ਮੁੰਬਈ ਦੇ ਪਨਵੇਲ ਖੇਤਰ ਦੀ ਇੱਕ ਸੁੰਨਸਾਨ ਥਾਂ ‘ਤੇ ਇੱਕ ਨੌਜਵਾਨ ਮੋਬਾਈਲ ‘ਤੇ “ਆਤਮਾਵਾਂ ਨਾਲ ਸੰਪਰਕ ਕਿਵੇਂ ਕਰੀਏ?” ਵਰਗੀਆਂ ਵੀਡੀਓਜ਼ ਚਲਾ ਰਿਹਾ ਸੀ। ਸਾਹਮਣੇ ਅਗਰਬੱਤੀ ਜਲ ਰਹੀ ਸੀ ਅਤੇ ਉਹ ਹੌਲੀ ਆਵਾਜ਼ ‘ਚ ਵਾਰ-ਵਾਰ ਕਹਿ ਰਿਹਾ ਸੀ, “ਮੈਨੂੰ ਮਾਫ ਕਰ ਦਿਓ…”। ਪੁਲਿਸ ਮੁਤਾਬਕ ਇਹ ਕੋਈ ਫਿਲਮੀ ਦ੍ਰਿਸ਼ ਨਹੀਂ, ਸਗੋਂ ਇੰਦੌਰ ਦੀ ਇੱਕ MBA ਵਿਦਿਆਰਥਣ ਦੇ ਕਤਲ ਦੇ ਦੋਸ਼ੀ ਦੀ ਹਰਕਤ ਸੀ।
ਦੋਸ਼ ਹੈ ਕਿ ਨੌਜਵਾਨ ਨੇ ਪਹਿਲਾਂ ਵਿਦਿਆਰਥਣ ਦੀ ਹੱਤਿਆ ਕੀਤੀ, ਫਿਰ ਲਾਸ਼ ਨਾਲ ਅਮਾਨਵੀ ਵਰਤਾਵ ਕੀਤਾ ਅਤੇ ਬਾਅਦ ‘ਚ ਉਸਦੀ ਆਤਮਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਦੁਆਰਕਾਪੁਰੀ ਥਾਣਾ ਖੇਤਰ ਦੇ “ਅੰਕਲ ਗਲੀ” ਕਤਲ ਕਾਂਡ ਵਿੱਚ ਦੋਸ਼ੀ ਪਿਊਸ਼ ਧਮਨੋਤੀਆ ਨੂੰ ਮੁੰਬਈ ਤੋਂ ਗ੍ਰਿਫ਼ਤਾਰ ਕਰਕੇ ਤਿੰਨ ਦਿਨਾਂ ਦੀ ਪੁਲਿਸ ਰਿਮਾਂਡ ‘ਤੇ ਲਿਆ ਗਿਆ ਹੈ।
ਤੰਤਰ-ਮੰਤਰ ਰਾਹੀਂ ਆਤਮਾ ਬੁਲਾਉਣ ਦੀ ਕੋਸ਼ਿਸ਼
ਡੀਸੀਪੀ ਕ੍ਰਿਸ਼ਨਲਾਲ ਚੰਦਾਨੀ ਨੇ ਦੱਸਿਆ ਕਿ ਦੋਸ਼ੀ ਅਤੇ ਮ੍ਰਿਤਕਾ ਵਿੱਚ ਰਿਸ਼ਤਾ ਸੀ, ਪਰ ਵਿਆਹ ਨੂੰ ਲੈ ਕੇ ਪਰਿਵਾਰਕ ਅਸਹਿਮਤੀ ਕਾਰਨ ਝਗੜੇ ਚੱਲ ਰਹੇ ਸਨ। ਪੁਲਿਸ ਸਰੋਤਾਂ ਅਨੁਸਾਰ ਦੋਸ਼ੀ ਨੇ ਪੁੱਛਗਿੱਛ ਦੌਰਾਨ ਕਬੂਲਿਆ ਕਿ ਉਹ ਪਨਵੇਲ ਦੇ ਜੰਗਲਾਂ ਵਿੱਚ ਯੂਟਿਊਬ ਵੀਡੀਓ ਦੇਖ ਕੇ ਮ੍ਰਿਤਕਾ ਦੀ ਆਤਮਾ ਨੂੰ ਬੁਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
ਵਾਰਦਾਤ ਦੀ ਦਹਿਲਾ ਦੇਣ ਵਾਲੀ ਕਹਾਣੀ
ਸਰੋਤਾਂ ਮੁਤਾਬਕ ਦੋਸ਼ੀ ਨੇ ਵਿਦਿਆਰਥਣ ‘ਤੇ ਸ਼ਾਰੀਰਿਕ ਸੰਬੰਧ ਬਣਾਉਣ ਲਈ ਦਬਾਅ ਬਣਾਇਆ। ਇਨਕਾਰ ਕਰਨ ‘ਤੇ ਉਸਨੇ ਜਬਰ ਜਨਾਹ ਕੀਤਾ। ਇਸ ਤੋਂ ਬਾਅਦ ਉਸਦੇ ਹੱਥ-ਪੈਰ ਬੰਨ੍ਹ ਦਿੱਤੇ ਅਤੇ ਵਿਰੋਧ ਕਰਨ ‘ਤੇ ਮੂੰਹ ਵਿੱਚ ਕਪੜਾ ਠੂਂਸ ਕੇ ਗਲਾ ਘੁੱਟ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਮੌਤ ਯਕੀਨੀ ਕਰਨ ਤੋਂ ਬਾਅਦ ਉਸਨੇ ਚਾਕੂ ਨਾਲ ਵੀ ਵਾਰ ਕੀਤਾ।
ਜਾਂਚ ਅਨੁਸਾਰ ਕਤਲ ਤੋਂ ਬਾਅਦ ਦੋਸ਼ੀ ਕੁਝ ਸਮਾਂ ਕਮਰੇ ਵਿੱਚ ਹੀ ਰਿਹਾ, ਬਾਹਰੋਂ ਸ਼ਰਾਬ ਲਿਆ ਕੇ ਲਾਸ਼ ਦੇ ਕੋਲ ਬੈਠਾ ਰਿਹਾ। ਪੁੱਛਗਿੱਛ ਦੌਰਾਨ ਉਸ ‘ਤੇ ਮ੍ਰਿਤ ਦੇਹ ਨਾਲ ਵੀ ਯੌਨ ਸ਼ੋਸ਼ਣ ਕਰਨ ਦੇ ਗੰਭੀਰ ਦੋਸ਼ ਲੱਗੇ ਹਨ।
ਪੁਲਿਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਅਤੇ ਪੋਸਟਮਾਰਟਮ ਅਤੇ ਫੋਰੈਂਸਿਕ ਰਿਪੋਰਟ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।