ਪ੍ਰੋ. ਸਰਚਾਂਦ ਸਿੰਘ ਖਿਆਲਾ | Updated on Friday, October 02, 2026 19:56 PM IST
ਪ੍ਰੋ. ਸਰਚਾਂਦ ਸਿੰਘ ਖਿਆਲਾ ਦੀ ਭੇਜੀ ਤਸਵੀਰ।
ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਵਿਰਸਾ ਵਲਟੋਹਾ ਨੂੰ ਘੇਰਿਆ।
“ਜੇ ਆਡੀਓ ਤੁਹਾਡੀ ਹੈ ਤਾਂ ‘ਉਪਰੋਂ’ ਕੌਣ ਸੀ? ਜੇ ਨਹੀਂ ਤਾਂ ਫੋਰੈਂਸਿਕ ਜਾਂਚ ਤੋਂ ਕਿਉਂ ਭੱਜਣਾ?”- ਪ੍ਰੋ. ਸਰਚਾਂਦ ਸਿੰਘ ਖਿਆਲਾ ।
ਅੰਮ੍ਰਿਤਸਰ, 2 ਅਕਤੂਬਰ: ਪੰਜਾਬ ਭਾਜਪਾ ਦੇ ਬੁਲਾਰੇ ਅਤੇ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਅਮਰਜੀਤ ਸਿੰਘ ਚਾਵਲਾ ਮਾਮਲੇ ਨਾਲ ਸਬੰਧਿਤ ਬਹਿਰੀਨ ਤੋਂ ਆਈ ਮਹਿਲਾ ਅਤੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵਿਚਾਲੇ ਵਿੱਤੀ ਲੈਣ ਦੇਣ ਸੰਬੰਧੀ ਗੱਲਬਾਤ ਦੀ ਵਾਇਰਲ ਹੋ ਰਹੀ ਕਥਿਤ ਆਡੀਓ ਰਿਕਾਰਡਿੰਗ ਨੂੰ ਲੈ ਕੇ ਵਲਟੋਹਾ ਤੋਂ ਤਿੱਖੇ ਸਵਾਲ ਕੀਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਆਡੀਓ ਨਾ ਫ਼ਰਜ਼ੀ ਤੇ ਛੇੜਛਾੜ ਵੀ ਨਹੀਂ ਹੋਈ ਅਤੇ ਇਸ ਵਿੱਚ ਸੁਣਾਈ ਦੇ ਰਹੀ ਆਵਾਜ਼ ਵਲਟੋਹਾ ਦੀ ਹੀ ਹੈ ਤਾਂ ਮਾਮਲਾ ਅਕਾਲੀਆਂ ਦੀ ਨੈਤਿਕਤਾ ਨਾਲ ਜੁੜਿਆ ਹੋਣ ਕਰਕੇ ਬੇਹੱਦ ਗੰਭੀਰ ਹੈ ਅਤੇ ਇਸ ਦੀ ਤਹਿ ਤੱਕ ਜਾਣਾ ਲਾਜ਼ਮੀ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਕਥਿਤ ਆਡੀਓ ਵਿੱਚ ਵਲਟੋਹਾ ਦਾ ਵਿੱਤੀ ਲੈਣ ਦੇਣ ਬਾਰੇ ਇਹ ਵਾਕ ਕਿ “ਇਹ ਮੇਰੇ ਵੱਲੋਂ ਨਹੀਂ, ਉਪਰੋਂ ਹੀ ਡਿਸਾਈਡ ਹੋ ਗਿਆ”, ਸਭ ਤੋਂ ਵੱਡਾ ਸਵਾਲ ਖੜ੍ਹਾ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇ ਫੋਰੈਂਸਿਕ ਜਾਂਚ ਵਿੱਚ ਆਵਾਜ਼ ਦੀ ਪੁਸ਼ਟੀ ਹੁੰਦੀ ਹੈ ਤਾਂ ਵਲਟੋਹਾ ਨੂੰ ਸੰਗਤ ਦੇ ਸਾਹਮਣੇ ਸਪਸ਼ਟ ਕਰਨਾ ਚਾਹੀਦਾ ਹੈ ਕਿ “ਉਪਰੋਂ” ਤੋਂ ਉਨ੍ਹਾਂ ਦੀ ਮੁਰਾਦ ਕਿਸ ਤੋਂ ਸੀ? ਕੀ ਇਹ ਕਿਸੇ ਸੀਨੀਅਰ ਅਕਾਲੀ ਨੇਤਾ ਵੱਲ ਇਸ਼ਾਰਾ ਸੀ, ਕਿਸੇ ਸੰਸਥਾਗਤ ਫ਼ੈਸਲੇ ਵੱਲ ਜਾਂ ਕਿਸੇ ਹੋਰ ਵਿਅਕਤੀ ਵੱਲ?
“ਇਹ ਕੋਈ ਆਮ ਗੱਲਬਾਤ ਨਹੀਂ ਕਿ ਇੱਕ ਵਾਕ ਬੋਲ ਕੇ ਮਾਮਲਾ ਖ਼ਤਮ ਕਰ ਦਿੱਤਾ ਜਾਵੇ। ਜੇ ਆਡੀਓ ਅਸਲੀ ਹੈ ਤਾਂ ‘ਉਪਰੋਂ’ ਹੋਏ ਕਥਿਤ ਫ਼ੈਸਲੇ ਦਾ ਪੂਰਾ ਸੰਦਰਭ ਸਾਹਮਣੇ ਆਉਣਾ ਚਾਹੀਦਾ ਹੈ। ਜੇ ਆਡੀਓ ਨਕਲੀ ਹੈ ਤਾਂ ਵਲਟੋਹਾ ਨੂੰ ਤੁਰੰਤ ਫੋਰੈਂਸਿਕ ਜਾਂਚ ਦੀ ਮੰਗ ਕਰਨੀ ਚਾਹੀਦੀ ਹੈ,” ਪ੍ਰੋ. ਖਿਆਲਾ ਨੇ ਕਿਹਾ।
ਪ੍ਰੋ. ਖਿਆਲਾ ਨੇ ਸਵਾਲ ਕੀਤਾ ਕਿ ਬਹਿਰੀਨ ਤੋਂ ਮਹਿਲਾ ਨੂੰ ਪੰਜਾਬ ਲਿਆਉਣ ਦਾ ਮਕਸਦ ਅਤੇ ਲਿਆਉਣ ਵਿੱਚ ਕਿਸ ਦੀ ਭੂਮਿਕਾ ਸੀ? ਜੇ ਕਿਸੇ ਆਗੂ ਜਾਂ ਸ਼ਖਸੀਅਤ ਦੀ ਸੰਭਾਵਿਤ ਕਿਰਦਾਰਕੁਸ਼ੀ ਇਸ ਦਾ ਮਕਸਦ ਸੀ ਤਾਂ ਇਹ ਅਕਾਲੀ ਸੋਚ ਦੀ ਇਖ਼ਲਾਕੀ ਪਤਨ ਦੀ ਆਖ਼ਰੀ ਕੜੀ ਹੋਵੇਗੀ। ਉਸ ਮਹਿਲਾ ਨੂੰ ਮਹੀਨਿਆਂ ਤੱਕ ਸ਼੍ਰੋਮਣੀ ਕਮੇਟੀ ਨਾਲ ਸਬੰਧਿਤ ਸਰਾਂਵਾਂ ਵਿੱਚ ਰਹਿਣ ਦੀ ਸਹੂਲਤ ਕਿਸ ਨੇ ਦਿੱਤੀ? ਉਸ ਦੇ ਰਹਿਣ-ਸਹਿਣ ਦਾ ਖ਼ਰਚਾ ਕੌਣ ਚੁੱਕ ਰਿਹਾ ਸੀ? ਸਰਾਂ ਦੇ ਰਜਿਸਟਰ, ਬੁਕਿੰਗ ਰਿਕਾਰਡ, ਭੁਗਤਾਨ ਦੇ ਵੇਰਵੇ, ਸੀਸੀਟੀਵੀ ਫੁਟੇਜ ਅਤੇ ਹੋਰ ਸੰਬੰਧਿਤ ਦਸਤਾਵੇਜ਼ ਜਾਂਚ ਦਾ ਹਿੱਸਾ ਬਣਾਏ ਜਾਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਵਲਟੋਹਾ ਵੱਲੋਂ ਇਸ ਮਹਿਲਾ ਨਾਲ ਕਿਸੇ ਤਰ੍ਹਾਂ ਦੇ ਸਬੰਧ ਤੋਂ ਸਾਫ਼ ਇਨਕਾਰ ਕੀਤਾ ਜਾਂਦਾ ਰਿਹਾ, ਪਰ ਸਾਹਮਣੇ ਆਈ ਕਥਿਤ ਆਡੀਓ ਵਿੱਚ ਮਹਿਲਾ ਨਾਲ ਸਿੱਧੀ ਗੱਲਬਾਤ ਸੁਣਾਈ ਦੇ ਰਹੀ ਹੈ, ਤਾਂ ਇਸ ਵਿਰੋਧਾਭਾਸ ਦਾ ਜਵਾਬ ਵੀ ਵਲਟੋਹਾ ਨੂੰ ਦੇਣਾ ਚਾਹੀਦਾ ਹੈ, ਕਿ ਸੱਚ ਕੀ ਹੈ?
ਪ੍ਰੋ. ਖਿਆਲਾ ਨੇ ਇਹ ਵੀ ਪੁੱਛਿਆ ਕਿ ਜੇਕਰ ਮਾਮਲੇ ਦੀ ਪੂਰੀ ਪਿਛੋਕੜ ਵਿੱਚ ਹੋਰ ਲੋਕਾਂ ਦੀ ਭੂਮਿਕਾ ਜਾਂ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਸਿਰਫ਼ ਅਮਰਜੀਤ ਸਿੰਘ ਚਾਵਲਾ ਨੂੰ ਹੀ ਕੇਂਦਰ ਵਿੱਚ ਰੱਖ ਕੇ ਬਾਕੀ ਸੰਭਾਵਿਤ ਕੜੀਆਂ ਦੀ ਜਾਂਚ ਤੋਂ ਕਿਉਂ ਬਚਿਆ ਜਾਵੇ?
“ਵਲਟੋਹਾ ਜੀ, ਸਵਾਲ ਸਿੱਧਾ ਹੈ—ਜੇ ਆਡੀਓ ਤੁਹਾਡੀ ਨਹੀਂ ਤਾਂ ਜਾਂਚ ਕਰਵਾਓ; ਜੇ ਆਵਾਜ਼ ਤੁਹਾਡੀ ਹੈ ਤਾਂ ‘ਉਪਰੋਂ’ ਕੌਣ ਸੀ, ਦੱਸੋ; ਅਤੇ ਜੇ ਗੱਲਬਾਤ ਨੂੰ ਸੰਦਰਭ ਤੋਂ ਕੱਟ ਕੇ ਪੇਸ਼ ਕੀਤਾ ਗਿਆ ਹੈ ਤਾਂ ਪੂਰੀ ਗੱਲਬਾਤ ਜਨਤਕ ਕਰੋ।”
ਪ੍ਰੋ. ਖਿਆਲਾ ਨੇ ਕਿਹਾ ਕਿ ਪੰਥਕ ਸੰਸਥਾਵਾਂ ਨਾਲ ਜੁੜੇ ਕਿਸੇ ਵੀ ਮਾਮਲੇ ਵਿੱਚ ਪਾਰਦਰਸ਼ਤਾ ਸਭ ਤੋਂ ਮਹੱਤਵਪੂਰਨ ਹੈ। ਕਿਸੇ ਨੂੰ ਬਿਨਾਂ ਜਾਂਚ ਦੋਸ਼ੀ ਠਹਿਰਾਉਣਾ ਵੀ ਗ਼ਲਤ ਹੈ ਅਤੇ ਕਿਸੇ ਪ੍ਰਭਾਵਸ਼ਾਲੀ ਵਿਅਕਤੀ ਨੂੰ ਸਵਾਲਾਂ ਤੋਂ ਉੱਪਰ ਸਮਝਣਾ ਵੀ।
ਉਨ੍ਹਾਂ ਕਿਹਾ ਕਿ ਕਥਿਤ ਗੱਲਬਾਤ ਵਿੱਚ ਮਹਿਲਾ ਵੱਲੋਂ ਆਪਣੇ ਆਪ ਨੂੰ ਕਈ ਮਹੀਨਿਆਂ ਤੋਂ ਪੰਜਾਬ ਵਿੱਚ ਫਸਿਆ ਹੋਇਆ ਦੱਸਣ, ਪਰਿਵਾਰ ਅਤੇ ਬੱਚਿਆਂ ਤੋਂ ਦੂਰ ਰਹਿਣ ਅਤੇ ਪਾਸਪੋਰਟ ਜ਼ਬਤ ਹੋਣ ਵਰਗੇ ਗੰਭੀਰ ਦਾਅਵੇ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਇਨ੍ਹਾਂ ਦਾਅਵਿਆਂ ਦੀ ਸਚਾਈ ਜਾਂ ਝੂਠ ਦਾ ਫ਼ੈਸਲਾ ਬਿਆਨਾਂ ਨਾਲ ਨਹੀਂ, ਸਗੋਂ ਪੁਲੀਸ ਜਾਂਚ, ਦਸਤਾਵੇਜ਼ੀ ਸਬੂਤ ਅਤੇ ਫੋਰੈਂਸਿਕ ਜਾਂਚ ਰਾਹੀਂ ਹੋਣਾ ਚਾਹੀਦਾ ਹੈ।
ਉਨ੍ਹਾਂ ਮੰਗ ਕੀਤੀ ਕਿ ਮਾਮਲੇ ਨਾਲ ਜੁੜੇ ਸਾਰੇ ਤੱਥਾਂ ਦੀ ਨਿਰਪੱਖ ਜਾਂਚ ਕਰਕੇ ਸੱਚ ਸੰਗਤ ਅਤੇ ਪੰਜਾਬ ਦੇ ਲੋਕਾਂ ਸਾਹਮਣੇ ਲਿਆਂਦਾ ਜਾਵੇ। ਸਿਆਸੀ ਬਿਆਨਬਾਜ਼ੀ ਨਹੀਂ, ਸਬੂਤ ਬੋਲਣੇ ਚਾਹੀਦੇ ਹਨ ਅਤੇ ਜੇ ਕਿਸੇ ਨੇ ਕੁਝ ਛੁਪਾਇਆ ਹੈ ਤਾਂ ਜਾਂਚ ਉਸ ਨੂੰ ਸਾਹਮਣੇ ਲਿਆਵੇ।
ਸੰਪਾਦਕੀ ਨੋਟ: ਇਹ ਪ੍ਰੋ. ਸਰਚਾਂਦ ਸਿੰਘ ਖਿਆਲਾ ਦਾ ਭੇਜਿਆ ਬਿਆਨ ਹੈ। ਕਥਿਤ ਆਡੀਓ ਦੀ ਪ੍ਰਮਾਣਿਕਤਾ ਅਤੇ ਇਸ ਨਾਲ ਜੁੜੇ ਦਾਅਵਿਆਂ ਦੀ E Punjab Times ਵੱਲੋਂ ਸੁਤੰਤਰ ਤਸਦੀਕ ਨਹੀਂ ਹੋਈ ਹੈ।