ਜਲੰਧਰ ਦੇ ਸੁੰਦਰ ਨਗਰ ਇਲਾਕੇ ਵਿੱਚ ਇਕੋ ਕਵਾਰਟਰ ਵਿੱਚ ਰਹਿੰਦੀਆਂ ਤਿੰਨ ਨਾਬਾਲਿਗ ਲੜਕੀਆਂ ਸੋਮਵਾਰ ਸ਼ਾਮ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਈਆਂ। ਘਟਨਾ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ।
ਲਾਪਤਾ ਹੋਈਆਂ ਲੜਕੀਆਂ ਵਿੱਚ 12 ਅਤੇ 13 ਸਾਲ ਦੀਆਂ ਦੋ ਸੱਗੀਆਂ ਭੈਣਾਂ ਅਤੇ ਉਨ੍ਹਾਂ ਦੀ 16 ਸਾਲ ਦੀ ਸਹੇਲੀ ਸ਼ਾਮਲ ਹਨ। ਦੋਵੇਂ ਭੈਣਾਂ ਚੌਥੀ ਅਤੇ ਪੰਜਵੀਂ ਕਲਾਸ ਦੀ ਵਿਦਿਆਰਥਣ ਹਨ।
ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਕੰਮ 'ਤੇ ਗਏ ਸਨ ਅਤੇ ਬੱਚੀਆਂ ਨੂੰ ਘਰ ਛੱਡ ਗਏ ਸਨ। ਜਦੋਂ ਉਹ ਸ਼ਾਮ ਕਰੀਬ 5:30 ਵਜੇ ਵਾਪਸ ਆਏ ਤਾਂ ਘਰ ਖਾਲੀ ਮਿਲਿਆ। ਇਸ ਤੋਂ ਬਾਅਦ ਪਰਿਵਾਰ ਨੇ ਨੇੜਲੇ ਇਲਾਕੇ ਵਿੱਚ ਬੱਚੀਆਂ ਦੀ ਖੋਜ ਕੀਤੀ ਪਰ ਕੋਈ ਪਤਾ ਨਾ ਲੱਗਣ 'ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਕੰਟਰੋਲ ਰੂਮ ਤੋਂ ਸੂਚਨਾ ਮਿਲਣ ਉਪਰੰਤ ਪੁਲਿਸ ਡਿਵੀਜ਼ਨ ਨੰਬਰ 8 ਦੀ ਟੀਮ ਅਤੇ ਏਸੀਪੀ ਨਾਰਥ ਅਸ਼ੋਕ ਮੀਨਾ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ।
ਏਸੀਪੀ ਅਸ਼ੋਕ ਮੀਨਾ ਨੇ ਦੱਸਿਆ ਕਿ ਘਰ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਤਿੰਨਾਂ ਲੜਕੀਆਂ ਨੂੰ ਦੁਪਹਿਰ ਕਰੀਬ 1:30 ਵਜੇ ਇਕੱਠਿਆਂ ਘਰ ਤੋਂ ਨਿਕਲਦੇ ਹੋਏ ਦੇਖਿਆ ਗਿਆ ਹੈ। ਪੁਲਿਸ ਵੱਲੋਂ ਆਸ-ਪਾਸ ਦੇ ਇਲਾਕਿਆਂ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੜਕੀਆਂ ਨੂੰ ਜਲਦ ਤੋਂ ਜਲਦ ਲੱਭਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਜਾਰੀ ਹੈ।