Ajnala ਇਲਾਕੇ ਦੇ ਪਿੰਡ ਜੱਗੀਵਾਲ ਵਿੱਚ ਇਕ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਵੱਡੇ ਭਰਾ ਨਾਲ ਘਰੇਲੂ ਵਿਵਾਦ ਕਾਰਨ ਛੋਟੇ ਭਰਾ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਅਨੁਸਾਰ ਝਗੜਾ ਇਕ ਛੋਟੇ ਘਰ ਨੂੰ ਲੈ ਕੇ ਸੀ, ਜਦਕਿ ਜ਼ਮੀਨ ਦੀ ਵੰਡ ਪਹਿਲਾਂ ਹੀ ਹੋ ਚੁੱਕੀ ਸੀ।
ਥਾਣਾ ਅਜਨਾਲਾ ਅਧੀਨ ਪਿੰਡ ਜੱਗੀਵਾਲ ਵਿੱਚ ਵੱਡੇ ਭਰਾ ਅੰਗਰੇਜ਼ ਸਿੰਘ ਵੱਲੋਂ ਛੋਟੇ ਭਰਾ ਪ੍ਰੀਤਮ ਸਿੰਘ ਦੀ ਜਾਇਦਾਦ ’ਤੇ ਜਬਰਦਸਤੀ ਕਬਜ਼ਾ ਕਰਨ ਦੇ ਦੋਸ਼ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਦਬਾਅ ਕਾਰਨ ਪ੍ਰੀਤਮ ਸਿੰਘ ਮਾਨਸਿਕ ਤੌਰ ’ਤੇ ਕਾਫੀ ਸਮੇਂ ਤੋਂ ਪਰੇਸ਼ਾਨ ਸੀ। ਇਹ ਵੀ ਆਰੋਪ ਹਨ ਕਿ ਉਸਨੂੰ ਘਰੋਂ ਬਾਹਰ ਜਾਣ ਤੋਂ ਵੀ ਰੋਕਿਆ ਜਾਂਦਾ ਸੀ। ਇਸ ਤਣਾਅ ਦੇ ਚਲਦਿਆਂ ਉਸ ਨੇ ਦਿਲ ਦਹਿਲਾਉਣ ਵਾਲਾ ਕਦਮ ਚੁੱਕ ਲਿਆ।
ਖੁਦਕੁਸ਼ੀ ਤੋਂ ਪਹਿਲਾਂ ਪ੍ਰੀਤਮ ਸਿੰਘ ਵੱਲੋਂ ਇਕ ਵੀਡੀਓ ਬਣਾਈ ਗਈ, ਜੋ ਬਾਅਦ ਵਿੱਚ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਵੀਡੀਓ ਵਿੱਚ ਉਸ ਨੇ ਆਪਣੀ ਮੌਤ ਲਈ ਆਪਣੇ ਵੱਡੇ ਭਰਾ, ਭਰਾ ਦੇ ਸਹੁਰੇ ਪਰਿਵਾਰ ਅਤੇ ਪਿੰਡ ਦੇ ਕੁਝ ਮੋਹਤਬਾਰ ਵਿਅਕਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ।
ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਵੱਡੇ ਭਰਾ, ਉਸਦੇ ਸਹੁਰੇ ਪਰਿਵਾਰ ਅਤੇ ਪਿੰਡ ਦੇ ਮੋਹਤਬਾਰ ਵਿਅਕਤੀਆਂ ਸਮੇਤ ਕੁੱਲ 11 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਅਧਿਕਾਰੀਆਂ ਮੁਤਾਬਕ ਵੀਡੀਓ ਅਤੇ ਹੋਰ ਸਬੂਤਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਾਂਚ ਜਾਰੀ ਹੈ।