ਰਾਇਕੋਟ ਵਿੱਚ ਸਮਾਵੇਸ਼ੀ ਸਿੱਖਿਆ ਸਬੰਧੀ ਦੋ ਰੋਜ਼ਾ ਪ੍ਰੋਗਰਾਮ ਦੇ ਬੁਲਾਰੇ ਅਤੇ ਅਧਿਆਪਕ। ਫੋਟੋ: ਗੁਰਭਿੰਦਰ ਗੁਰੀ ਵੱਲੋਂ ਭੇਜੀ ਗਈ।
ਰਾਇਕੋਟ, 18 ਸਤੰਬਰ (ਗੁਰਭਿੰਦਰ ਗੁਰੀ): ਸਥਾਨਕ ਬਿਲਡਿੰਗ ਬ੍ਰੇਨਜ਼ ਇੰਟਰਨੈਸ਼ਨਲ ਸਕੂਲ ਵਿਖੇ ਅਧਿਆਪਕਾਂ ਦੇ ਗਿਆਨ ਅਤੇ ਸਿੱਖਿਆ ਦੇ ਹੁਨਰਾਂ ਵਿੱਚ ਵਾਧਾ ਕਰਨ ਦੇ ਉਦੇਸ਼ ਨਾਲ ਸਮਾਵੇਸ਼ੀ ਸਿੱਖਿਆ ਵਿਸ਼ੇ ’ਤੇ ਦੋ ਰੋਜ਼ਾ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ ਗਿਆ। 17 ਅਤੇ 18 ਸਤੰਬਰ ਨੂੰ ਹੋਏ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੀਪ ਜਗਾ ਕੇ ਕੀਤੀ ਗਈ।
ਡੀ.ਸੀ.ਐੱਮ. ਪ੍ਰੈਜ਼ੀਡੈਂਸੀ ਸਕੂਲ ਦੀ ਪ੍ਰਿੰਸੀਪਲ ਰਜਨੀ ਕਾਲੜਾ ਅਤੇ ਦਸ਼ਮੇਸ਼ ਪਬਲਿਕ ਸਕੂਲ, ਮੁਕੇਰੀਆਂ ਦੀ ਡਾਇਰੈਕਟਰ ਡਾ. ਗੁਰਮੀਤ ਕੌਰ ਗਿੱਲ ਨੇ ਵਿਸ਼ੇਸ਼ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ। ਦੋਵਾਂ ਮਾਹਿਰਾਂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਅਧਿਆਪਕਾਂ ਦਾ ਮਾਰਗਦਰਸ਼ਨ ਕੀਤਾ।
ਪ੍ਰੋਗਰਾਮ ਦੌਰਾਨ ਸਮਾਵੇਸ਼ੀ ਸਿੱਖਿਆ ਦੀ ਮਹੱਤਤਾ, ਹਰੇਕ ਵਿਦਿਆਰਥੀ ਦੀਆਂ ਵਿਅਕਤੀਗਤ ਲੋੜਾਂ ਨੂੰ ਸਮਝਣ, ਸਾਰਿਆਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਨ ਅਤੇ ਉਨ੍ਹਾਂ ਦੀਆਂ ਯੋਗਤਾਵਾਂ ਅਨੁਸਾਰ ਪੜ੍ਹਾਉਣ ਦੀਆਂ ਵਿਧੀਆਂ ਅਪਣਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮਾਹਿਰਾਂ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਪ੍ਰਤੀ ਸੰਵੇਦਨਸ਼ੀਲ ਅਤੇ ਸਹਿਯੋਗੀ ਰਵੱਈਆ ਅਪਣਾਉਣ ਲਈ ਪ੍ਰੇਰਿਤ ਕੀਤਾ।
ਬੁਲਾਰਿਆਂ ਨੇ ਕਿਹਾ ਕਿ ਹਰੇਕ ਬੱਚੇ ਦੀਆਂ ਯੋਗਤਾਵਾਂ ਅਤੇ ਸਿੱਖਣ ਦੀਆਂ ਲੋੜਾਂ ਵੱਖ-ਵੱਖ ਹੁੰਦੀਆਂ ਹਨ, ਇਸ ਲਈ ਉਸ ਨੂੰ ਅੱਗੇ ਵਧਣ ਲਈ ਢੁੱਕਵੇਂ ਮੌਕੇ ਅਤੇ ਲੋੜੀਂਦਾ ਸਹਿਯੋਗ ਮਿਲਣਾ ਚਾਹੀਦਾ ਹੈ। ਉਨ੍ਹਾਂ ਮੁਤਾਬਕ ਸਮਾਵੇਸ਼ੀ ਸਿੱਖਿਆ ਸਾਰੇ ਬੱਚਿਆਂ ਲਈ ਬਰਾਬਰੀ ਵਾਲਾ ਅਤੇ ਸਕਾਰਾਤਮਕ ਸਿੱਖਿਆ ਮਾਹੌਲ ਤਿਆਰ ਕਰਨ ਵਿੱਚ ਮਦਦ ਕਰ ਸਕਦੀ ਹੈ। ਵਿਅਕਤੀਗਤ ਸਮਰੱਥਾਵਾਂ ਅਨੁਸਾਰ ਸਿੱਖਿਆ ਦੇਣ ਨਾਲ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ।
ਸਕੂਲ ਦੀ ਪ੍ਰਿੰਸੀਪਲ ਮਨਦੀਪ ਕੌਰ ਨੇ ਕਿਹਾ ਕਿ ਸਮਰੱਥਾ ਨਿਰਮਾਣ ਪ੍ਰੋਗਰਾਮ ਅਧਿਆਪਕਾਂ ਨੂੰ ਆਧੁਨਿਕ ਅਤੇ ਵਿਦਿਆਰਥੀ-ਕੇਂਦਰਿਤ ਸਿੱਖਿਆ ਵਿਧੀਆਂ ਨਾਲ ਜਾਣੂ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਵਿਸ਼ੇਸ਼ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਸਕੂਲ ਵਿੱਚ ਹਰੇਕ ਵਿਦਿਆਰਥੀ ਲਈ ਬਰਾਬਰੀ ਵਾਲਾ, ਸੁਰੱਖਿਅਤ ਅਤੇ ਸਕਾਰਾਤਮਕ ਮਾਹੌਲ ਬਣਾਉਣ ਲਈ ਯਤਨ ਕਰਨ ਦੀ ਗੱਲ ਕਹੀ।
ਪ੍ਰੋਗਰਾਮ ਦਾ ਉਦੇਸ਼ ਅਧਿਆਪਕਾਂ ਵਿੱਚ ਬਰਾਬਰੀ, ਸੰਵੇਦਨਸ਼ੀਲਤਾ, ਸਹਿਯੋਗ ਅਤੇ ਸਮਾਵੇਸ਼ੀ ਸੋਚ ਨੂੰ ਉਤਸ਼ਾਹਿਤ ਕਰਨਾ ਸੀ। ਇਸ ਦੌਰਾਨ ਅਧਿਆਪਕਾਂ ਨੇ ਵੱਖ-ਵੱਖ ਸਿੱਖਿਆ ਵਿਧੀਆਂ ਬਾਰੇ ਜਾਣਕਾਰੀ ਹਾਸਲ ਕੀਤੀ।