ਲੀਬੀਆ ਦੇ ਸਾਬਕਾ ਤਾਨਾਸ਼ਾਹ ਮੁਆਮਰ ਗੱਦਾਫੀ ਦਾ ਪੁੱਤਰ ਅਤੇ ਵਿਵਾਦਿਤ ਸਿਆਸੀ ਚਿਹਰਾ ਸੈਫ ਅਲ-ਇਸਲਾਮ ਗੱਦਾਫੀ ਨੂੰ ਉਸਦੇ ਘਰ ਵਿੱਚ ਦਾਖਲ ਹੋ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸਉਦੀ ਮੀਡੀਆ ਸੰਸਥਾ ਅਲ ਅਰਬੀਆ ਮੁਤਾਬਕ, ਇਹ ਹਮਲਾ ਲੀਬੀਆ ਦੇ ਸ਼ਹਿਰ ਜ਼ਿੰਤਾਨ ਵਿੱਚ ਮੰਗਲਵਾਰ ਦੇਰ ਰਾਤ ਹੋਇਆ।
ਰਿਪੋਰਟਾਂ ਅਨੁਸਾਰ, ਚਾਰ ਹਥਿਆਰਬੰਦ ਹਮਲਾਵਰਾਂ ਨੇ ਪਹਿਲਾਂ ਘਰ ਦੇ ਸੁਰੱਖਿਆ ਕੈਮਰੇ ਨਾਕਾਰਾ ਬਣਾਏ ਅਤੇ ਫਿਰ ਸੈਫ ਅਲ-ਇਸਲਾਮ ਨੂੰ ਉਸਦੇ ਘਰ ਦੇ ਬਾਗ ਵਿੱਚ ਗੋਲੀਆਂ ਮਾਰ ਦਿੱਤੀਆਂ। ਹਮਲੇ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਸੈਫ ਅਲ-ਇਸਲਾਮ ਦੀ ਮੌਤ ਕਰੀਬ 2:30 ਵਜੇ ਸਵੇਰੇ (ਸਥਾਨਕ ਸਮਾਂ) ਹੋਈ। ਉਹ 53 ਸਾਲਾਂ ਦਾ ਸੀ।
ਸੈਫ ਅਲ-ਇਸਲਾਮ ਦੇ ਇਕ ਨਜ਼ਦੀਕੀ ਸਹਿਯੋਗੀ ਨੇ ਇਸ ਘਟਨਾ ਨੂੰ ਸੁਚੱਜੀ ਸਾਜ਼ਿਸ਼ ਤਹਿਤ ਕੀਤੀ ਗਈ ਹੱਤਿਆ ਦੱਸਿਆ ਹੈ। ਉਸਦੇ ਸਾਬਕਾ ਸਿਆਸੀ ਸਲਾਹਕਾਰ ਅਬਦੁੱਲਾਹ ਓਥਮਾਨ ਨੇ ਫੇਸਬੁੱਕ ਪੋਸਟ ਰਾਹੀਂ ਉਸਦੀ ਮੌਤ ਦੀ ਪੁਸ਼ਟੀ ਕੀਤੀ।
ਸੈਫ ਅਲ-ਇਸਲਾਮ ਗੱਦਾਫੀ ਕਦੇ ਆਪਣੇ ਪਿਤਾ ਦਾ ਉਤਰਾਧਿਕਾਰੀ ਮੰਨਿਆ ਜਾਂਦਾ ਸੀ। ਲੰਡਨ ਸਕੂਲ ਆਫ਼ ਇਕਨਾਮਿਕਸ ਤੋਂ ਪੜ੍ਹਿਆ-ਲਿਖਿਆ ਸੈਫ ਅਲ-ਇਸਲਾਮ ਪੱਛਮੀ ਦੇਸ਼ਾਂ ਨਾਲ ਲੀਬੀਆ ਦੇ ਰਿਸ਼ਤੇ ਸੁਧਾਰਨ ਵਿੱਚ ਅਹੰਮ ਭੂਮਿਕਾ ਨਿਭਾ ਚੁੱਕਾ ਸੀ। ਹਾਲਾਂਕਿ, 2011 ਦੀ ਬਗਾਵਤ ਦੌਰਾਨ ਉਸਨੇ ਆਪਣੇ ਪਿਤਾ ਦਾ ਸਾਥ ਦਿੱਤਾ, ਜਿਸ ਕਾਰਨ ਉਸਦੀ ਛਵੀ ਪੂਰੀ ਤਰ੍ਹਾਂ ਬਦਲ ਗਈ।
2011 ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਉਹ ਕਈ ਸਾਲਾਂ ਤੱਕ ਕੈਦ ਅਤੇ ਫਿਰ ਲੁਕਣ-ਛਿਪਣ ਦੀ ਜ਼ਿੰਦਗੀ ਜੀਉਂਦਾ ਰਿਹਾ। 2021 ਵਿੱਚ ਰਾਸ਼ਟਰਪਤੀ ਚੋਣਾਂ ਲੜਨ ਦੀ ਕੋਸ਼ਿਸ਼ ਨਾਲ ਉਹ ਮੁੜ ਚਰਚਾ ਵਿੱਚ ਆਇਆ, ਪਰ ਉਸਦੀ ਉਮੀਦਵਾਰੀ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋ ਗਿਆ ਅਤੇ ਆਖ਼ਿਰਕਾਰ ਚੋਣ ਪ੍ਰਕਿਰਿਆ ਹੀ ਠੱਪ ਹੋ ਗਈ।
ਸੈਫ ਅਲ-ਇਸਲਾਮ ਦੀ ਹੱਤਿਆ ਨਾਲ ਲੀਬੀਆ ਦੀ ਪਹਿਲਾਂ ਹੀ ਅਸਥਿਰ ਸਿਆਸਤ ਵਿੱਚ ਨਵਾਂ ਮੋੜ ਆ ਸਕਦਾ ਹੈ ਅਤੇ ਦੇਸ਼ ਵਿੱਚ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜੇ ਹੋ ਗਏ ਹਨ।