਼ਕਾਰੀਆਂ ਅੱਜ ਵੀ ਕਲਾਸਿਕ ਮੰਨੀਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ 'ਹਮਰੀ ਅਟਰੀਆ ਪੇ ਆਓ ਸਾਂਵਰੀਆ', 'ਨਥਨੀਆ ਕਾਹੇ ਮਾਰੇ ਬੋਲ', 'ਅਬ ਕੇ ਸਾਵਨ ਘਰ ਆਜਾ', 'ਬਲਾਵਾ ਤੁਮ ਕਿਆ ਜਾਨੋ ਪ੍ਰੀਤ, ਜਬ ਸੇ ਸ਼ਿਆਮ ਸਿਧਾਰੇ' ਆਦਿ ਪ੍ਰਮੁੱਖ ਹਨ। ਬੇਗ਼ਮ ਨੂੰ ਬਚਪਨ ਤੋਂ ਹੀ ਸੰਗੀਤ ਵਿੱਚ ਰੁਚੀ ਸੀ। ਉਹ ਪਿਠਵਰਤੀ ਗਾਇਕਾ ਬਣਨਾ ਚਾਹੁੰਦੀ ਸੀ।
ਪਰ ਉਸਦੇ ਪਰਿਵਾਰ ਵਾਲੇ ਇਸਦੇ ਵਿਰੁੱਧ ਸਨ। ਬੇਗ਼ਮ ਦੇ ਚਾਚੇ ਨੇ ਉਹਦੇ ਸੰਗੀਤ ਪ੍ਰਤੀ ਲਗਾਓ ਨੂੰ ਪਹਿਚਾਣ ਲਿਆ ਅਤੇ ਉਹਨੂੰ ਇਸ ਰਸਤੇ ਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਬੇਗ਼ਮ ਨੇ ਫ਼ੈਜ਼ਾਬਾਦ ਵਿੱਚ ਸਾਰੰਗੀ ਉਸਤਾਦ ਇਮਾਨ ਖਾਂ ਅਤੇ ਅਤਾ ਮੁਹੰਮਦ ਖਾਂ ਤੋਂ ਸੰਗੀਤ ਦੀ ਮੁੱਢਲੀ ਵਿਦਿਆ ਹਾਸਲ ਕੀਤੀ। ਇਨ੍ਹਾਂ ਤੋਂ ਬਿਨਾਂ ਉਹਨੇ ਮੁਹੰਮਦ ਖਾਨ ਅਤੇ ਅਬਦੁਲ ਵਹੀਦ ਖਾਂ ਤੋਂ ਭਾਰਤੀ ਸੰਗੀਤ ਸਿੱਖਿਆ। '30 ਦੇ ਦਹਾਕੇ ਵਿੱਚ ਬੇਗ਼ਮ ਪਾਰਸੀ ਥੀਏਟਰ ਨਾਲ ਜੁੜ ਗਈ ਤੇ 15 ਸਾਲ ਦੀ ਉਮਰ ਵਿੱਚ ਮੰਚ ਤੇ ਪਹਿਲੀ ਪੇਸ਼ਕਾਰੀ ਦਿੱਤੀ। ਨਾਟਕ ਵਿੱਚ ਕੰਮ ਕਰਨ ਕਰਕੇ ਉਹਦਾ ਰਿਆਜ਼ ਛੁੱਟ ਗਿਆ ਤੇ ਉਸਤਾਦ ਅਤਾ ਖਾਨ ਕਾਫ਼ੀ ਨਰਾਜ਼ ਹੋਏ। ਉਨ੍ਹਾਂ ਨੇ ਬੇਗ਼ਮ ਨੂੰ ਨਾਟਕ ਛੱਡਣ ਲਈ ਵੀ ਕਿਹਾ।
ਪਰ ਬੇਗ਼ਮ ਦੇ ਕਹਿਣ ਤੇ ਜਦ ਉਹ ਉਹਦਾ ਨਾਟਕ 'ਤੁਰਕੀ ਹੂਰ' ਵੇਖਣ ਗਏ ਤੇ ਉੱਥੇ ਬੇਗ਼ਮ ਦਾ ਗਾਣਾ 'ਚਲ ਰੀ ਮੋਰੀ ਨੱਈਆ' ਸੁਣਿਆ ਤਾਂ ਉਸਤਾਦ ਦੀਆਂ ਅੱਖਾਂ ਨਮ ਹੋ ਗਈਆਂ। ਨਾਟਕ ਦੀ ਸਮਾਪਤੀ ਪਿੱਛੋਂ ਉਸਤਾਦ ਨੇ ਬੇਗ਼ਮ ਨੂੰ ਕਿਹਾ - "ਤੂੰ ਸੱਚੀ ਅਦਾਕਾਰਾ ਹੈਂ, ਜਦੋਂ ਤੱਕ ਚਾਹੇਂ ਨਾਟਕ ਵਿੱਚ ਕੰਮ ਕਰ ਸਕਦੀ ਹੈਂ।" ਨਾਟਕਾਂ ਵਿੱਚ ਮਿਲੀ ਸ਼ੁਹਰਤ ਪਿੱਛੋਂ ਬੇਗ਼ਮ ਨੂੰ ਕਲਕੱਤੇ ਦੀ ਈਸਟ ਇੰਡੀਆ ਕੰਪਨੀ ਵਿੱਚ ਅਭਿਨੈ ਦਾ ਮੌਕਾ ਮਿਲਿਆ। ਬਤੌਰ ਅਭਿਨੇਤਰੀ ਉਹਨੇ 'ਏਕ ਦਿਨ ਕਾ ਬਾਦਸ਼ਾਹ' ਤੋਂ ਆਪਣੇ ਸਿਨੇਮਾ-ਸਫ਼ਰ ਦੀ ਸ਼ੁਰੂਆਤ ਕੀਤੀ ਪਰ ਫ਼ਿਲਮ ਦੀ ਅਸਫ਼ਲਤਾ ਕਾਰਨ ਅਭਿਨੇਤਰੀ ਵਜੋਂ ਉਹਦੀ ਖਾਸ ਪਛਾਣ ਨਾ ਬਣ ਸਕੀ। 1933 ਵਿੱਚ ਈਸਟ ਇੰਡੀਆ ਦੇ ਬੈਨਰ ਹੇਠ ਬਣੀ ਫ਼ਿਲਮ 'ਨਲ ਦਮਿਅੰਤੀ' ਦੀ ਸਫ਼ਲਤਾ ਪਿੱਛੋਂ ਬੇਗ਼ਮ ਬਤੌਰ ਅਭਿਨੇਤਰੀ ਆਪਣੀ ਕੁਝ ਪਛਾਣ ਬਣਾਉਣ ਵਿੱਚ ਸਫ਼ਲ ਹੋ ਗਈ।
ਇਸੇ ਦੌਰਾਨ ਉਹਨੇ 'ਅਮੀਨਾ'(1934), 'ਮੁਮਤਾਜ਼ ਬੇਗ਼ਮ' (1934), 'ਰੂਪ ਕੁਮਾਰੀ' (1934), 'ਜਵਾਨੀ ਕਾ ਨਸ਼ਾ'(1935), 'ਨਸੀਬ ਕਾ ਚੱਕਰ'(1936) ਵਰਗੀਆਂ ਫ਼ਿਲਮਾਂ ਵਿੱਚ ਅਭਿਨੈ ਕੀਤਾ। ਕੁਝ ਸਮੇਂ ਪਿੱਛੋਂ ਉਹ ਲਖਨਊ ਚਲੀ ਗਈ, ਜਿੱਥੇ ਉਹਦੀ ਮੁਲਾਕਾਤ ਪ੍ਰਸਿੱਧ ਨਿਰਮਾਤਾ-ਨਿਰਦੇਸ਼ਕ ਮਹਿਬੂਬ ਖਾਨ ਨਾਲ ਹੋਈ। ਮਹਿਬੂਬ ਨੇ ਉਹਨੂੰ ਬੰਬਈ ਆਉਣ ਦਾ ਸੱਦਾ ਦਿੱਤਾ। 1942 ਵਿੱਚ ਮਹਿਬੂਬ ਖਾਨ ਦੀ ਫ਼ਿਲਮ 'ਰੋਟੀ' ਵਿੱਚ ਬੇਗ਼ਮ ਨੇ ਅਭਿਨੈ ਦੇ ਨਾਲ ਨਾਲ 6 ਗਾਣੇ ਵੀ ਗਾਏ। ਪਰ ਫ਼ਿਲਮ ਨਿਰਮਾਣ ਦੌਰਾਨ ਸੰਗੀਤਕਾਰ ਅਨਿਲ ਬਿਸਵਾਸ ਤੇ ਮਹਿਬੂਬ ਦੀ ਅਣਬਣ ਹੋ ਗਈ। ਜਿਸ ਕਰਕੇ ਤਿੰਨ ਗਾਣੇ ਫ਼ਿਲਮ ਚੋਂ ਹਟਾ ਦਿੱਤੇ। ਪਿੱਛੋਂ ਇਨ੍ਹਾਂ ਗਾਣਿਆਂ ਦੀ ਗ੍ਰਾਮੋਫ਼ੋਨ ਡਿਸਕ ਜਾਰੀ ਕੀਤੀ ਗਈ। ਕੁਝ ਦਿਨਾਂ ਪਿੱਛੋਂ ਬੇਗ਼ਮ ਬੰਬਈ ਦੀ ਚਕਾਚੌਂਧ ਤੋਂ ਉਕਤਾ ਕੇ ਲਖਨਊ ਵਾਪਸ ਆ ਗਈ।
1945 ਵਿੱਚ ਜਦੋਂ ਉਹਦੀ ਪ੍ਰਸਿੱਧੀ ਸਿਖਰਾਂ ਤੇ ਸੀ ਤਾਂ ਉਹਨੇ ਇਸ਼ਤਿਆਕ ਅਹਿਮਦ ਅੱਬਾਸੀ, ਜੋ ਪੇਸ਼ੇ ਤੋਂ ਵਕੀਲ ਸਨ, ਨਾਲ ਨਿਕਾਹ ਕਰ ਲਿਆ ਅਤੇ ਅਖ਼ਤਰੀ ਬਾਈ ਤੋਂ ਬੇਗ਼ਮ ਅਖ਼ਤਰ ਬਣ ਗਈ। ਉਹਨੇ ਗਾਇਕੀ ਛੱਡ ਦਿੱਤੀ ਅਤੇ ਪਰਦੇ ਵਿੱਚ ਰਹਿਣ ਲੱਗੀ। ਬਹੁਤ ਸਾਰੇ ਲੋਕਾਂ ਨੇ ਉਹਦੇ ਇਨ੍ਹਾਂ ਕੰਮਾਂ ਲਈ ਨੁਕਤਾਚੀਨੀ ਵੀ ਕੀਤੀ। ਪੰਜ ਸਾਲ ਤੱਕ ਉਹਨੇ ਬਾਹਰੀ ਦੁਨੀਆਂ ਨਾਲੋਂ ਨਾਤਾ ਤੋੜੀ ਰੱਖਿਆ। ਉਹ ਬੀਮਾਰ ਰਹਿਣ ਲੱਗੀ ਤਾਂ ਡਾਕਟਰਾਂ ਨੇ ਸਲਾਹ ਦਿੱਤੀ ਕਿ ਉਹ ਗਾਇਕੀ ਸ਼ੁਰੂ ਕਰ ਦੇਵੇ। 1949 ਵਿੱਚ ਪਤੀ ਦੇ ਕਹਿਣ ਤੇ ਉਹ ਫਿਰ ਤੋਂ ਗਾਇਕੀ ਵੱਲ ਪਰਤੀ ਤੇ ਆਲ ਇੰਡੀਆ ਰੇਡੀਓ ਲਖਨਊ ਨਾਲ ਜੁੜ ਗਈ ਤੇ ਮਰਦੇ ਦਮ ਤੱਕ ਜੁੜੀ ਰਹੀ।
ਮਹਾਨ ਸੰਗੀਤਕਾਰ ਮਦਨ ਮੋਹਨ ਦੇ ਕਹਿਣ ਤੇ ਬੇਗ਼ਮ ਨੇ 1953 ਵਿੱਚ ਪ੍ਰਦਰਸ਼ਿਤ 'ਦਾਨਾਪਾਨੀ' ਦੇ ਗੀਤ 'ਐ ਇਸ਼ਕ ਮੁਝੇ ਔਰ ਕੁਛ ਯਾਦ ਨਹੀਂ' ਤੇ 1954 ਵਿੱਚ ਫ਼ਿਲਮ 'ਅਹਿਸਾਨ' ਦੇ ਗੀਤ 'ਹਮੇਂ ਦਿਲ ਮੇਂ ਬਸਾ ਭੀ ਲੋ' ਗਾ ਕੇ ਸਰੋਤਿਆਂ ਤੋਂ ਭਰਪੂਰ ਦਾਦ ਹਾਸਲ ਕੀਤੀ। '50 ਦੇ ਦਹਾਕੇ ਵਿੱਚ ਉਹਨੇ ਫ਼ਿਲਮਾਂ ਵਿੱਚ ਕੰਮ ਕਰਨਾ ਘਟਾ ਦਿੱਤਾ। 1958 ਵਿੱਚ ਸਤਿਆਜੀਤ ਰੇਅ ਦੀ ਫ਼ਿਲਮ 'ਜਲਸਾ ਘਰ' ਉਹਦੇ ਕੈਰੀਅਰ ਦੀ ਆਖਰੀ ਫ਼ਿਲਮ ਸੀ। ਇਸ ਫ਼ਿਲਮ ਵਿੱਚ ਉਹਨੇ ਗਾਇਕਾ ਦੀ ਭੂਮਿਕਾ ਨਿਭਾ ਕੇ ਖੁਦ ਨੂੰ ਜੀਵੰਤ ਕਰ ਦਿੱਤਾ। ਉਹਦੀਆਂ ਕੁਝ ਹੋਰ ਫ਼ਿਲਮਾਂ ਵਿੱਚ 'ਅਨਾਰ ਬਾਲਾ' (1940), 'ਦਾਨਾਪਾਨੀ' (1953), 'ਅਹਿਸਾਨ' (1954), 'ਜਲਸਾ ਘਰ' (1958) ਆਦਿ ਪ੍ਰਮੁੱਖ ਹਨ।
ਫ਼ਿਲਮ ਅਤੇ ਸੰਗੀਤ ਨੂੰ ਦਿੱਤੇ ਯੋਗਦਾਨ ਬਦਲੇ ਉਹਨੂੰ 1968 ਵਿੱਚ ਪਦਮਸ਼੍ਰੀ, 1972 ਵਿੱਚ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਅਤੇ 1975 ਵਿੱਚ (ਮੌਤ ਤੋਂ ਪਿੱਛੋਂ) ਪਦਮ ਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ। ਇਹ ਮਹਾਨ ਗਾਇਕਾ 30 ਅਕਤੂਬਰ 1974 ਨੂੰ ਹਾਰਟ ਅਟੈਕ ਕਾਰਨ ਇਸ ਦੁਨੀਆਂ ਨੂੰ ਸਦੀਵੀ ਅਲਵਿਦਾ ਕਹਿ ਗਈ। ਉਹਨੂੰ ਲਖਨਊ ਦੇ ਪਸੰਦ ਬਾਗ ਵਿੱਚ ਸਪੁਰਦੇ-ਖ਼ਾਕ ਕੀਤਾ ਗਿਆ। ਮੌਤ ਤੋਂ ਅੱਠ ਦਿਨ ਪਹਿਲਾਂ ਉਹਨੇ ਪ੍ਰਸਿੱਧ ਸ਼ਾਇਰ ਕੈਫ਼ੀ ਆਜ਼ਮੀ ਦੀ ਇਹ ਗ਼ਜ਼ਲ ਰਿਕਾਰਡ ਕਰਵਾਈ : ਸੁਨਾ ਕਰੋ ਮੇਰੀ ਜਾਂ ਉਨਸੇ ਉਨਕੇ ਅਫ਼ਸਾਨੇ। ਸਬ ਅਜਨਬੀ ਹੈਂ ਯਹਾਂ ਕੌਨ ਕਿਸਕੋ ਪਹਚਾਨੇ। ਉਹਦੀਆਂ ਯਾਦਗਾਰੀ ਗ਼ਜ਼ਲਾਂ ਵਿੱਚ 'ਵੋ ਜੋ ਹਮਮੇਂ ਤੁਮਮੇਂ ਕਰਾਰ ਥਾ, ਤੁਮੇਂ ਯਾਦ ਹੋ ਕਿ ਨ ਯਾਦ ਹੋ...' ਬਹੁਤ ਪ੍ਰਸਿੱਧ ਹੈ।
ਲੇਖਕ ਤੇ ਸੰਗੀਤਕਾਰ ਯਤੀਂਦ੍ਰ ਮਿਸ਼੍ਰ ਦੀ ਕਿਤਾਬ 'ਅਖ਼ਤਰੀ : ਸੋਜ਼ ਔਰ ਦਰਦ ਕਾ ਅਫ਼ਸਾਨਾ' ਵਿੱਚੋਂ ਬੇਗ਼ਮ ਅਖ਼ਤਰ ਦੇ ਜੀਵਨ ਬਾਰੇ ਵਿਸਤ੍ਰਿਤ ਜਾਣਕਾਰੀ ਮੁਹੱਈਆ ਹੁੰਦੀ ਹੈ।