ਲੇਖ ਨਾਲ ਹਰਜਿੰਦਰ ਸਿੰਘ ਬਸਿਆਲਾ ਵੱਲੋਂ ਭੇਜਿਆ ਪ੍ਰਤੀਕਾਤਮਕ ਚਿੱਤਰ; ਕਿਸੇ ਅਸਲ ਘਟਨਾ ਜਾਂ ਖੋਜ ਦਾ ਫੋਟੋਗ੍ਰਾਫ ਨਹੀਂ। ਸਰੋਤ: ਪੰਜਾਬੀ ਹੈਰਲਡ।
ਬੁਢਾਪੇ ਵਿੱਚ ਕੰਮ ਕਰਦੇ ਰਹਿਣਾ ਜਾਂ ਵਿਹਲੇ ਬੈਠਣਾ
ਜਾਣੋ ਨਵੀਆਂ ਵਿਗਿਆਨਕ ਖੋਜਾਂ ਅਤੇ ਗੁਰੂ ਸਾਹਿਬਾਨ ਦੇ ਫਲਸਫੇ ਅਨੁਸਾਰ ਕੀ ਹੈ ਸਹੀ ਰਾਹ?
-ਮਾਨਸਿਕ ਅਤੇ ਸਰੀਰਕ ਸਰਗਰਮੀ ਸਿਹਤਮੰਦ ਬੁਢਾਪੇ ਲਈ ਮਦਦਗਾਰ ਹੋ ਸਕਦੀ ਹੈ।
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 02 ਅਕਤੂਬਰ 2026:-ਬੁਢਾਪੇ ਵਿੱਚ ਕੰਮ ਕਰਦੇ ਰਹਿਣਾ ਜਾਂ ਵਿਹਲੇ ਬੈਠਣਾ ਇਕ ਗੰਭੀਰ ਵਿਸ਼ਾ ਹੈ। ਜੋ ਸਾਡੀ ਸਿਹਤ, ਆਉਣ ਵਾਲੀ ਜ਼ਿੰਦਗੀ ਅਤੇ ਸਾਡੇ ਬਜ਼ੁਰਗਾਂ ਨਾਲ ਸਿੱਧਾ ਜੁੜਿਆ ਹੈ।
ਜਿਵੇਂ-ਜਿਵੇਂ ਸਾਡੀ ਉਮਰ ਵਧਦੀ ਹੈ, ਬਹੁਤ ਸਾਰੇ ਲੋਕ ਇਹ ਸੋਚਣ ਲੱਗ ਪੈਂਦੇ ਹਨ ਕਿ ਹੁਣ ਉਮਰ ਹੋ ਗਈ ਹੈ, ਇਸ ਲਈ ਕੰਮ ਛੱਡ ਕੇ ਘਰ ਬੈਠ ਜਾਣਾ ਚਾਹੀਦਾ ਹੈ ਅਤੇ ਪੂਰੀ ਤਰ੍ਹਾਂ ਵਿਹਲੇ ਹੋ ਕੇ ਆਰਾਮ ਕਰਨਾ ਚਾਹੀਦਾ ਹੈ। ਮਾਨਸਿਕ, ਸਰੀਰਕ ਅਤੇ ਸਮਾਜਿਕ ਸਰਗਰਮੀ ਸਿਹਤਮੰਦ ਬੁਢਾਪੇ ਲਈ ਮਦਦਗਾਰ ਹੋ ਸਕਦੀ ਹੈ। ਰਿਟਾਇਰ ਹੋਣਾ ਆਪਣੇ ਆਪ ਵਿੱਚ ਦਿਮਾਗ ਦੀਆਂ ਨਸਾਂ ਸੁੰਗੜਨ ਜਾਂ ਡਿਮੇਨਸ਼ੀਆ ਹੋਣ ਦਾ ਸਬੂਤ ਨਹੀਂ ਹੈ। ਹਰ ਵਿਅਕਤੀ ਦੀ ਸਿਹਤ ਅਤੇ ਸਮਰੱਥਾ ਵੱਖਰੀ ਹੁੰਦੀ ਹੈ।
ਵਿਗਿਆਨਕ ਖੋਜਾਂ ਅਤੇ ਵੱਡੀਆਂ ਸੰਸਥਾਵਾਂ ਦੇ ਅੰਕੜੇ ਕੀ ਕਹਿੰਦੇ ਹਨ
ਦਿਮਾਗ ਅਤੇ ਉਮਰ ਦੇ ਸਬੰਧ ਵਿੱਚ ਯੂਨੀਵਰਸਿਟੀਆਂ ਨੇ ਕਈ ਖੋਜਾਂ ਕੀਤੀਆਂ ਹਨ। ਐਲਨ ਬਾਇਲਿਸਟੋਕ ਅਤੇ ਸਹਿਯੋਗੀਆਂ ਦੇ 2007 ਦੇ ਅਧਿਐਨ ਵਿੱਚ ਡਿਮੇਨਸ਼ੀਆ ਵਾਲੇ 184 ਮਰੀਜ਼ਾਂ ਦੇ ਰਿਕਾਰਡਾਂ ਦੀ ਜਾਂਚ ਕੀਤੀ ਗਈ। ਇਸ ਨਮੂਨੇ ਵਿੱਚ ਦੋ ਭਾਸ਼ਾਵਾਂ ਬੋਲਣ ਵਾਲਿਆਂ ਦੇ ਲੱਛਣ ਔਸਤਨ ਲਗਭਗ ਚਾਰ ਸਾਲ ਬਾਅਦ ਸ਼ੁਰੂ ਹੋਏ ਸਨ। ਇਹ ਨਤੀਜਾ ਹਰ ਵਿਅਕਤੀ ਲਈ ਚਾਰ ਸਾਲ ਦੀ ਦੇਰੀ ਦੀ ਗਾਰੰਟੀ ਜਾਂ ਕਾਰਨ-ਨਤੀਜੇ ਦਾ ਪੱਕਾ ਸਬੂਤ ਨਹੀਂ ਹੈ।
ਐਡਿਨਬਰਾ ਯੂਨੀਵਰਸਿਟੀ ਦੇ 2014 ਦੇ ਅਧਿਐਨ ਵਿੱਚ 853 ਲੋਕ ਸ਼ਾਮਲ ਸਨ। ਇਸ ਵਿੱਚ ਦੋ ਭਾਸ਼ਾਵਾਂ ਬੋਲਣ ਅਤੇ ਬਾਅਦ ਦੀ ਉਮਰ ਵਿੱਚ ਬਿਹਤਰ ਬੋਧਾਤਮਕ ਕਾਰਗੁਜ਼ਾਰੀ ਵਿਚਕਾਰ ਸਬੰਧ ਮਿਲਿਆ। ਅਧਿਐਨ ਨੇ ਦਿਮਾਗ ਦੀਆਂ ਨਸਾਂ ਮਜ਼ਬੂਤ ਹੋਣ ਦਾ ਸਿੱਧਾ ਮਾਪ ਨਹੀਂ ਕੀਤਾ। ਯਾਕੋਵ ਸਟਰਨ ਦੀ ਕੌਗਨਿਟਿਵ ਰਿਜ਼ਰਵ ਧਾਰਨਾ ਦਿਮਾਗ ਦੀ ਬਦਲਾਅ ਨਾਲ ਨਜਿੱਠਣ ਦੀ ਸਮਰੱਥਾ ਸਮਝਣ ਦਾ ਇਕ ਢੰਗ ਹੈ; ਇਹ ਬਿਮਾਰੀ ਤੋਂ ਪੂਰੀ ਸੁਰੱਖਿਆ ਦਾ ਵਾਅਦਾ ਨਹੀਂ ਕਰਦੀ।
ਨਾਰਥਵੈਸਟਰਨ ਯੂਨੀਵਰਸਿਟੀ ਦੇ ਸੁਪਰ ਏਜਿੰਗ ਪ੍ਰੋਜੈਕਟ ਵਿੱਚ 80 ਸਾਲ ਜਾਂ ਵੱਧ ਉਮਰ ਦੇ ਕੁਝ ਬਜ਼ੁਰਗਾਂ ਦੀ ਯਾਦਦਾਸ਼ਤ ਆਪਣੇ ਤੋਂ 20–30 ਸਾਲ ਛੋਟੇ ਲੋਕਾਂ ਦੇ ਪੱਧਰ ਦੀ ਮਿਲੀ ਹੈ—ਭਾਵ ਆਮ ਤੌਰ ’ਤੇ 50–60 ਸਾਲ ਦੇ ਲੋਕਾਂ ਦੇ ਪੱਧਰ ਦੀ। ਇਸ ਤੋਂ ਇਹ ਨਹੀਂ ਸਾਬਤ ਹੁੰਦਾ ਕਿ ਕੰਮ ਕਰਦੇ ਰਹਿਣ ਵਾਲੇ ਸਾਰੇ ਬਜ਼ੁਰਗਾਂ ਦੀ ਯਾਦਦਾਸ਼ਤ 20–30 ਸਾਲ ਦੇ ਨੌਜਵਾਨਾਂ ਵਰਗੀ ਹੋ ਜਾਂਦੀ ਹੈ ਜਾਂ ਵਿਹਲੇ ਬੈਠਣ ਨਾਲ ਲਾਜ਼ਮੀ ਬਿਮਾਰੀ ਹੁੰਦੀ ਹੈ।
ਸਿੱਖ ਗੁਰੂ ਸਾਹਿਬਾਨ ਦਾ ਫਲਸਫਾ ਅਤੇ ਅਮਲੀ ਜੀਵਨ
ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸਿਰਫ ਬਾਣੀ ਰਾਹੀਂ ਹੀ ਨਹੀਂ ਬਲਕਿ ਆਪਣੇ ਅਮਲੀ ਜੀਵਨ ਰਾਹੀਂ ਵੀ ਇਹ ਸਿਖਾਇਆ ਹੈ ਕਿ ਉਮਰ ਭਾਵੇਂ ਕਿੰਨੀ ਵੀ ਹੋ ਜਾਵੇ, ਕਿਰਤ ਕਰਨੀ ਕਦੇ ਨਹੀਂ ਛੱਡਣੀ ਚਾਹੀਦੀ ਅਤੇ ਸਮਾਜ ਨਾਲ ਜੁੜੇ ਰਹਿਣਾ ਚਾਹੀਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਉਮਰ ਦੇ ਆਖਰੀ ਸਾਲਾਂ ਵਿੱਚ ਕਰਤਾਰਪੁਰ ਸਾਹਿਬ ਵਿਖੇ ਖੁਦ ਖੇਤੀ ਕਰਕੇ ਦੁਨੀਆ ਨੂੰ ਦਸਾਂ ਨਹੁੰਆਂ ਦੀ ਕਿਰਤ ਕਰਨ ਦਾ ਮਹਾਨ ਸੁਨੇਹਾ ਦਿੱਤਾ, ਉਹ ਵਿਹਲੇ ਨਹੀਂ ਬੈਠੇ ਸਗੋਂ ਸਰੀਰਕ ਅਤੇ ਮਾਨਸਿਕ ਤੌਰ ਤੇ ਲਗਾਤਾਰ ਸਰਗਰਮ ਰਹੇ। ਇਸੇ ਤਰ੍ਹਾਂ ਸ਼੍ਰੀ ਗੁਰੂ ਅਮਰਦਾਸ ਜੀ ਦੀ ਵੱਡੀ ਮਿਸਾਲ ਸਾਡੇ ਸਾਹਮਣੇ ਹੈ, ਜਿਨ੍ਹਾਂ ਨੇ 70 ਸਾਲ ਤੋਂ ਵੱਧ ਦੀ ਉਮਰ ਵਿੱਚ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਲਈ ਹਰ ਰੋਜ਼ ਬਿਆਸ ਦਰਿਆ ਤੋਂ ਪਾਣੀ ਲਿਆਉਣ ਦੀ ਔਖੀ ਸਰੀਰਕ ਘਾਲਣਾ ਘਾਲੀ।
ਗੁਰੂ ਅਮਰਦਾਸ ਜੀ ਨੇ 95 ਸਾਲ ਦੀ ਉਮਰ ਤੱਕ ਸਿੱਖ ਪੰਥ ਦੀ ਅਗਵਾਈ ਕੀਤੀ, ਬਾਉਲੀ ਸਾਹਿਬ ਦਾ ਨਿਰਮਾਣ ਕਰਵਾਇਆ ਅਤੇ ਸਮਾਜ ਸੁਧਾਰ ਦੇ ਬਹੁਤ ਵੱਡੇ ਕੰਮ ਕੀਤੇ। ਗੁਰੂ ਸਾਹਿਬਾਨ ਦਾ ਜੀਵਨ ਕਿਰਤ, ਸੇਵਾ ਅਤੇ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਦੀ ਪ੍ਰੇਰਨਾ ਦਿੰਦਾ ਹੈ। ਬਜ਼ੁਰਗ ਆਪਣੀ ਸਰੀਰਕ ਸਮਰੱਥਾ ਅਤੇ ਸਿਹਤ ਅਨੁਸਾਰ ਘਰ ਦੇ ਕੰਮ, ਸਮਾਜ ਸੇਵਾ, ਨਵੀਆਂ ਭਾਸ਼ਾਵਾਂ ਸਿੱਖਣ ਜਾਂ ਹੋਰ ਰੁਝੇਵੇਂ ਰੱਖ ਸਕਦੇ ਹਨ। ਆਰਾਮ ਦੀ ਲੋੜ ਅਤੇ ਸਰਗਰਮੀ ਦਾ ਸੰਤੁਲਨ ਹਰ ਵਿਅਕਤੀ ਲਈ ਵੱਖਰਾ ਹੋ ਸਕਦਾ ਹੈ।
ਲੇਖਕ ਦੇ ਨਿੱਜੀ ਵਿਚਾਰ ਹਨ। ਵਿਗਿਆਨਕ ਦਾਅਵਿਆਂ ਵਿੱਚ ਤੱਥਕ ਸੋਧਾਂ ਕੀਤੀਆਂ ਗਈਆਂ ਹਨ। ਇਹ ਲੇਖ ਨਿੱਜੀ ਡਾਕਟਰੀ ਸਲਾਹ ਦਾ ਬਦਲ ਨਹੀਂ ਹੈ।
ਖੋਜ ਸਰੋਤ:
https://pubmed.ncbi.nlm.nih.gov/17125807/
https://www.research.ed.ac.uk/en/publications/does-bilingualism-influence-cognitive-aging/
https://www.brain.northwestern.edu/superaging/index.html