Sunday, 29 November 2026
BREAKING
• ਮੁਹਾਲੀ ਦੇ ਤਿੰਨ ਪਿੰਡਾਂ ਵਿੱਚ 651 ਪ੍ਰਾਪਰਟੀ ਕਾਰਡ ਵੰਡੇ ਗਏ — ਵਿਧਾਇਕ ਕੁਲਵੰਤ ਸਿੰਘ • ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ, ‘ਆਪ’ ਨੇ ਦੋ ਸੂਚੀਆਂ ਵਿੱਚ 17 ਉਮੀਦਵਾਰ ਐਲਾਨੇ • ਰਾਏਕੋਟ ਦੇ ਕਈ ਇਲਾਕਿਆਂ ਵਿੱਚ 27 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ • ਡਾਕ ਸੇਵਾਵਾਂ ਲਈ 1,141 ਕਰੋੜ ਅਤੇ ਡਾਕ ਵਿਭਾਗ ਦੀਆਂ ਇਮਾਰਤਾਂ ਲਈ 1,491 ਕਰੋੜ ਰੁਪਏ ਮਨਜ਼ੂਰ • ਭਾਰਤ ਵਿੱਚ ਉਸਾਰੀ ਮਸ਼ੀਨਰੀ ਬਣਾਉਣ ਲਈ 11,000 ਕਰੋੜ ਰੁਪਏ ਦੀ ਯੋਜਨਾ ਮਨਜ਼ੂਰ • ਜਨਕਪੁਰ ਧਾਮ ਤੋਂ ਅਯੁੱਧਿਆ ਲਈ ਰੇਲਗੱਡੀ ਨੂੰ ਹਰੀ ਝੰਡੀ, ਹਫ਼ਤਾਵਾਰੀ ਸੇਵਾ 28 ਨਵੰਬਰ ਤੋਂ • ਭਾਰਤ ਵਿੱਚ ਐੱਚਪੀਵੀ ਟੀਕੇ ਦੀਆਂ ਇੱਕ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ • ਜੇਈਈ ਮੇਨ 2027 ਲਈ ਲੇਟ ਫ਼ੀਸ ਨਾਲ ਅਰਜ਼ੀਆਂ ਸ਼ੁਰੂ, 26 ਨਵੰਬਰ ਤੱਕ ਮੌਕਾ • ਪੰਜਾਬ ਪੁਲਿਸ ਵੱਲੋਂ 581 ਥਾਵਾਂ ’ਤੇ ਛਾਪੇ, 243 ਗ੍ਰਿਫ਼ਤਾਰੀਆਂ ਤੇ ਪੰਜ ਹਥਿਆਰ ਬਰਾਮਦ • ਖੰਨਾ ਵਿੱਚ ਦੋ ਏਟੀਐੱਮ ਨਿਸ਼ਾਨਾ ਬਣੇ, ਸਮਰਾਲਾ ਰੋਡ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ

Article

ਮੇਰੀ ਐਨਕ ਪਲੀਜ਼! — ਅਸ਼ੋਕ ਗੌਤਮ ਦਾ ਵਿਅੰਗ

ਅਸ਼ੋਕ ਗੌਤਮ; ਅਨੁਵਾਦ: ਪ੍ਰੋ. ਨਵ ਸੰਗੀਤ ਸਿੰਘ | Updated on Thursday, October 01, 2026 22:57 PM IST

ਮੂਲ ਲੇਖਕ ਅਸ਼ੋਕ ਗੌਤਮ ਦੀ ਤਸਵੀਰ; ਅਨੁਵਾਦਕ ਪ੍ਰੋ. ਨਵ ਸੰਗੀਤ ਸਿੰਘ ਵੱਲੋਂ ਰਚਨਾ ਨਾਲ ਭੇਜੀ।

ਵਿਅੰਗ — 2 ਅਕਤੂਬਰ, ਗਾਂਧੀ ਜਯੰਤੀ ਦੇ ਸੰਦਰਭ ਵਿੱਚ
ਮੂਲ: ਅਸ਼ੋਕ ਗੌਤਮ | ਪੰਜਾਬੀ ਅਨੁਵਾਦ: ਪ੍ਰੋ. ਨਵ ਸੰਗੀਤ ਸਿੰਘ

ਸੰਪਾਦਕੀ ਨੋਟ: ਇਹ ਲੇਖਕ ਦੀ ਸਾਹਿਤਕ ਵਿਅੰਗ ਰਚਨਾ ਹੈ। ਇਸ ਦੇ ਪਾਤਰਾਂ ਦੇ ਸੰਵਾਦ ਅਤੇ ਦ੍ਰਿਸ਼ ਕਲਪਨਾਤਮਕ ਹਨ; ਇਹ ਕਿਸੇ ਅਸਲ ਘਟਨਾ ਦੀ ਖ਼ਬਰ ਜਾਂ ਵੈੱਬਸਾਈਟ ਦਾ ਸੰਪਾਦਕੀ ਮਤ ਨਹੀਂ ਹਨ।

ਏਧਰ ਸਰਕਾਰ ਨੇ ਮਹਿੰਗਾਈ ਨਾਲ ਵਿਆਕੁਲ ਬੰਦੇ ਨੂੰ ਮਹਿੰਗਾਈ ਭੱਤਾ ਦੇਣ ਦੀ ਘੋਸ਼ਣਾ ਮਾਤਰ ਕੀਤੀ ਤਾਂ ਸਵੇਰੇ ਓਧਰ ਲਾਲੇ ਨੇ ਆਟਾ ਵੀਹ ਤੋਂ ਪੱਚੀ ਰੁਪਏ ਕਰ ਦਿੱਤਾ। ਦੁੱਧ ਵਾਲੇ ਨੇ ਪਾਣੀ, ਸੌਰੀ ਦੁੱਧ ਤੀਹ ਤੋਂ ਪੈਂਤੀ ਰੁਪਏ ਕਰ ਦਿੱਤਾ। ਸੋਚਿਆ ਸੀ, ਐਤਕੀ ਜਦੋਂ ਮਹਿੰਗਾਈ ਭੱਤੇ ਦੀ ਕਿਸ਼ਤ ਮਿਲੇਗੀ ਤਾਂ ਸਭ ਤੋਂ ਪਹਿਲਾਂ ਆਪਣੀਆਂ ਦਿਨੋ-ਦਿਨ ਫੁੱਟ ਰਹੀਆਂ ਅੱਖਾਂ ਲਈ ਐਨਕ ਬਣਵਾ ਕੇ ਹੀ ਸਾਹ ਲਵਾਂਗਾ। ਅਤੇ ਐਨਕ ਵੀ ਅਜਿਹੀ ਕਿ ਜਿਸ ਰਾਹੀਂ ਸਭ ਕੁਝ ਠੀਕ ਤੋਂ ਵੀ ਵੱਧ ਠੀਕ ਦਿੱਸੇ। ਘਰ ਵਿੱਚ ਆਟਾ ਆਵੇ ਜਾਂ ਨਾ ਆਵੇ, ਜਵਾਨੀ ਗੰਵਾ ਰਹੇ ਬੰਦੇ ਨੂੰ ਰੋਟੀ ਮਿਲੇ ਜਾਂ ਨਾ ਮਿਲੇ, ਪਰ ਆਸਪਾਸ ਕੁਝ ਵੀ ਦਿੱਸਦਾ ਰਹੇ ਤਾਂ ਸਾਹ ਚੱਲਦੇ ਰਹਿੰਦੇ ਹਨ।

ਏਧਰ ਸੈਲਰੀ ਵਿੱਚ ਵਧੀ ਮਹਿੰਗਾਈ ਦੀ ਕਿਸ਼ਤ ਲੱਗੀ ਤਾਂ ਜਿਵੇਂ ਡੁੱਬਦੇ ਨੂੰ ਤਿਣਕੇ ਦਾ ਭੁਲੇਖਾਪਾਊ ਸਹਾਰਾ ਮਿਲਿਆ। ਅੱਜ ਦੀ ਡੇਟ ਵਿੱਚ ਤਿਣਕੇ ਦੇ ਸਹਾਰੇ ਨਾਲ ਡੁੱਬਣ ਤੋਂ ਬਚਿਆ ਜਾ ਸਕਦਾ ਹੁੰਦਾ ਤਾਂ ਦੇਸ਼ ਡੁੱਬਣ ਤੋਂ ਕਦੋ ਦਾ ਬਚ ਚੁੱਕਿਆ ਹੁੰਦਾ। ਹੁਣ ਤਾਂ ਡੁੱਬਣ ਵਾਲੇ ਦੇ ਹੱਥ ਕੁਤਬ ਮੀਨਾਰ ਵੀ ਫੜਾ ਦਿਓ ਤਾਂ ਵੀ ਉਹ ਡੁੱਬਣ ਤੋਂ ਨਹੀਂ ਬਚ ਸਕਦਾ। ਲਾ ਲਓ ਸ਼ਰਤ!

ਸ਼ਾਮ ਨੂੰ ਜਿਵੇਂ ਹੀ ਦਫ਼ਤਰ ਤੋਂ ਸੌ-ਪੰਜਾਹ ਬਣਾ ਕੇ ਲੋਕਲ ਬਸ ਰਾਹੀਂ ਘਰ ਆ ਰਿਹਾ ਸਾਂ ਕਿ ਬਸ ਵਿੱਚ ਅਚਾਨਕ ਐਨਕਾਂ ਵੇਚਣ ਵਾਲਾ ਆ ਪਹੁੰਚਿਆ। ਮੈਂ ਵੀ ਆਵ ਜਾਂ ਤਾਵ ਨਹੀਂ ਵੇਖਿਆ, ਪਤਨੀ ਦੀਆਂ ਸਾਰੀਆਂ ਡੀਮਾਂਡਾਂ ਨੂੰ ਇਗਨੋਰ ਕਰਕੇ ਸਭ ਨੂੰ ਏਧਰ-ਓਧਰ ਧੱਕਦਿਆਂ ਐਨਕ ਵਾਲੇ ਕੋਲ ਜਾ ਪਹੁੰਚਿਆ। ਸੋਚਿਆ, ਅੱਜ ਬਸ ਐਨਕ ਹੋ ਜਾਏ ਤਾਂ ਹੋ ਜਾਏ। ਉਪਰੋਂ ਦਸ-ਵੀਹ ਤਾਂ ਬਚਾ ਹੀ ਲਵਾਂਗਾ।

ਮੁੱਲ-ਭਾਅ ਕਰਦਿਆਂ ਉਹਦੀਆਂ ਐਨਕਾਂ ਨੂੰ ਵਾਰੀ ਵਾਰੀ ਆਪਣੀਆਂ ਅੱਖਾਂ ਤੇ ਫਿਟ ਕਰਦੇ ਕਰਦੇ ਖੁਦ ਨੂੰ ਬਹੁਤ ਮਾਣ-ਮੱਤਾ ਮਹਿਸੂਸ ਕਰ ਰਿਹਾ ਸਾਂ। ਇਸਤੋਂ ਵੱਡੀ ਖੁਸ਼ੀ ਬੰਦੇ ਨੂੰ ਹੋਰ ਕੀ ਹੋ ਸਕਦੀ ਹੈ ਕਿ ਉਹਨੂੰ ਆਪਣੇ ਸਾਹਮਣੇ ਸਭ ਕੁੁਝ ਸਾਫ਼ ਸਾਫ਼ ਨਜ਼ਰ ਆਉਣ ਲੱਗ ਪਵੇ। ਨਹੀਂ ਤਾਂ ਆਪਣੇ ਸਮਾਜ ਵਿੱਚ ਬਹੁਤ ਸਾਰੇ ਅਜਿਹੇ ਵੀ ਹਨ ਕਿ ਐਨਕ ਲਾਉਣ ਪਿਛੋਂ ਵੀ ਪਤਾ ਨਹੀਂ ਕਿਉਂ ਅੰਨ੍ਹੇ ਦੇ ਅੰਨ੍ਹੇ ਹੀ ਹਨ। ਕਿਤੇ ਉਹ ਅੰਨ੍ਹੇ ਹੋਣ ਦਾ ਨਾਟਕ ਤਾਂ ਨਹੀਂ ਕਰ ਰਹੇ? ਰੱਬ ਹੀ ਜਾਣਦਾ ਹੈ! ਉਨ੍ਹਾਂ ਨੂੰ ਦਿੱਸਦਾ ਨਹੀਂ ਜਾਂ ਉਹ ਜਾਣ ਬੁੱਝ ਕੇ ਵੇਖਣਾ ਨਹੀਂ ਚਾਹੁੰਦੇ। ਕਿਤੇ ਕੋਈ ਗੜਬੜ ਤਾਂ ਹੈ! ਰਹੀ ਗੱਲ ਐਨਕ ਦੀ! ਸਾਰੇ ਝੂਠ ਬੋਲ ਸਕਦੇ ਹਨ, ਪਰ ਸ਼ੀਸ਼ਾ ਨਹੀਂ। ਸੱਚ ਤੋਂ ਬਚਣ ਲਈ ਜ਼ਰੂਰੀ ਹੈ ਕਿ 'ਮਿਰਰ ਵਰਤ' ਰੱਖ ਲਵੋ!

ਕਰੀਬ ਵੀਹ ਐਨਕਾਂ ਆਪਣੀਆਂ ਅੱਖਾਂ ਤੇ ਲਾਉਣ ਪਿੱਛੋਂ ਅਚਾਨਕ ਇੱਕ ਐਨਕ ਮੈਨੂੰ ਜਚ ਗਈ, ਘਰ ਵਾਲੀ ਵਾਂਗ। ਸੀ ਤਾਂ ਉਹਦੇ ਉੱਤੇ ਮਿੱਟੀ ਜੰਮੀ ਹੋਈ, ਪਰ ਵੇਚਣ ਵਾਲੇ ਨੇ ਉਹਦੀ ਮਿੱਟੀ ਨੂੰ ਆਪਣੀ ਪੈਂਟ ਦੀ ਜੇਬ ਵਿੱਚ ਪਏ ਉਸ ਤੋਂ ਵੀ ਗੰਦੇ ਕੱਪੜੇ ਨਾਲ ਸਾਫ਼ ਕਰਨ ਪਿੱਛੋਂ ਕਿਹਾ, "ਬਾਬੂ, ਇਹ ਐਨਕ ਤਾਂ ਤੁਹਾਡੀਆਂ ਅੱਖਾਂ ਤੇ ਐਸੀ ਫਿਟ ਬੈਠੀ ਹੈ ਕਿ ਜੋ ਤੁਹਾਨੂੰ ਇੱਕ ਵਾਰ ਵੇਖੇਗਾ, ਬਸ ਵੇਖਦਾ ਹੀ ਰਹਿ ਜਾਵੇਗਾ। ਬਿਲਕੁਲ ਬਾਪੂ ਵਾਂਗ ਲੱਗ ਰਹੇ ਹੋ! ਹੁਣ ਮਜ਼ੇ ਨਾਲ ਇਹ ਐਨਕ ਲਾ ਕੇ ਜੋ ਵੀ ਵੇਖਣਾ ਚਾਹੋ, ਦਿਨੇ ਜਾਂ ਰਾਤ ਨੂੰ ਵੀ ਏਸੇ ਨਾਲ ਸੁਪਨੇ ਵੇਖਦੇ ਰਹੋ!" ਉਹਦੇ ਨਾਲ ਮੁੱਲ-ਭਾਅ ਤੈਅ ਕੀਤਾ ਤਾਂ ਸੱਚ ਕਹਾਂ ਮੈਨੂੰ ਉਨੀ ਖੁਸ਼ੀ ਐਨਕ ਲੈਣ ਦੀ ਨਹੀਂ ਹੋਈ, ਜਿੰਨੀ ਪੈਸੇ ਬਚਾਉਣ ਦੀ ਹੋਈ। ਮੈਂ ਪੈਸੇ ਦਿੱਤੇ ਅਤੇ ਐਨਕ ਮਾਣ ਨਾਲ ਜੇਬ ਵਿੱਚ ਪਾ ਕੇ ਬਸ ਵਿੱਚ ਧੱਕੇ ਖਾਣ ਲਈ ਖਿੜਕੀ ਦੇ ਸਹਾਰੇ ਖੜ੍ਹਾ ਹੋ ਗਿਆ।

ਪੁੱਛੋ ਨਾ, ਕਿ ਘਰ ਆਉਣ ਤੇ ਅੱਜ ਮੈਂ ਪਹਿਲੀ ਵਾਰ ਖੁਦ ਨੂੰ ਕਿੰਨਾ ਭਰਿਆ-ਭਰਿਆ ਮਹਿਸੂਸ ਕਰ ਰਿਹਾ ਸਾਂ। ਨਹੀਂ ਤਾਂ ਅੱਜ ਤੱਕ ਮੈਂ ਸ਼ਾਦੀ ਪਿੱਛੋਂ ਜਿੰਨੀ ਵਾਰ ਵੀ ਦਫ਼ਤਰ ਤੋਂ ਘਰ ਆਇਆ ਹਾਂ, ਜ਼ਬਰਦਸਤੀ ਹੀ ਆਇਆ ਹਾਂ। ਪਤਨੀ ਨੇ ਮੇਰੀ ਖੁਸ਼ੀ ਦਾ ਰਾਜ਼ ਪੁੱਛਿਆ ਤਾਂ ਜਿੰਨਾ ਮੈਂ ਹੰਕਾਰ ਕਰ ਸਕਦਾ ਸਾਂ, ਉਸ ਤੋਂ ਚਾਰ ਗੁਣਾ ਵੱਧ ਹੰਕਾਰ ਵਿੱਚ ਕਿਹਾ, "ਵੇਖਦੀ ਨਹੀਂ, ਅੱਜ ਮੈਂ ਐਨਕ ਲੈ ਕੇ ਆਇਆ ਹਾਂ, ਤੇ ਉਹ ਵੀ ਬਾਪੂ ਸਟਾਈਲ ਦੀ! ਹੁਣ ਵੇਖਦਾ ਹਾਂ ਕਿ ਮੈਥੋਂ ਘਰ ਦੀ ਕੋਈ ਗੱਲ ਕਿਵੇਂ ਛੁਪਾਵੇਂਗੀ!" ਤਾਂ ਉਹ ਕੁਝ ਕਹਿਣ ਦੀ ਥਾਂ ਮਿੰਨਾ-ਮਿੰਨਾ ਮੁਸਕਰਾਈ!

ਸਵੇਰੇ ਉੱਠ ਕੇ ਅਖ਼ਬਾਰ ਪੜ੍ਹਨ ਲਈ ਮੈਂ ਜਿਉਂ ਹੀ ਗੁਣਗੁਣਾਉਂਦਾ ਹੋਇਆ ਐਨਕ ਲਾਉਣ ਹੀ ਵਾਲਾ ਸਾਂ ਕਿ ਸਾਹਮਣੇ ਬਾਪੂ ਵਰਗਾ ਕੋਈ ਖੜ੍ਹਾ ਦਿੱਸਿਆ ਤਾਂ ਮੈਂ ਤ੍ਰਭਕ ਗਿਆ! ਲਓ ਜੀ! ਸਵੇਰੇ ਸਵੇਰੇ ਕੀਹਦੇ ਦਰਸ਼ਨ ਹੋ ਗਏ! ਹੁਣ ਸਾਰਾ ਦਿਨ ਕੱਟੋ ਸੱਚ, ਅਹਿੰਸਾ ਤੇ ਈਮਾਨਦਾਰੀ ਦੀਆਂ ਮਿਰਚਾਂ ਖਾਂਦਿਆਂ! ਦਫ਼ਤਰ ਵਾਲਿਆਂ ਤੋਂ ਜੋ ਦੋ-ਚਾਰ ਗਲਤੀ ਨਾਲ ਬਚਦੇ ਹਨ, ਉਹ ਵੀ ਅੱਜ ਲੈਣ ਤੋਂ ਗਏ। "ਆਓ ਬਾਪੂ! ਹੋਰ ਸੁਣਾਓ, ਕੀ ਹਾਲਚਾਲ ਨੇ? ਅੱਜ ਸਵੇਰੇ ਸਵੇਰੇ ਕਿਵੇਂ? ਕੀ ਸਵੇਰ ਦੀ ਸੈਰ ਸ਼ੁਰੂ ਕਰ ਦਿੱਤੀ?"

"ਬਸ ਯਾਰ, ਐਵੇਂ ਹੀ ਆ ਗਿਆ ਸਾਂ," ਕਹਿ ਕੇ ਉਨ੍ਹਾਂ ਨੇ 'ਰਘੁਪਤੀ ਰਾਘਵ ਰਾਜਾ ਰਾਮ' ਗੁਣਗੁਣਾਉਣਾ ਸ਼ੁਰੂ ਕਰ ਦਿੱਤਾ। ਤਾਂ ਮੈਂ ਉਨ੍ਹਾਂ ਨੂੰ ਵਿੱਚੋਂ ਹੀ ਟੋਕ ਕੇ ਪੁੱਛਿਆ, "ਚਾਹ ਪੀਓਗੇ, ਬਾਪੂ?"

"ਜੇ ਬੱਕਰੀ ਦੇ ਦੁੱਧ ਦੀ ਮਿਲ ਜਾਵੇ ਤਾਂ...!" ਤਾਂ ਮੈਨੂੰ ਅੰਦਰੇ-ਅੰਦਰ ਬੜਾ ਹਾਸਾ ਆਇਆ, "ਰਾਸ਼ਟਰ ਪਿਤਾ! ਨਕਲੀ ਦੁੱਧ ਦੀ ਗੰਗਾ-ਜਮਨੀ ਧਾਰਾ ਵਿੱਚ ਬੱਕਰੀ ਦੇ ਦੁੱਧ ਦਾ ਤਾਂ ਸੁਪਨਾ ਵੀ ਨਾ ਲਓ। ਦੁੱਧ ਦੇ ਰੰਗ ਜਿਹਾ ਵੀ ਅੱਜ ਦੀ ਡੇਟ ਵਿੱਚ ਜੋ ਕੁਝ ਮਿਲ ਜਾਏ ਤਾਂ ਖੁਸ਼ਕਿਸਮਤੀ ਸਮਝੋ! ਅੱਜ ਕਿਵੇਂ ਆਏ?"

"ਮੇਰੀ ਜਯੰਤੀ ਹੈ ਨਾ! ਇਸਲਈ ਅੱਜ ਤਾਂ ਮੈਂ ਹਰ ਹਾਲ ਵਿੱਚ ਆਉਣਾ ਹੀ ਸੀ, ਸੋ ਆ ਗਿਆ! ਹੋਰ ਸੁਣਾਓ, ਕਿਵੇਂ ਚੱਲ ਰਿਹਾ ਹੈ ਦੇਸ਼? ਮਜ਼ੇ ਵਿੱਚ ਤਾਂ ਹੋ ਨਾ! ਹੁਣ ਤਾਂ ਆਜ਼ਾਦ ਹੈਂ ਯਾਰ! ਕੋਈ ਰੋਕਣ-ਟੋਕਣ ਵਾਲਾ ਨਹੀਂ!" ਕਹਿ ਕੇ ਉਹ ਮੁਸਕਰਾਉਣ ਲੱਗੇ ਤਾਂ ਮੈਨੂੰ ਗੁੱਸਾ ਆ ਗਿਆ। ਹੱਦ ਹੈ ਬਈ! ਏਥੇ ਹੱਸਣ ਲਈ ਕਲੱਬ ਵਿੱਚ ਜਾਣ ਦੇ ਦਿਨ ਆ ਗਏ ਅਤੇ ਇੱਕ ਇਹ ਜਨਾਬ ਹਨ ਕਿ... ਇਕੱਲੇ ਹੀ ਹੱਸੀ ਜਾ ਰਹੇ ਹਨ। ਦੇਸ਼ ਦਾ ਭੋਰਾ ਵੀ ਖਿਆਲ ਨਹੀਂ ਹੈ! "ਮੈਨੂੰ ਕੀ ਪਤਾ! ਬਿਨਾਂ ਐਨਕ ਤੋਂ ਕੁਝ ਦਿੱਸ ਨਹੀਂ ਰਿਹਾ ਸੀ। ਹੁਣ ਐਨਕ ਲਾ ਕੇ ਵੇਖਦਾ ਹਾਂ।" ਕਹਿ ਕੇ ਮੈਂ ਐਨਕ ਲਾਈ ਹੀ ਸੀ ਕਿ ਦੇਸ਼ ਵਿੱਚ ਹੋਰ ਤਾਂ ਸਭ ਕੁਝ ਦਿੱਸਿਆ ਪਰ ਕਿਤੇ ਦੇਸ਼ ਨਾ ਦਿੱਸਿਆ। ਭੁੱਖ ਨਾਲ ਵਿਲਕਦੇ ਬੱਚੇ ਦਿੱਸੇ, ਕਾਨੂੰਨ ਨੂੰ ਵੇਚਣ ਵਾਲੇ ਲਾਲੇ ਦਿੱਸੇ। ਕਾਨੂੰਨ ਨੂੰ ਖਰੀਦਣ ਵਾਲੇ ਪੈਸੇ ਵਾਲਿਆਂ ਦੀ ਭੀੜ ਨਜ਼ਰ ਆਈ। ਸੁਤੰਤਰ ਦੇਸ਼ ਵਿੱਚ ਡਰ ਦਿੱਸਣ ਲੱਗਿਆ। ਗਲੀ ਗਲੀ ਵਿੱਚ ਭ੍ਰਿਸ਼ਟਾਚਾਰ ਦਾ ਢੋਲ ਵੱਜਦਾ ਸੁਣਾਈ ਦੇਣ ਲੱਗਿਆ, ਭੰਗੜਾ ਪੈਦਾ ਦਿੱਸਣ ਲੱਗਿਆ, ਦੇਸ਼ ਦੀ ਸੰਪਤੀ ਨੂੰ ਬਚਾਉਣ ਦੀ ਸਹੁੰ ਖਾਣ ਵਾਲੇ ਸ਼ਾਨ ਨਾਲ ਦੇਸ਼ ਨੂੰ ਦਿਨ-ਦਿਹਾੜੇ ਲੁੱਟਦੇ ਦਿੱਸਣ ਲੱਗੇ ਅਤੇ... ਅਤੇ ... ਅਤੇ ਮੈਂ ਝੱਟ ਆਪਣੀਆਂ ਅੱਖਾਂ ਤੋਂ ਉਹ ਐਨਕ ਲਾਹ ਲਈ ਤਾਂ ਬਾਪੂ ਨੇ ਪੁੱਛਿਆ, "ਕਿਉਂ? ਕੀ ਹੋ ਗਿਆ ਹੁਣ? ਕੀ ਚੱਕਰ ਆ ਰਿਹਾ ਹੈ? ਸ਼ੁਰੂ ਸ਼ੁਰੂ ਵਿੱਚ ਜਦੋਂ ਪਹਿਲੀ ਵਾਰ ਅੱਖਾਂ ਤੇ ਐਨਕ ਲਾਉਂਦੇ ਹਨ ਤਾਂ ਸਾਰਿਆਂ ਨਾਲ ਇਉਂ ਹੀ ਹੁੰਦਾ ਹੈ! ਮੈਨੂੰ ਵੀ ਹੋਇਆ ਸੀ...!" ਕਹਿ ਕੇ ਉਹ ਮੇਰੇ ਵੱਲ ਵੇਖਣ ਲੱਗੇ ਤਾਂ ਮੈਂ ਉਨ੍ਹਾਂ ਨੂੰ ਉਹ ਐਨਕ ਫੜਾਉਂਦੇ ਹੋਏ ਕਿਹਾ, "ਸਾਨੂੰ ਤਾਂ ਐਨੇ ਸਾਲ ਆਜ਼ਾਦ ਹੋਇਆਂ ਨੂੰ ਹੋ ਗਏ! ਤੇ ਅਜੇ ਵੀ..." ਮੈਂ ਪਹਿਨੀ ਹੋਈ ਦਾਰਸ਼ਨਿਕਤਾ ਦੇ ਲਹਿਜ਼ੇ ਵਿੱਚ ਕਿਹਾ ਤਾਂ ਉਨ੍ਹਾਂ ਨੇ ਮੇਰੇ ਹੱਥੋਂ ਐਨਕ ਲੈਂਦੇ ਹੋਏ ਕਿਹਾ, "ਛੱਡ ਯਾਰ ਐਨਕ-ਊਨਕ! ਇਹ ਬ੍ਰਾਂਡਿਡ ਨਹੀਂ ਹੈ, ਮੇਰੀ ਐਨਕ ਹੈ! ਚੈਨ ਨਾਲ ਜੀਣਾ ਚਾਹੁੰਦਾ ਹੈਂ ਤਾਂ ਜਿਵੇਂ ਹੈਂ ਉਵੇਂ ਹੀ ਚੱਲਦਾ ਰਹਿ! ਮੇਰੀ ਐਨਕ ਲਾਵੇਂਗਾ ਤਾਂ ਪਾਗਲ ਹੋ ਜਾਵੇਂਗਾ!" ਅਤੇ ਫਿਰ ਮੈਨੂੰ ਗੱਲਾਂ ਵਿੱਚ ਉਲਝਾ ਕੇ ਪਤਾ ਨਹੀਂ ਕਿਹੜੇ ਦਫ਼ਤਰ ਵਿੱਚ ਮਨਾਈ ਜਾ ਰਹੀ ਆਪਣੀ ਜਯੰਤੀ ਵਿੱਚ ਸ਼ਾਮਲ ਹੋਣ ਲਈ ਚਲੇ ਗਏ।

Have something to say? Post your comment
X