ਅਰਬ ਸਾਗਰ ਵਿੱਚ ਤਣਾਅ ਉਸ ਵੇਲੇ ਵਧ ਗਿਆ, ਜਦੋਂ ਅਮਰੀਕੀ ਨੇਵੀ ਦੇ ਲੜਾਕੂ ਜਹਾਜ਼ ਨੇ ਇੱਕ ਇਰਾਨੀ ਡਰੋਨ ਨੂੰ ਮਾਰ ਗਿਰਾਇਆ। ਅਮਰੀਕੀ ਫੌਜ ਮੁਤਾਬਕ, ਇਹ ਡਰੋਨ ਯੂਐਸ ਨੇਵੀ ਦੇ ਏਅਰਕ੍ਰਾਫਟ ਕੈਰੀਅਰ USS ਅਬ੍ਰਾਹਮ ਲਿੰਕਨ ਵੱਲ ਵਧ ਰਿਹਾ ਸੀ ਅਤੇ ਉਸਦੀ ਨੀਅਤ ਸਪਸ਼ਟ ਨਹੀਂ ਸੀ।
ਫੌਜੀ ਬਿਆਨ ਅਨੁਸਾਰ, ਡਰੋਨ ਨੇ “ਹਮਲਾਵਰ ਢੰਗ ਨਾਲ” ਕੈਰੀਅਰ ਦੇ ਨੇੜੇ ਆਉਣ ਦੀ ਕੋਸ਼ਿਸ਼ ਕੀਤੀ ਅਤੇ ਅੰਤਰਰਾਸ਼ਟਰੀ ਪਾਣੀਆਂ ਵਿੱਚ ਅਮਰੀਕੀ ਫੌਜ ਵੱਲੋਂ ਤਣਾਅ ਘਟਾਉਣ ਲਈ ਕੀਤੇ ਗਏ ਕਦਮਾਂ ਦੇ ਬਾਵਜੂਦ ਆਪਣੀ ਦਿਸ਼ਾ ਨਹੀਂ ਬਦਲੀ। ਇਸ ਤੋਂ ਬਾਅਦ USS ਅਬ੍ਰਾਹਮ ਲਿੰਕਨ ਤੋਂ ਉੱਡੇ F-35C ਲੜਾਕੂ ਜਹਾਜ਼ ਨੇ ਸ਼ਾਹਦ-139 ਡਰੋਨ ਨੂੰ ਮਾਰ ਗਿਰਾਇਆ।
ਉਸ ਸਮੇਂ ਏਅਰਕ੍ਰਾਫਟ ਕੈਰੀਅਰ ਇਰਾਨ ਦੇ ਦੱਖਣੀ ਤਟ ਤੋਂ ਕਰੀਬ 800 ਕਿਲੋਮੀਟਰ ਦੂਰ ਮੌਜੂਦ ਸੀ। ਫੌਜ ਨੇ ਸਪਸ਼ਟ ਕੀਤਾ ਕਿ ਇਸ ਘਟਨਾ ਵਿੱਚ ਕੋਈ ਅਮਰੀਕੀ ਸੈਨਿਕ ਜ਼ਖ਼ਮੀ ਨਹੀਂ ਹੋਇਆ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਨੁਕਸਾਨ ਹੋਇਆ।
ਇਸ ਘਟਨਾ ਤੋਂ ਕੁਝ ਘੰਟੇ ਪਹਿਲਾਂ ਹੋਰਮੁਜ਼ ਦੀ ਖਾੜੀ ਵਿੱਚ ਵੀ ਤਣਾਅਪੂਰਨ ਸਥਿਤੀ ਬਣੀ, ਜਿੱਥੇ ਇਰਾਨੀ ਫੌਜ ਨੇ ਅਮਰੀਕੀ ਝੰਡੇ ਹੇਠ ਚੱਲ ਰਹੇ ਵਪਾਰਕ ਜਹਾਜ਼ ਨੂੰ ਤੰਗ ਕਰਨ ਦੀ ਕੋਸ਼ਿਸ਼ ਕੀਤੀ। ਬਾਅਦ ਵਿੱਚ ਵੀ, ਇਰਾਨੀ ਰਿਵੋਲੂਸ਼ਨਰੀ ਗਾਰਡਜ਼ ਵੱਲੋਂ ਇੱਕ ਹੋਰ ਵਪਾਰਕ ਟੈਂਕਰ ਨੂੰ ਨਿਸ਼ਾਨਾ ਬਣਾਇਆ ਗਿਆ। ਦੋ ਤੇਜ਼ ਰਫ਼ਤਾਰ ਕਿਸ਼ਤੀਆਂ ਅਤੇ ਇੱਕ ਡਰੋਨ ਜਹਾਜ਼ ਦੇ ਨੇੜੇ ਆਏ ਅਤੇ ਉਸਨੂੰ ਕਬਜ਼ੇ ‘ਚ ਲੈਣ ਦੀ ਧਮਕੀ ਦਿੱਤੀ ਗਈ।
ਇਸ ਸਭ ਦਰਮਿਆਨ, ਇਰਾਨ ਦੇ ਰਾਸ਼ਟਰਪਤੀ ਨੇ ਇਹ ਵੀ ਕਿਹਾ ਹੈ ਕਿ ਜੇ ਧਮਕੀਆਂ ਅਤੇ ਗੈਰ-ਵਾਜਬ ਸ਼ਰਤਾਂ ਤੋਂ ਮੁਕਤ ਮਾਹੌਲ ਹੋਵੇ, ਤਾਂ ਅਮਰੀਕਾ ਨਾਲ ਗੱਲਬਾਤ ਸ਼ੁਰੂ ਕਰਨ ਦੇ ਹੁਕਮ ਦਿੱਤੇ ਗਏ ਹਨ। ਉੱਥੇ ਹੀ, ਅਮਰੀਕੀ ਰਾਸ਼ਟਰਪਤੀ ਨੇ ਚੇਤਾਵਨੀ ਦਿੱਤੀ ਕਿ ਸਮਝੌਤਾ ਨਾ ਹੋਣ ਦੀ ਸਥਿਤੀ ‘ਚ ਗੰਭੀਰ ਨਤੀਜੇ ਨਿਕਲ ਸਕਦੇ ਹਨ, ਹਾਲਾਂਕਿ ਗੱਲਬਾਤ ਰਾਹੀਂ ਹੱਲ ਕੱਢਣ ਦੀ ਆਸ ਵੀ ਜਤਾਈ।
ਖੇਤਰ ਵਿੱਚ ਵਧਦੇ ਤਣਾਅ ਦੇ ਮੱਦੇਨਜ਼ਰ, ਅਮਰੀਕਾ ਵੱਲੋਂ ਪਹਿਲਾਂ ਹੀ ਏਅਰਕ੍ਰਾਫਟ ਕੈਰੀਅਰ ਸਟ੍ਰਾਇਕ ਗਰੁੱਪ ਮੱਧ ਪੂਰਬ ਭੇਜਿਆ ਗਿਆ ਹੈ।