Moga ਵਿੱਚ ਪੀਆਰਟੀਸੀ ਬੱਸ ਦੀ ਕਥਿਤ ਲੁੱਟ ਦੇ ਮਾਮਲੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ। ਜਖ਼ਮੀ ਕੰਡਕਟਰ ਨੇ ਹਸਪਤਾਲ ਵਿੱਚੋਂ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਕੋਈ ਲੁੱਟ ਨਹੀਂ ਹੋਈ ਸੀ, ਸਗੋਂ ਇਹ ਸਿਰਫ਼ ਇੱਕ ਮਾਮੂਲੀ ਝਗੜਾ ਸੀ।
ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਕੁਝ ਸਕਾਰਪੀਓ ਸਵਾਰ ਵਿਅਕਤੀਆਂ ਨੇ ਬੱਸ ਨੂੰ ਰੋਕ ਕੇ ਹੁੜਦੰਗ ਮਚਾਇਆ ਅਤੇ ਕੰਡਕਟਰ ਨਾਲ ਗਾਲੀ-ਗਲੋਚ ਕਰਦੇ ਹੋਏ ਕੁੱਟਮਾਰ ਕੀਤੀ। ਸ਼ੁਰੂਆਤੀ ਖ਼ਬਰਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਹਮਲਾਵਰ ਨਕਦੀ ਵਾਲਾ ਬੈਗ ਲੈ ਕੇ ਫਰਾਰ ਹੋ ਗਏ।
ਕੰਡਕਟਰ ਦਾ ਬਿਆਨ
ਸਿਵਲ ਹਸਪਤਾਲ ਵਿੱਚ ਇਲਾਜ ਅਧੀਨ ਪੀਆਰਟੀਸੀ ਕੰਡਕਟਰ ਜਗਸੀਰ ਸਿੰਘ ਨੇ ਕਿਹਾ ਕਿ ਬੱਸ ਵਿੱਚ ਸਵਾਰੀ ਚੜ੍ਹਾਉਣ ਨੂੰ ਲੈ ਕੇ ਇਕ ਪਰਿਵਾਰ ਨਾਲ ਤਕਰਾਰ ਹੋਈ ਸੀ। ਉਸ ਦੇ ਅਨੁਸਾਰ, ਗੱਲਬਾਤ ਤੂੰ-ਤੂੰ ਮੈਂ-ਮੈਂ ਤੱਕ ਪਹੁੰਚ ਗਈ ਅਤੇ ਪਰਿਵਾਰਕ ਮੈਂਬਰਾਂ ਨੇ ਬੱਸ ਰੋਕ ਕੇ ਉਸ ਨਾਲ ਹੱਥਾਪਾਈ ਕੀਤੀ।
ਉਸ ਨੇ ਦੱਸਿਆ ਕਿ ਹਮਲਾਵਰਾਂ ਨੇ ਉਸ ਦੇ ਸਿਰ ‘ਤੇ ਕੜੇ ਨਾਲ ਵਾਰ ਕੀਤਾ, ਜਿਸ ਕਾਰਨ ਉਹ ਜਖ਼ਮੀ ਹੋ ਗਿਆ। ਉਸ ਨੇ ਇਹ ਵੀ ਕਿਹਾ ਕਿ ਉਸ ਦੀ ਦਸਤਾਰ ਦੀ ਬੇਅਦਬੀ ਕੀਤੀ ਗਈ ਅਤੇ ਹੰਗਾਮੇ ਦੌਰਾਨ ਉਸ ਦਾ ਪੈਸਿਆਂ ਵਾਲਾ ਬੈਗ ਕਿੱਥੇ ਗਿਆ, ਇਸ ਬਾਰੇ ਉਸ ਨੂੰ ਜਾਣਕਾਰੀ ਨਹੀਂ। ਉਸ ਨੇ ਪੰਜਾਬ ਸਰਕਾਰ ਕੋਲ ਇਨਸਾਫ ਦੀ ਮੰਗ ਕੀਤੀ ਹੈ।
ਪੁਲਿਸ ਦਾ ਪੱਖ
ਥਾਣਾ ਮਹਿਣਾ ਦੇ ਮੁੱਖ ਅਫਸਰ ਗੁਰਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਕਰੀਬ 4 ਵਜੇ ਕਾਲ ਮਿਲੀ ਸੀ ਕਿ ਪੀਆਰਟੀਸੀ ਬੱਸ ਦੇ ਕੰਡਕਟਰ ਨਾਲ ਕੁੱਟਮਾਰ ਹੋਈ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਕਾਰਪੀਓ ਗੱਡੀ ਨੂੰ ਟਰੇਸ ਕੀਤਾ ਅਤੇ ਇਕ ਵਿਅਕਤੀ ਦੀ ਪਹਿਚਾਣ ਬਸੰਤ ਸਿੰਘ ਉਰਫ਼ ਰੈਂਕੂ ਪੁੱਤਰ ਜੱਗਾ ਸਿੰਘ ਵਜੋਂ ਕੀਤੀ।
ਪੁਲਿਸ ਮੁਤਾਬਕ ਮਾਮਲਾ ਲੁੱਟ ਦਾ ਨਹੀਂ, ਸਗੋਂ ਸਵਾਰੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਤੀ ਗਈ ਕੁੱਟਮਾਰ ਦਾ ਹੈ। ਕੰਡਕਟਰ ਦੇ ਬਿਆਨਾਂ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।