ਆਪਣੀ ਕਠਿਨ ਮਿਹਨਤ ਅਤੇ ਲਗਨ ਸਦਕਾ ਬੇਗੋਵਾਲ ਦੀ ਹੋਣਹਾਰ ਧੀ ਜੈਸਮੀਨ ਕੌਰ ਨੇ ਜੱਜ ਬਣ ਕੇ ਨਾ ਸਿਰਫ਼ ਆਪਣਾ ਸੁਪਨਾ ਸਾਕਾਰ ਕੀਤਾ ਹੈ, ਸਗੋਂ ਆਪਣੇ ਪਰਿਵਾਰ ਅਤੇ ਪੂਰੇ ਇਲਾਕੇ ਦਾ ਨਾਮ ਵੀ ਰੌਸ਼ਨ ਕੀਤਾ ਹੈ। ਜੈਸਮੀਨ ਕੌਰ ਨੇ ਹਰਿਆਣਾ ਦੇ Kaithal ਵਿੱਚ ਬਤੌਰ ਜੱਜ ਅਹੁਦਾ ਸੰਭਾਲਿਆ ਹੈ, ਜਿਸ ਨਾਲ ਘਰ-ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਅਹੁਦਾ ਸੰਭਾਲਣ ਦੀ ਖ਼ਬਰ ਮਿਲਦੇ ਹੀ ਇਲਾਕੇ ਭਰ ਤੋਂ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਪਰਿਵਾਰ ਵੱਲੋਂ ਘਰ ਵਿੱਚ ਖ਼ੁਸ਼ੀ ਮਨਾਈ ਗਈ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਅਦਾ ਕੀਤਾ ਗਿਆ।
ਗੱਲਬਾਤ ਦੌਰਾਨ ਜੈਸਮੀਨ ਕੌਰ ਦੇ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਬਚਪਨ ਤੋਂ ਹੀ ਉੱਚੀਆਂ ਉਡਾਰੀਆਂ ਭਰਨ ਦਾ ਸੁਪਨਾ ਦੇਖਦੀ ਸੀ ਅਤੇ ਉਸਨੇ ਸਖ਼ਤ ਮਿਹਨਤ ਨਾਲ ਅੱਜ ਇਹ ਮਕਾਮ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਪਰਿਵਾਰ ਲਈ ਨਹੀਂ, ਸਗੋਂ ਪੂਰੇ ਇਲਾਕੇ ਲਈ ਮਾਣ ਦੀ ਗੱਲ ਹੈ।
ਸੁਖਵਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੀ ਧੀ ਪੂਰਨ ਗੁਰਸਿੱਖ ਹੈ ਅਤੇ ਉਹ ਆਪਣੇ ਅਹੁਦੇ ਦੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਨਿਭਾਵ ਨਾਲ ਅਦਾ ਕਰੇਗੀ।
ਇਸ ਮੌਕੇ ਸੁਖਵਿੰਦਰ ਸਿੰਘ, ਪਰਮਜੀਤ ਕੌਰ, ਪ੍ਰਧਾਨ ਦਲਜੀਤ ਕੌਰ, ਕੌਂਸਲਰ ਜਸਵਿੰਦਰ ਕੌਰ, ਕੁਲਦੀਪ ਕੁਮਾਰ ਬੱਬੂ, ਸੁਖਵਿੰਦਰ ਸਿੰਘ ਬਿੱਲਾ, ਸ਼੍ਰੀ ਮੇਘਰਾਜ ਸਮੇਤ ਕਸਬੇ ਦੇ ਕਈ ਪਤਵੰਤੇ ਵਿਅਕਤੀ ਮੌਜੂਦ ਰਹੇ ਅਤੇ ਪਰਿਵਾਰ ਨੂੰ ਵਧਾਈ ਦਿੱਤੀ।