ਅੰਮ੍ਰਿਤਸਰ ਵਿੱਚ ਨਸ਼ਿਆਂ ਖ਼ਿਲਾਫ਼ ਚਲ ਰਹੀ ਮੁਹਿੰਮ ਤਹਿਤ ਕਸਟਮ ਵਿਭਾਗ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਕਸਟਮ ਟੀਮ ਨੇ ਸਪਾਟ ਪ੍ਰੋਫਾਈਲਿੰਗ ਅਤੇ ਸਮਾਨ ਦੀ ਸਖ਼ਤ ਜਾਂਚ ਦੌਰਾਨ ਇੱਕ ਯਾਤਰੀ ਦੇ ਬੈਗ ਵਿੱਚੋਂ 1 ਕਿਲੋ 640 ਗ੍ਰਾਮ ਗਾਂਜਾ ਬਰਾਮਦ ਕੀਤਾ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੀਬ 1.64 ਕਰੋੜ ਰੁਪਏ ਆਂਕੀ ਗਈ ਹੈ।
ਸੰਬੰਧਿਤ ਯਾਤਰੀ ਬੈਂਕਾਕ ਤੋਂ ਫਲਾਈਟ ਨੰਬਰ SL-214 ਰਾਹੀਂ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ’ਤੇ ਪਹੁੰਚਿਆ ਸੀ। ਕਸਟਮ ਅਧਿਕਾਰੀਆਂ ਨੂੰ ਉਸਦੇ ਵਿਵਹਾਰ ’ਤੇ ਸ਼ੱਕ ਹੋਣ ਕਾਰਨ ਸਮਾਨ ਦੀ ਵਿਸਥਾਰ ਨਾਲ ਤਲਾਸ਼ੀ ਲਈ ਗਈ, ਜਿਸ ਦੌਰਾਨ ਬੈਗ ਦੇ ਅੰਦਰ ਲੁਕਾ ਕੇ ਰੱਖਿਆ ਗਾਂਜਾ ਬਰਾਮਦ ਹੋਇਆ।
ਕਸਟਮ ਅਧਿਕਾਰੀਆਂ ਨੇ ਤੁਰੰਤ ਆਰੋਪੀ ਯਾਤਰੀ ਨੂੰ ਹਿਰਾਸਤ ਵਿੱਚ ਲੈ ਕੇ NDPS ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਕਸਟਮ ਵਿਭਾਗ ਦਾ ਕਹਿਣਾ ਹੈ ਕਿ ਨਸ਼ਾ ਤਸਕਰੀ ਖ਼ਿਲਾਫ਼ ਲਗਾਤਾਰ ਕੜੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਹਾਲਤ ਵਿੱਚ ਅਜਿਹੇ ਅਪਰਾਧੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਫਿਲਹਾਲ ਪੁਲਿਸ ਅਤੇ ਕਸਟਮ ਟੀਮ ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਜਾਰੀ ਹੈ।