ਕਿਸਾਨ ਮਜ਼ਦੂਰ ਮੋਰਚਾ (KMM) ਪੰਜਾਬ ਚੈਪਟਰ ਵੱਲੋਂ ਸਰਕਾਰ ਖ਼ਿਲਾਫ਼ ਵੱਡੇ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ। ਇਸ ਤਹਿਤ 5 ਫਰਵਰੀ ਨੂੰ ਪੰਜਾਬ ਭਰ ਵਿੱਚ ਇੱਕ ਦਿਨ ਦਾ ਧਰਨਾ ਲਗਾ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਜਾਵੇਗਾ। KMM ਦੇ ਆਗੂਆਂ ਨੇ ਦੱਸਿਆ ਕਿ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਸਮੇਤ 6 ਕੈਬਨਿਟ ਮੰਤਰੀਆਂ ਅਤੇ 21 ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ।
ਆਗੂਆਂ ਮੁਤਾਬਕ ਧਰਨਿਆਂ ਦੌਰਾਨ ਵੱਡੇ ਇਕੱਠ ਕੀਤੇ ਜਾਣਗੇ ਅਤੇ ਕਈ ਮਤੇ ਪਾਸ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਦੀ ਆੜ ਵਿੱਚ ਆਮ ਨੌਜਵਾਨਾਂ ਅਤੇ ਗੈਂਗਸਟਰਾਂ ਦੇ ਬੇਦੋਸ਼ ਰਿਸ਼ਤੇਦਾਰਾਂ ਨਾਲ ਹੋ ਰਹੇ ਗੈਰ-ਮਨੁੱਖੀ ਤਸ਼ੱਦਦ ਅਤੇ ਮਾਨਸਿਕ ਤੰਗੀ ਨੂੰ ਤੁਰੰਤ ਬੰਦ ਕੀਤਾ ਜਾਵੇ।
ਇਸ ਤੋਂ ਇਲਾਵਾ KMM ਨੇ ਮੰਗ ਕੀਤੀ ਕਿ ਨਸ਼ੇ ਦੇ ਪੀੜਤ ਨੌਜਵਾਨਾਂ ਦਾ ਇਲਾਜ ਕਰਵਾ ਕੇ ਉਨ੍ਹਾਂ ਦੀ ਸਮਾਜ ਵਿੱਚ ਮੁੜ ਵਸਾਹੀ ਕੀਤੀ ਜਾਵੇ। ਨਾਲ ਹੀ ਵੱਡੇ ਨਸ਼ਾ ਮਾਫੀਆ, ਰਾਜਨੀਤਿਕ ਆਗੂਆਂ ਅਤੇ ਪੁਲਿਸ ਅਧਿਕਾਰੀਆਂ ਦੇ ਗਠਜੋੜ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ ਅਤੇ ਕੇਂਦਰ ਸਰਕਾਰ ਸਰਹੱਦ ਪਾਰੋਂ ਡਰੋਨਾਂ ਰਾਹੀਂ ਆ ਰਹੇ ਨਸ਼ੇ ‘ਤੇ ਰੋਕ ਲਗਾਏ।
ਆਗੂਆਂ ਨੇ ਕੇਂਦਰੀ ਬਜਟ ਨੂੰ ਕਾਰਪੋਰੇਟ ਪੱਖੀ ਦੱਸਦਿਆਂ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ਅਤੇ ਆਮ ਜਨਤਾ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਖਾਦਾਂ ‘ਤੇ ਸਬਸਿਡੀ ਘਟਾਉਣ ਸਮੇਤ ਲੋਕ ਵਿਰੋਧੀ ਫ਼ੈਸਲਿਆਂ ਖ਼ਿਲਾਫ਼ ਕੇਂਦਰ ਅਤੇ ਪੰਜਾਬ ਸਰਕਾਰ ਦੀ ਨਿੰਦਾ ਮਤੇ ਪਾਸ ਕਰਕੇ ਕੀਤੀ ਜਾਵੇਗੀ।
ਕਿਸਾਨ ਮਜ਼ਦੂਰ ਮੋਰਚੇ ਦੀਆਂ ਮੁੱਖ ਮੰਗਾਂ
-
ਸ਼ੰਭੂ-ਖਨੌਰੀ ਅੰਦੋਲਨ ਦੌਰਾਨ 3 ਕਰੋੜ 77 ਲੱਖ ਰੁਪਏ ਦਾ ਮੁਆਵਜ਼ਾ
-
MSP ਨੂੰ ਕਾਨੂੰਨੀ ਗਾਰੰਟੀ
-
ਕਿਸਾਨਾਂ ਤੇ ਮਜ਼ਦੂਰਾਂ ਦੀ ਕਰਜ਼ਾ ਮੁਕਤੀ
-
ਅੰਦੋਲਨ ‘ਚ ਜ਼ਖ਼ਮੀਆਂ ਤੇ ਸ਼ਹੀਦਾਂ ਨੂੰ ਮੁਆਵਜ਼ਾ ਤੇ ਨੌਕਰੀਆਂ
-
ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ
-
ਹੜਾਂ ਨਾਲ ਹੋਏ ਨੁਕਸਾਨ ਦਾ ਬਕਾਇਆ ਮੁਆਵਜ਼ਾ
-
ਬਿਜਲੀ ਸੋਧ ਬਿਲ 2025, ਬੀਜ ਐਕਟ 2025 ਅਤੇ ਫ਼ਰੀ ਟਰੇਡ ਐਗਰੀਮੈਂਟਾਂ ‘ਚੋਂ ਖੇਤੀ ਨੂੰ ਬਾਹਰ ਰੱਖਿਆ ਜਾਵੇ
-
ਸਮਾਰਟ/ਪ੍ਰੀਪੇਡ ਮੀਟਰ ਜ਼ਬਰਦਸਤੀ ਲਗਾਉਣ ਬੰਦ
-
ਪਰਾਲੀ ਮਾਮਲੇ ‘ਚ ਕੇਸ ਤੇ ਜੁਰਮਾਨੇ ਵਾਪਸ
-
ਯੂਰੀਆ ਖਾਦ ਦੀ ਕਮੀ ਦੂਰ ਕਰਨਾ ਅਤੇ ਬਲੈਕ ਮਾਰਕੀਟਿੰਗ ਰੋਕਣਾ
-
ਗੰਨੇ ਦੀ ਚੱਲ ਰਹੀ ਸੀਜ਼ਨ ਦੀ ਬਕਾਇਆ ਪੇਮੈਂਟ ਜਾਰੀ ਕਰਨੀ
KMM ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਜੇ ਸਰਕਾਰ ਨੇ ਮੰਗਾਂ ‘ਤੇ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤੀਖ਼ਾ ਕੀਤਾ ਜਾਵੇਗਾ।