ਅਮਰੀਕਾ ਦੇ ਕੈਲੀਫੋਰਨੀਆ ਰਾਜ ਦੇ ਟਰੇਸੀ ਸ਼ਹਿਰ ਵਿੱਚ ਸਥਿਤ ਇੱਕ ਗੁਰਦੁਆਰਾ ਸਾਹਿਬ ਦੀ ਕੰਪਲੈਕਸ ਤੋਂ 57 ਸਾਲਾ ਸਿੱਖ ਵਿਅਕਤੀ ਅਵਤਾਰ ਸਿੰਘ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਉਸ ਵੇਲੇ ਵਾਪਰੀ ਜਦੋਂ ਉਹ ਗੁਰਦੁਆਰਾ ਕੰਪਲੈਕਸ ਅੰਦਰ ਮੌਜੂਦ ਸਨ।
ਸੀਸੀਟੀਵੀ 'ਚ ਤਿੰਨ ਸ਼ੱਕੀ ਅਤੇ ਚਿੱਟੀ ਐਸਯੂਵੀ ਕੈਦ
ਪੁਲਿਸ ਵੱਲੋਂ ਹਾਸਲ ਕੀਤੀ ਗਈ ਸੀਸੀਟੀਵੀ ਫੁਟੇਜ ਵਿੱਚ ਤਿੰਨ ਅਣਪਛਾਤੇ ਵਿਅਕਤੀ ਅਤੇ ਇੱਕ ਚਿੱਟੀ ਐਸਯੂਵੀ ਵਾਹਨ ਨਜ਼ਰ ਆ ਰਿਹਾ ਹੈ। ਫੁਟੇਜ ਅਨੁਸਾਰ ਸ਼ੱਕੀਆਂ ਨੇ ਅਵਤਾਰ ਸਿੰਘ ਨੂੰ ਜ਼ਬਰਦਸਤੀ ਗੱਡੀ ਵਿੱਚ ਬਿਠਾਇਆ ਅਤੇ ਮੌਕੇ ਤੋਂ ਫਰਾਰ ਹੋ ਗਏ।
ਲੁਧਿਆਣਾ ਨਾਲ ਸੰਬੰਧ, ਕਈ ਸਾਲਾਂ ਤੋਂ ਕੈਲੀਫੋਰਨੀਆ ਵਿੱਚ ਨਿਵਾਸ
ਅਵਤਾਰ ਸਿੰਘ ਮੂਲ ਰੂਪ ਵਿੱਚ Ludhiana ਦੇ ਰਹਿਣ ਵਾਲੇ ਹਨ, ਪਰ ਉਨ੍ਹਾਂ ਦਾ ਪਰਿਵਾਰ ਕਈ ਸਾਲਾਂ ਤੋਂ ਕੈਲੀਫੋਰਨੀਆ ਵਿੱਚ ਵਸਦਾ ਹੈ। ਉਹ ਲੰਬੇ ਸਮੇਂ ਤੋਂ ਟਰੇਸੀ ਦੇ ਗੁਰਦੁਆਰਾ ਸਾਹਿਬ ਵਿੱਚ ਰਸੋਈਏ ਵਜੋਂ ਸੇਵਾ ਨਿਭਾ ਰਹੇ ਸਨ ਅਤੇ ਕੰਪਲੈਕਸ ਅੰਦਰ ਹੀ ਰਹਿੰਦੇ ਸਨ।
ਪੁਲਿਸ ਜਾਂਚ ਵਿੱਚ ਤੇਜ਼ੀ
ਪਰਿਵਾਰ ਵੱਲੋਂ ਮਾਮਲੇ ਦੀ ਰਿਪੋਰਟ San Joaquin County Sheriff's Office ਕੋਲ ਦਰਜ ਕਰਵਾਈ ਗਈ ਹੈ। ਪੁਲਿਸ ਮੁਤਾਬਕ 17 ਫਰਵਰੀ ਨੂੰ ਲਗਭਗ ਸਵੇਰੇ 8:52 ਵਜੇ ਇੱਕ ਵਿਅਕਤੀ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ।
ਸਥਾਨਕ ਪੁਲਿਸ ਨੇ ਅਵਤਾਰ ਸਿੰਘ ਅਤੇ ਸ਼ੱਕੀ ਐਸਯੂਵੀ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਖਾਤਿਆਂ 'ਤੇ ਸਾਂਝੀਆਂ ਕਰਦਿਆਂ ਲੋਕਾਂ ਤੋਂ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ। ਅਜੇ ਤੱਕ ਅਵਤਾਰ ਸਿੰਘ ਬਾਰੇ ਕੋਈ ਪੱਕੀ ਜਾਣਕਾਰੀ ਸਾਹਮਣੇ ਨਹੀਂ ਆਈ। ਪੁਲਿਸ ਲਾਪਤਾ ਅਤੇ ਅਗਵਾ ਦੋਹਾਂ ਪੱਖਾਂ ਤੋਂ ਜਾਂਚ ਕਰ ਰਹੀ ਹੈ।
ਜਾਂਚ ਜਾਰੀ ਹੈ ਅਤੇ ਪੁਲਿਸ ਵੱਲੋਂ ਜਲਦ ਤਫ਼ਤੀਸ਼ ਵਿੱਚ ਅਹਿਮ ਕਾਮਯਾਬੀ ਦੀ ਉਮੀਦ ਜਤਾਈ ਜਾ ਰਹੀ ਹੈ।