ਰਾਏਕੋਟ ਵਿੱਚ 20 ਅਕਤੂਬਰ ਨੂੰ ਦੁਸਹਿਰਾ ਸਮਾਗਮ; ਮਨੋਹਰ ਲਾਲ ਲਾੜੀ ਮੁੜ ਪ੍ਰਧਾਨ ਚੁਣੇ
ਰਾਏਕੋਟ (ਗੁਰਭਿੰਦਰ ਗੁਰੀ) — ਨੇਕੀ ਦੀ ਬਦੀ ’ਤੇ ਇਤਿਹਾਸਕ ਜਿੱਤ ਦੇ ਪ੍ਰਤੀਕ ਪਾਵਨ ਤਿਉਹਾਰ ਦੁਸਹਿਰੇ ਨੂੰ ਇਸ ਵਾਰ 20 ਅਕਤੂਬਰ ਨੂੰ ਰਾਏਕੋਟ ਵਿਖੇ ਵੱਡੇ ਪੱਧਰ ’ਤੇ ਧਾਰਮਿਕ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ। ਦੁਸਹਿਰਾ ਕਮੇਟੀ ਵੱਲੋਂ ਗੋਗਾ ਮੇੜੀ ਸੇਵਾ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਦੁਸਹਿਰਾ ਸਮਾਗਮ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।
ਇਸ ਸਬੰਧੀ ਸ੍ਰੀ ਦੁਰਗਾ ਸ਼ਕਤੀ ਮੰਦਰ ਵਿਖੇ ਸੋਮਨਾਥ ਗੋਇਲ ਦੀ ਪ੍ਰਧਾਨਗੀ ਹੇਠ ਸ਼ਹਿਰ ਵਾਸੀਆਂ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਮਨੋਹਰ ਲਾਲ ਲਾੜੀ ਨੂੰ ਮੁੜ ਦੁਸਹਿਰਾ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਨਰਿੰਦਰ ਡਾਵਰ ਨੂੰ ਕਮੇਟੀ ਦਾ ਚੇਅਰਮੈਨ, ਵੀਰਵਾਲ ਵਰਮਾ ਅਤੇ ਰਾਜ ਕੁਮਾਰ ਵਰਮਾ ਨੂੰ ਸਕੱਤਰ ਅਤੇ ਰਾਜਨ ਪੁਰੁਥੀ ਨੂੰ ਖਜ਼ਾਨਚੀ ਚੁਣਿਆ ਗਿਆ। ਮੀਟਿੰਗ ਵਿੱਚ ਇਨ੍ਹਾਂ ਅਹੁਦੇਦਾਰਾਂ ਨੂੰ ਸਰਬਸੰਮਤੀ ਨਾਲ ਦੁਸਹਿਰਾ ਕਮੇਟੀ ਦੇ ਅਗਲੇ ਗਠਨ ਅਤੇ ਪ੍ਰਬੰਧਾਂ ਸਬੰਧੀ ਲੋੜੀਂਦੇ ਅਧਿਕਾਰ ਵੀ ਦਿੱਤੇ ਗਏ।
ਮੁੜ ਪ੍ਰਧਾਨ ਚੁਣੇ ਗਏ ਮਨੋਹਰ ਲਾਲ ਲਾੜੀ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 20 ਅਕਤੂਬਰ ਨੂੰ ਦੁਸਹਿਰਾ ਪਵਿੱਤਰ ਭਾਵਨਾ, ਧਾਰਮਿਕ ਸ਼ਰਧਾ ਅਤੇ ਵੱਡੀ ਧੂਮਧਾਮ ਨਾਲ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਮਾਗਮ ਵਿੱਚ ਸ਼ਹਿਰ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਵੇਗਾ, ਤਾਂ ਜੋ ਦੁਸਹਿਰਾ ਸਮਾਗਮ ਨੂੰ ਸਾਂਝੀਵਾਲਤਾ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਬਣਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਇਸ ਵਾਰ ਸਮਾਗਮ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਜਾਣਗੇ ਅਤੇ ਭਗਵਾਨ ਦੇ ਜੀਵਨ ਨਾਲ ਸਬੰਧਤ ਝਾਕੀਆਂ ਪੇਸ਼ ਕੀਤੀਆਂ ਜਾਣਗੀਆਂ। ਝਾਕੀਆਂ ਅਤੇ ਹੋਰ ਧਾਰਮਿਕ ਪ੍ਰੋਗਰਾਮਾਂ ਦੌਰਾਨ ਧਾਰਮਿਕ ਭਾਵਨਾਵਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ।
ਮੀਟਿੰਗ ਵਿੱਚ ਜਸਪਾਲ ਜੈਨ ਬਿੱਟੂ, ਡਾ. ਸੁੰਦਰ ਲਾਲ, ਅਸ਼ੋਕ ਕੁਮਾਰ ਨਿਹਾਲਾ, ਅਜੈਬ ਸਿੰਘ, ਮੁਹੰਮਦ ਇਮਰਾਨ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।