ਬਰਨਾਲਾ ਵਿੱਚ ਸਾਹਿਤਕ ਮਿਲਣੀ, ਪੁਸਤਕ ਚਰਚਾ ਤੇ ਸਨਮਾਨ ਸਮਾਰੋਹ
ਬਰਨਾਲਾ (ਗੁਰਭਿੰਦਰ ਗੁਰੀ) “ਸਾਹਿਤ ਸਮਾਜ ਦਾ ਦਰਪਣ ਹੁੰਦਾ ਹੈ ਤੇ ਲੇਖਕ ਉਸ ਦਰਪਣ ਨੂੰ ਸਾਫ਼ ਕਰਨ ਵਾਲਾ ਕਲਾਕਾਰ ਹੁੰਦਾ ਹੈ।” ਇਸੇ ਭਾਵਨਾ ਨੂੰ ਸਮਰਪਿਤ ਅਦਾਰਾ ‘ਅਦਬੀ ਸਾਂਝ’ ਵੱਲੋਂ ਬਰਨਾਲਾ ਵਿਖੇ ਸਾਹਿਤਿਕ ਮਿਲਣੀ, ਪੁਸਤਕ ਚਰਚਾ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਗਮ ਦੌਰਾਨ ਸਾਹਿਤ, ਕਲਾ, ਸਿੱਖਿਆ ਅਤੇ ਸਮਾਜ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਸਮਾਗਮ ਵਿੱਚ ਭਾਈ ਸਾਹਿਬ ਜਸਕਰਨ ਸਿੰਘ ਕਾਹਨ ਸਿੰਘ ਵਾਲਾ ,ਮੈਡਮ ਜਸਵਿੰਦਰ ਕੌਰ ਦਦਾਹੂਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਇਕਬਾਲ ਸਿੰਘ ਗਿੱਲ ਅਤੇ ਮੋਹੀ ਅਮਰਜੀਤ ਸਿੰਘ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਵੱਖ-ਵੱਖ ਖੇਤਰਾਂ ਨਾਲ ਸਬੰਧਤ ਸ਼ਖ਼ਸੀਅਤਾਂ ਦੇ ਇੱਕ ਮੰਚ ’ਤੇ ਇਕੱਠੇ ਹੋਣ ਨੂੰ ਸਮਾਗਮ ਦੀ ਖਾਸੀਅਤ ਵਜੋਂ ਦੇਖਿਆ ਗਿਆ।
ਇਸ ਮੌਕੇ ਅਦਾਰਾ ‘ਅਦਬੀ ਸਾਂਝ’ ਦੀਆਂ ਗਤੀਵਿਧੀਆਂ ਅਤੇ ਇਸ ਨੂੰ ਅੱਗੇ ਵਧਾਉਣ ਵਿੱਚ ਸਰਦਾਰ ਅਵਤਾਰ ਸਿੰਘ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਚਰਚਾ ਹੋਈ। ਬੁਲਾਰਿਆਂ ਨੇ ਸਾਹਿਤਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਅਤੇ ਵੱਖ-ਵੱਖ ਖੇਤਰਾਂ ਦੀਆਂ ਸ਼ਖ਼ਸੀਅਤਾਂ ਨੂੰ ਇੱਕ ਸਾਂਝੇ ਮੰਚ ’ਤੇ ਲਿਆਉਣ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਸਮਾਗਮ ਦੌਰਾਨ ਸਰਦਾਰ ਤੇਜਾ ਸਿੰਘ ਤਿਲਕ ਨੇ ਸਰਦਾਰ ਇਕਬਾਲ ਸਿੰਘ ਗਿੱਲ ਦੀ ਮੂਰਤੀ ਕਲਾ ਦੇ ਸਫ਼ਰ ਬਾਰੇ ਲਿਖੀ ਪੁਸਤਕ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਇਕਬਾਲ ਸਿੰਘ ਗਿੱਲ ਦੀ ਕਲਾ-ਯਾਤਰਾ ਅਤੇ ਰਚਨਾਤਮਕ ਸਫ਼ਰ ਨਾਲ ਜੁੜੇ ਵੱਖ-ਵੱਖ ਪਹਿਲੂਆਂ ਨੂੰ ਸਰੋਤਿਆਂ ਸਾਹਮਣੇ ਰੱਖਿਆ। ਸਮਾਗਮ ਵਿੱਚ ਹਾਜ਼ਰ ਬੁਲਾਰਿਆਂ ਵੱਲੋਂ ਕੋਮਲ ਕਲਾਵਾਂ, ਸਾਹਿਤਕ ਸਫ਼ਰ ਅਤੇ ਨਵੀਂ ਪੀੜ੍ਹੀ ਦੀ ਸਿਰਜਣਾਤਮਕ ਪ੍ਰਤਿਭਾ ਬਾਰੇ ਵੀ ਵਿਚਾਰ ਪ੍ਰਗਟ ਕੀਤੇ ਗਏ।
ਭਾਈ ਸਾਹਿਬ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਆਪਣੇ ਸੰਬੋਧਨ ਵਿੱਚ ਬੱਚਿਆਂ ਅੰਦਰ ਛੁਪੀ ਕਲਾ ਅਤੇ ਪ੍ਰਤਿਭਾ ਨੂੰ ਪਛਾਣਨ ਤੇ ਨਿਖਾਰਨ ਵਿੱਚ ਮਾਪਿਆਂ ਦੀ ਭੂਮਿਕਾ ’ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਿਰਫ਼ ਰਵਾਇਤੀ ਦੌੜ ਦਾ ਹਿੱਸਾ ਬਣਾਉਣ ਦੀ ਬਜਾਏ ਉਨ੍ਹਾਂ ਦੀ ਰੁਚੀ ਅਤੇ ਅੰਦਰੂਨੀ ਪ੍ਰਤਿਭਾ ਨੂੰ ਸਮਝ ਕੇ ਉਸ ਨੂੰ ਅੱਗੇ ਵਧਾਉਣ ਲਈ ਮਾਹੌਲ ਦੇਣਾ ਚਾਹੀਦਾ ਹੈ। ਮੈਡਮ ਜਸਵਿੰਦਰ ਕੌਰ ਤੂਰ ਨੇ ਵੀ ਅਜੋਕੇ ਵਿੱਦਿਅਕ ਢਾਂਚੇ ਅਤੇ ਬੱਚਿਆਂ ਦੀ ਸਿਰਜਣਾਤਮਕਤਾ ਬਾਰੇ ਆਪਣੇ ਵਿਚਾਰ ਰੱਖੇ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਿਰਫ਼ ਮੁਕਾਬਲੇ ਦੀ ਦੌੜ ਤੱਕ ਸੀਮਤ ਰੱਖਣ ਦੀ ਬਜਾਏ ਉਨ੍ਹਾਂ ਅੰਦਰ ਮੌਜੂਦ ਕਲਾ, ਸਾਹਿਤਕ ਰੁਚੀ ਅਤੇ ਹੋਰ ਹੁਨਰਾਂ ਨੂੰ ਨਿਖਾਰਨ ਵੱਲ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ।
ਇਸ ਦੌਰਾਨ ਮੈਡਮ ਜਸਵਿੰਦਰ ਕੌਰ ਤੂਰ ਨੇ ਆਪਣੀ ਪਲੇਠੀ ਪੁਸਤਕ ‘ਜਨਾਨੀਆਂ ਜੋਗੇ’ ਦੇ ਸਿਰਲੇਖ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਪੁਸਤਕ ਦੇ ਸਿਰਲੇਖ ਨੂੰ ਲੈ ਕੇ ਉਨ੍ਹਾਂ ਨੂੰ ਪਾਠਕਾਂ ਅਤੇ ਲੋਕਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਵੇਂ ਕਿਸੇ ਪੁਸਤਕ ਦੇ ਸਿਰਫ਼ ਕਵਰ ਜਾਂ ਸਿਰਲੇਖ ਤੋਂ ਉਸ ਦੀ ਸਮੁੱਚੀ ਸਮੱਗਰੀ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ, ਉਸੇ ਤਰ੍ਹਾਂ ਇਹ ਕਹਾਣੀ ਸੰਗ੍ਰਹਿ ਵੀ ਆਮ ਸਮਾਜਿਕ ਜੀਵਨ ਨਾਲ ਜੁੜੀਆਂ ਕਹਾਣੀਆਂ ’ਤੇ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਕਹਾਣੀਕਾਰਾ ਨੇ ਆਪਣੇ ਆਲੇ-ਦੁਆਲੇ ਵਾਪਰ ਰਹੀਆਂ ਸਮਾਜਿਕ ਘਟਨਾਵਾਂ, ਰਿਸ਼ਤਿਆਂ ਅਤੇ ਜੀਵਨ ਦੇ ਵੱਖ-ਵੱਖ ਪੱਖਾਂ ਨੂੰ ਆਪਣੀ ਕਲਮ ਰਾਹੀਂ ਕਹਾਣੀ ਦਾ ਰੂਪ ਦਿੱਤਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਸਿਰਲੇਖ ਨੂੰ ਪੜ੍ਹ ਕੇ ਪਾਠਕ ਦੇ ਮਨ ਵਿੱਚ ਪੈਦਾ ਹੋਣ ਵਾਲੇ ਵਿਚਾਰ ਕਈ ਵਾਰ ਉਸ ਦੀ ਆਪਣੀ ਸੋਚ ਅਤੇ ਮਾਨਸਿਕਤਾ ਦਾ ਵੀ ਪ੍ਰਗਟਾਵਾ ਕਰਦੇ ਹਨ। ਸਮਾਗਮ ਦੀ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਮੈਡਮ ਸੁਖਪਾਲ ਕੌਰ ਬਾਠ ਨੇ ਬਾਖੂਬੀ ਨਿਭਾਈ। ਉਨ੍ਹਾਂ ਨੇ ਸਮਾਗਮ ਨੂੰ ਸੁਚੱਜੇ ਢੰਗ ਨਾਲ ਅੱਗੇ ਵਧਾਉਂਦਿਆਂ ਸਾਹਿਤਕ ਮਾਹੌਲ ਨੂੰ ਹੋਰ ਰੰਗਤ ਦਿੱਤੀ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੇ ਪਿਛਲੇ ਸਮੇਂ ਦੇ ਵਿਗੜੇ ਹਾਲਾਤਾਂ ਨੂੰ ਬਿਆਨ ਕਰਦੀ ਕਵਿਤਾ ਵੀ ਪੇਸ਼ ਕੀਤੀ, ਜਿਸ ਨੂੰ ਸਰੋਤਿਆਂ ਵੱਲੋਂ ਧਿਆਨ ਨਾਲ ਸੁਣਿਆ ਗਿਆ। ਸਮਾਗਮ ਦੌਰਾਨ ਸਾਹਿਤ ਅਤੇ ਕਲਾ ਦੇ ਖੇਤਰ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਬੁਲਾਰਿਆਂ ਨੇ ਕਿਹਾ ਕਿ ਅਜਿਹੇ ਸਮਾਗਮ ਨਾ ਸਿਰਫ਼ ਸਾਹਿਤਕਾਰਾਂ ਅਤੇ ਕਲਾਕਾਰਾਂ ਨੂੰ ਇੱਕ ਸਾਂਝਾ ਮੰਚ ਪ੍ਰਦਾਨ ਕਰਦੇ ਹਨ, ਸਗੋਂ ਨੌਜਵਾਨ ਪੀੜ੍ਹੀ ਨੂੰ ਵੀ ਸਾਹਿਤ, ਕਲਾ ਅਤੇ ਸਿਰਜਣਾਤਮਕ ਗਤੀਵਿਧੀਆਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸਮਾਗਮ ਦੇ ਅੰਤ ਵਿੱਚ ਪ੍ਰਬੰਧਕਾਂ ਵੱਲੋਂ ਹਾਜ਼ਰ ਮਹਿਮਾਨਾਂ, ਸਾਹਿਤਕਾਰਾਂ, ਕਲਾਕਾਰਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਰਦਾਰ ਅਵਤਾਰ ਸਿੰਘ ਵੱਲੋਂ ਥੋੜ੍ਹੇ ਸਮੇਂ ਵਿੱਚ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਇੱਕ ਮੰਚ ’ਤੇ ਇਕੱਠਾ ਕਰਨ ਅਤੇ ਸਾਹਿਤਕ ਵਿਚਾਰ-ਵਟਾਂਦਰੇ ਲਈ ਮੰਚ ਪ੍ਰਦਾਨ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਗਈ।