ਜਲੰਧਰ ਤੋਂ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਨਸ਼ੇ ਵਿੱਚ ਧੁੱਤ ਇਕ ਪਿਤਾ ਨੇ ਆਪਣੀ ਪੰਜ ਸਾਲਾ ਮਾਸੂਮ ਧੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਇਹ ਦਰਦਨਾਕ ਵਾਰਦਾਤ 3 ਫ਼ਰਵਰੀ ਨੂੰ ਜਲੰਧਰ ਦੇ ਦੂਰਦਰਸ਼ਨ ਇਨਕਲੇਵ ਇਲਾਕੇ ਵਿੱਚ ਵਾਪਰੀ।
ਮ੍ਰਿਤਕ ਬੱਚੀ ਦੀ ਪਹਿਚਾਣ ਨਿਹਾਰਿਕਾ ਵਜੋਂ ਹੋਈ ਹੈ। ਦੋਸ਼ੀ ਦੀ ਪਹਿਚਾਣ ਅਰਵਿੰਦਰ ਸਿੰਘ ਵਜੋਂ ਹੋਈ ਹੈ, ਜੋ ਛੱਤੀਸਗੜ੍ਹ ਦਾ ਰਹਿਣ ਵਾਲਾ ਹੈ ਅਤੇ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦਾ ਸੀ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਦਾਲਤ ਨੇ ਉਸਨੂੰ ਦੋ ਦਿਨਾਂ ਦੀ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਪੁਲਿਸ ਮੁਤਾਬਕ, ਘਟਨਾ ਦੇ ਸਮੇਂ ਨਿਹਾਰਿਕਾ ਦੀ ਮਾਂ ਕੰਮ ’ਤੇ ਗਈ ਹੋਈ ਸੀ ਅਤੇ ਬੱਚੀ ਘਰ ਵਿੱਚ ਆਪਣੇ ਪਿਤਾ ਦੇ ਨਾਲ ਸੀ, ਜੋ ਉਸ ਸਮੇਂ ਸ਼ਰਾਬ ਦੇ ਨਸ਼ੇ ਵਿੱਚ ਸੀ। ਦੁਪਹਿਰ ਲਗਭਗ 2:30 ਵਜੇ ਨਿਹਾਰਿਕਾ ਭੁੱਖ ਕਾਰਨ ਰੋਣ ਲੱਗ ਪਈ। ਬੱਚੀ ਦੀ ਰੋਹਣੀ ਆਵਾਜ਼ ਤੋਂ ਖਿੱਝ ਕੇ ਦੋਸ਼ੀ ਨੇ ਪਹਿਲਾਂ ਉਸਨੂੰ ਚੁੱਪ ਕਰਵਾਉਣ ਲਈ ਜ਼ਬਰਦਸਤੀ ਸ਼ਰਾਬ ਪਿਲਾਉਣ ਦੀ ਕੋਸ਼ਿਸ਼ ਕੀਤੀ।
ਜਦੋਂ ਬੱਚੀ ਹੋਰ ਵੀ ਜ਼ਿਆਦਾ ਰੋਣ ਲੱਗੀ, ਤਾਂ ਅਰਵਿੰਦਰ ਸਿੰਘ ਨੇ ਉਸਨੂੰ ਚੁੱਕ ਕੇ ਜ਼ਮੀਨ ’ਤੇ ਵਾਰ-ਵਾਰ ਪਟਕਿਆ। ਗੰਭੀਰ ਜ਼ਖ਼ਮੀ ਹੋਣ ਦੇ ਬਾਵਜੂਦ ਜਦੋਂ ਬੱਚੀ ਰੋ ਰਹੀ ਸੀ, ਤਾਂ ਦੋਸ਼ੀ ਨੇ ਉਸਦਾ ਗਲਾ ਘੋਟ ਕੇ ਕਤਲ ਕਰ ਦਿੱਤਾ। ਮਾਸੂਮ ਨਿਹਾਰਿਕਾ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਸ਼ਾਮ ਨੂੰ ਜਦੋਂ ਬੱਚੀ ਦੀ ਮਾਂ ਘਰ ਵਾਪਸ ਆਈ, ਤਾਂ ਉਸਨੇ ਆਪਣੀ ਇਕੱਲੀ ਧੀ ਦੀ ਲਾਸ਼ ਵੇਖ ਕੇ ਹੋਸ਼ ਗੁਆ ਬੈਠੀ। ਬੱਚੀ ਦੇ ਮਾਮੇ ਹਿੰਮਤ ਕੁਮਾਰ ਦੀ ਸ਼ਿਕਾਇਤ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਕਾਬੂ ਕਰ ਲਿਆ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਪਰਿਵਾਰ ਭਾਰੀ ਆਰਥਿਕ ਤੰਗੀ ਵਿੱਚ ਸੀ ਅਤੇ ਅਰਵਿੰਦਰ ਦੀ ਸ਼ਰਾਬ ਦੀ ਲਤ ਨੇ ਪੂਰੇ ਘਰ ਨੂੰ ਬਰਬਾਦ ਕਰ ਦਿੱਤਾ ਸੀ। ਪੁਲਿਸ ਵੱਲੋਂ ਮਾਮਲੇ ਦੀ ਡੂੰਘੀ ਜਾਂਚ ਜਾਰੀ ਹੈ।